ਪ੍ਰਿੰ. ਅਨਿਲ ਜੋਸ਼ੀ ਦਾ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸਨਮਾਨ ਰਾਜ ਪੁਰਸਕਾਰ ਵਿਜੇਤਾ ਪ੍ਰਿੰ. ਅਨਿਲ ਜੋਸ਼ੀ ਦਾ ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਨੇ ਕੀਤਾ ਸਨਮਾਨ
Publish Date: Tue, 06 Oct 2026 04:32 PM (IST)
Updated Date: Tue, 06 Oct 2026 04:35 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਿੱਖਿਆ ਦੇ ਖੇਤਰ ’ਚ ਸ਼ਾਨਦਾਰ ਸੇਵਾਵਾਂ ਅਤੇ ਪ੍ਰਾਪਤੀਆਂ ਲਈ ਰਾਜ ਪੁਰਸਕਾਰ ਜੇਤੂ ਪੀਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕਾਹਨਪੁਰ ਖੂਹੀ ਦੇ ਪ੍ਰਿੰਸੀਪਲ ਅਨਿਲ ਕੁਮਾਰ ਜੋਸ਼ੀ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਜ਼ਿਲ੍ਹਾਂ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰਿੰਸੀਪਲ ਅਨਿਲ ਜੋਸ਼ੀ ਨੂੰ ਸੰਸਥਾ ਦੀ ਤਰਫੋਂ ਸਨਮਾਨ ਚਿੰਨ ਭੇਟ ਕਰਕੇ ਨਿਵਾਜਿਆ ਅਤੇ ਰਾਜ ਪੁਰਸਕਾਰ ਪ੍ਰਾਪਤ ਕਰਨ ’ਤੇ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਜ਼ਿਲਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰਿੰਸੀਪਲ ਅਨਿਲ ਜੋਸ਼ੀ ਦੀਆਂ ਸਿੱਖਿਆ ਦੇ ਖੇਤਰ ’ਚ ਕੀਤੀਆਂ ਉਪਲਬਧੀਆਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੀ ਮਿਹਨਤ, ਸਮਰਪਣ ਅਤੇ ਅਗਵਾਈ ਨਾਲ ਸਕੂਲ ਅਤੇ ਵਿਦਿਆਰਥੀਆਂ ਦੀ ਤਰੱਕੀ ’ਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਪ੍ਰਿੰਸੀਪਲ ਅਨਿਲ ਜੋਸ਼ੀ ਨੂੰ ਸਮਰਪਿਤ ਸਿੱਖਿਆ ਅਧਿਕਾਰੀ ਅਤੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਅਧਿਆਪਕ ਦੱਸਿਆ। ਜ਼ਿਕਰਯੋਗ ਹੈ ਕਿ ਪ੍ਰਿੰਸੀਪਲ ਅਨਿਲ ਜੋਸ਼ੀ ਦੇ ਕਾਰਜਕਾਲ ਦੌਰਾਨ ਸਕੂਲ ਨੇ ਕਈ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਜ਼ਿਲ੍ਹੇ ’ਚ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 10 ਲੱਖ ਰੁਪਏ ਦਾ ਇਨਾਮ ਹਾਸਲ ਕੀਤਾ। ਇਸ ਤੋਂ ਇਲਾਵਾ ਸਾਲ 2019 ’ਚ ਇਹ ਜ਼ਿਲ੍ਹੇ ਦਾ ਪਹਿਲਾ ਸਮਾਰਟ ਸਕੂਲ ਬਣਨ ਦਾ ਮਾਣ ਹਾਸਲ ਕਰ ਚੁੱਕਾ ਹੈ। ਸਾਲ 2025 ’ਚ ਸਕੂਲ ਨੂੰ ਜ਼ਿਲ੍ਹੇ ਦਾ ਬੈਸਟ ਪੀਐਮ ਸ਼੍ਰੀ ਸਕੂਲ ਘੋਸ਼ਿਤ ਕੀਤਾ ਗਿਆ। ਉਨ੍ਹਾਂ ਦੇ ਕਾਰਜਕਾਲ ਦੌਰਾਨ ਸਕੂਲ ਦੇ 4 ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆਵਾਂ ਦੀ ਮੈਰਿਟ ਸੂਚੀ ’ਚ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸੇ ਤਰ੍ਹਾਂ ਵੱਖ-ਵੱਖ ਵਜ਼ੀਫ਼ਾ ਪ੍ਰੀਖਿਆਵਾਂ ’ਚ 52 ਵਿਦਿਆਰਥੀਆਂ ਨੇ ਮੱਲਾਂ ਮਾਰ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਪ੍ਰਿੰਸੀਪਲ ਅਨਿਲ ਜੋਸ਼ੀ ਇਸ ਸਮੇਂ ਏਸੀਆਰ ਅਤੇ ਪੀਐਮ ਸ਼੍ਰੀ ਦੇ ਜ਼ਿਲਾ ਨੋਡਲ ਅਫ਼ਸਰ ਵਜੋਂ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਪ੍ਰਿੰਸੀਪਲ ਅਨਿਲ ਜੋਸ਼ੀ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਭਵਿੱਖ ’ਚ ਵੀ ਸਮਾਜ ਦੀ ਤਰੱਕੀ ’ਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਸੰਸਥਾ ਦੇ ਸਾਬਕਾ ਪ੍ਰਧਾਨ ਸੰਜੀਵ ਭੰਡਾਰੀ, ਪ੍ਰਿੰ. ਬਰਿੰਦਰ ਸ਼ਰਮਾ, ਸ਼ਸ਼ੀਕਾਂਤ ਚੰਦਨ, ਨੀਰਜ ਬਜਰੂੜ, ਰਾਜੀਵ ਮਾਲੀਆ, ਸੁਰਜੀਤ ਖੱਟੜਾ, ਅਸ਼ੋਕ ਚੌਧਰੀ, ਡਾ . ਰਾਕੇਸ਼ ਰਾਣਾ, ਸੰਜੀਵ ਭਾਰਦਵਾਜ ਤੇ ਅਮਨ ਚੱਢਾ ਸਹਿਤ ਸੰਸਥਾ ਦੇ ਹੋਰ ਮੈਂਬਰ ਹਾਜ਼ਰ ਸਨ।