ਖਾਲਸਾ ਕਾਲਜ ਵਿਖੇ 7 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਅੱਜ ਤੋਂ ਖਾਲਸਾ ਕਾਲਜ ਵਿਖੇ 7 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਅੱਜ ਤੋਂ ਸ਼ੁਰੂ
Publish Date: Tue, 06 Oct 2026 04:02 PM (IST)
Updated Date: Tue, 06 Oct 2026 04:05 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਦੀ ਟ੍ਰੇਨਿੰਗ ਐਂਡ ਲਰਨਿੰਗ ਅਕੈਡਮੀ (ਏ.ਟੀ.ਏ.ਐਲ.) ਤਹਿਤ ਸੱਤ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਅੱਜ ਤੋਂ ਹੋਵੇਗੀ। ਇਹ ਪ੍ਰੋਗਰਾਮ 7 ਅਕਤੂਬਰ ਤੋਂ 13 ਅਕਤੂਬਰ ਤੱਕ ਚੱਲੇਗਾ। ‘ਐਜੂਕੇਟਰਜ਼ ਨੂੰ ਏ. ਆਈ. ਟੂਲਜ਼ ਅਤੇ ਸਾਈਬਰ ਸੇਫਟੀ ਰਾਹੀਂ ਸਮਾਰਟ ਡਿਜੀਟਲ ਇੰਡੀਆ ਲਈ ਸਮਰੱਥ ਬਣਾਉਣਾ’ ਵਿਸ਼ੇ ’ਤੇ ਆਧਾਰਿਤ ਇਸ ਪ੍ਰੋਗਰਾਮ ’ਚ ਦੇਸ਼ ਭਰ ਤੋਂ ਕਰੀਬ 60 ਅਧਿਆਪਕ ਹਿੱਸਾ ਲੈਣਗੇ। ਪ੍ਰੋਗਰਾਮ ਦੌਰਾਨ ਕੰਪਿਊਟਰ ਦੀਆਂ ਨਵੀਆਂ ਤਕਨੀਕਾਂ, ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਿੱਖਿਆ ਖੇਤਰ ’ਚ ਉਪਯੋਗ, ਆਧੁਨਿਕ ਏ.ਆਈ. ਸਾਧਨਾਂ, ਸਾਈਬਰ ਸੁਰੱਖਿਆ ਅਤੇ ਡਿਜੀਟਲ ਤਕਨਾਲੋਜੀ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਨੂੰ ਦੇਸ਼ ਪੱਧਰੀ ਸੱਤ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਉੱਚ ਕੋਟੀ ਦੇ ਵਿਸ਼ਾ ਮਾਹਿਰਾਂ ਵੱਲੋਂ ਦਿੱਤੇ ਜਾਣ ਵਾਲੇ ਲੈਕਚਰਾਂ ਦਾ ਲਾਭ ਅਧਿਆਪਕਾਂ ਦੇ ਨਾਲ-ਨਾਲ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਵੀ ਮਿਲੇਗਾ। ਵਿਭਾਗ ਦੇ ਮੁਖੀ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਾਲ 2026-27 ਲਈ ਏ.ਆਈ.ਸੀ.ਟੀ.ਈ. ਵੱਲੋਂ ਕਰਵਾਏ ਜਾ ਰਹੇ ਆਫਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਪੂਰੇ ਭਾਰਤ ਵਿੱਚੋਂ ਲਗਭਗ 2700 ਵਿਦਿਅਕ ਅਦਾਰਿਆਂ ਵੱਲੋਂ ਪ੍ਰਸਤਾਵ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ ਕੇਵਲ 379 ਪ੍ਰਸਤਾਵਾਂ ਨੂੰ ਮਨਜ਼ੂਰੀ ਮਿਲੀ ਹੈ। ਪੰਜਾਬ ਵਿੱਚੋਂ ਸਿਰਫ਼ ਤਿੰਨ ਸੰਸਥਾਵਾਂ ਦੇ ਪ੍ਰਸਤਾਵ ਪ੍ਰਵਾਨ ਹੋਏ ਹਨ। ਉਨ੍ਹਾਂ ਦੱਸਿਆ ਕਿ ਐੱਸ.ਜੀ.ਪੀ.ਸੀ. ਦੇ ਪ੍ਰਬੰਧ ਅਧੀਨ ਚੱਲ ਰਹੇ ਕਾਲਜਾਂ ਵਿੱਚੋਂ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨੂੰ ਹੀ ਇਸ ਪ੍ਰੋਗਰਾਮ ਲਈ ਮਨਜ਼ੂਰੀ ਮਿਲੀ ਹੈ। ਇਸ ਦੌਰਾਨ ਦੇਸ਼ ਦੀਆਂ ਵੱਖ-ਵੱਖ ਆਈਆਈਟੀਜ਼, ਯੂਨੀਵਰਸਿਟੀਆਂ ਅਤੇ ਪ੍ਰਮੁੱਖ ਕਾਲਜਾਂ ਤੋਂ ਵਿਸ਼ਾ ਮਾਹਿਰ ਵਿਸ਼ੇਸ਼ ਲੈਕਚਰ ਦੇਣ ਲਈ ਪਹੁੰਚਣਗੇ।