ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਸਰਕਾਰੀ ਹਸਪਤਾਲ ਲਈ 2.81 ਕਰੋੜ ਦੀ ਗਰਾਂਟ ਮਨਜ਼ੂਰ ਵਿਧਾਇਕ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਸਰਕਾਰੀ ਹਸਪਤਾਲ ਸਿੰਘਪੁਰ ਲਈ 2.81 ਕਰੋੜ ਦੀ ਗਰਾਂਟ ਮਨਜ਼ੂਰ
Publish Date: Tue, 06 Oct 2026 04:15 PM (IST)
Updated Date: Tue, 06 Oct 2026 04:17 PM (IST)
ਹਸਪਤਾਲ ਦੀ ਰੈਨੋਵੇਸ਼ਨ, ਇਲੈਕਟ੍ਰੀਕਲ ਕੰਮ ’ਤੇ ਹੋਰ ਜ਼ਰੂਰੀ ਸੁਧਾਰਾਂ ’ਤੇ ਖਰਚੀ ਜਾਵੇਗੀ ਰਾਸ਼ੀ : ਦਿਨੇਸ਼ ਚੱਢਾ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਸਰਕਾਰੀ ਹਸਪਤਾਲ ਸਿੰਘਪੁਰ ਦੀਆਂ ਸਿਹਤ ਸਹੂਲਤਾਂ ’ਚ ਹੋਰ ਵਾਧਾ ਕਰਨ ਲਈ 2 ਕਰੋੜ 81 ਲੱਖ 63 ਹਜ਼ਾਰ ਰੁਪਏ ਦੀ ਗ੍ਰਾਂਟ ਰਾਸ਼ੀ ਮਨਜ਼ੂਰ ਹੋਈ ਹੈ। ਵਿਧਾਇਕ ਦਿਨੇਸ਼ ਚੱਢਾ ਨੇ ਅੱਜ ਨਿੱਜੀ ਤੌਰ ’ਤੇ ਸਰਕਾਰੀ ਹਸਪਤਾਲ ਸਿੰਘਪੁਰ ਦਾ ਦੌਰਾ ਕਰਕੇ ਮਨਜ਼ੂਰ ਹੋਈ ਗਰਾਂਟ ਦਾ ਪੱਤਰ ਐਸ.ਐਮ.ਓ. ਡਾ. ਹਰਪ੍ਰੀਤ ਕੌਰ ਨੂੰ ਸੌਂਪਿਆ। ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਹਸਪਤਾਲ ਦਾ ਵਿਸਥਾਰ ਨਾਲ ਦੌਰਾ ਕਰਦਿਆਂ ਵੱਖ-ਵੱਖ ਵਾਰਡਾਂ ਅਤੇ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਹਸਪਤਾਲ ’ਚ ਇਲਾਜ ਕਰਵਾ ਰਹੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਹਸਪਤਾਲ ਦੇ ਡਾਕਟਰਾਂ ਅਤੇ ਸਮੁੱਚੇ ਸਟਾਫ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਵਿਧਾਇਕ ਨੇ ਕਿਹਾ ਕਿ ਸਰਕਾਰੀ ਹਸਪਤਾਲ ਸਿੰਘਪੁਰ ਇਲਾਕੇ ਦੇ ਲੋਕਾਂ ਲਈ ਸਿਹਤ ਸੇਵਾਵਾਂ ਦਾ ਅਹਿਮ ਕੇਂਦਰ ਹੈ ਅਤੇ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ’ਚ ਬਿਹਤਰ, ਆਧੁਨਿਕ ’ਤੇ ਮਿਆਰੀ ਇਲਾਜ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਨਵੀਂ ਮਨਜ਼ੂਰ ਹੋਈ 2.81 ਕਰੋੜ ਰੁਪਏ ਤੋਂ ਵੱਧ ਦੀ ਗ੍ਰਾਂਟ ਨਾਲ ਹਸਪਤਾਲ ਦੀ ਰੈਨੋਵੇਸ਼ਨ, ਇਲੈਕਟ੍ਰੀਕਲ ਕੰਮ ਸਮੇਤ ਹੋਰ ਵੱਖ-ਵੱਖ ਜ਼ਰੂਰੀ ਕੰਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧੀਆ ਮਾਹੌਲ ਦੇਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਐਸਐਮਓ. ਡਾ. ਹਰਪ੍ਰੀਤ ਕੌਰ ਅਤੇ ਸਮੁੱਚੇ ਸਟਾਫ ਨੇ ਹਸਪਤਾਲ ਦੀਆਂ ਸਹੂਲਤਾਂ ਵਿੱਚ ਲਗਾਤਾਰ ਸੁਧਾਰ ਕਰਨ ਅਤੇ ਨਵੀਂ ਗਰਾਂਟ ਮੁਹੱਈਆ ਕਰਵਾਉਣ ਲਈ ਵਿਧਾਇਕ ਦਿਨੇਸ਼ ਚੱਢਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਗਰਾਂਟ ਨਾਲ ਹਸਪਤਾਲ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ। ਇਸ ਮੌਕੇ ਐਸ.ਐਮ.ਓ. ਡਾ. ਹਰਪ੍ਰੀਤ ਕੌਰ, ਡਾ. ਸਚਿਨ ਵਰਧਨ, ਡਾ. ਮਨੋਜ ਕੁਮਾਰ, ਦੀਪਕ ਪੁਰੀ ਮੈਂਬਰ ਰੋਗੀ ਕਲਿਆਣ ਸਮਿਤੀ, ਬਲਵੀਰ ਟੇਢੇਵਾਲ, ਨੰਬਰਦਾਰ ਮਹਿੰਦਰ ਪਾਲ ਰਾਮਪੁਰ ਕਲਾ, ਰਵਿੰਦਰ ਸਿੰਘਪੁਰ ਅਤੇ ਹਸਪਤਾਲ ਦਾ ਸਮੁੱਚਾ ਸਟਾਫ ਹਾਜ਼ਰ ਸੀ।