ਸਰਵਿੰਗ ਹੈਂਡਸ ਵੈਲਫੇਅਰ ਸੁਸਾਇਟੀ ਤੇ ਬਲੱਡ ਡੋਨਰਜ਼ ਟੀਮ ਬਣੀ ਸੇਤੂ ਸਰਵਿੰਗ ਹੈਂਡਸ ਵੈਲਫੇਅਰ ਸੁਸਾਇਟੀ ’ਤੇ ਬਲੱਡ ਡੋਨਰਜ਼ ਟੀਮ ਸੈਣੀ ਮਾਜਰਾ ਬਣੇ ਮਨੁੱਖਤਾ ਦੀ ਸੇਵਾ ਦਾ ਸੇਤੂ
Publish Date: Tue, 06 Oct 2026 03:58 PM (IST)
Updated Date: Tue, 06 Oct 2026 03:59 PM (IST)
ਹਰ ਮਹੀਨੇ 30 ਤੋਂ 40 ਯੂਨਿਟ ਖੂਨ ਲੋੜਵੰਦਾਂ ਤੱਕ ਪਹੁੰਚਾਉਣ ਦਾ ਉਪਰਾਲਾ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਕਿਸੇ ਦੀਆਂ ਰਗਾਂ ’ਚ ਦੌੜਦਾ ਖੂਨ ਜਦੋਂ ਕਿਸੇ ਹੋਰ ਦੀ ਜ਼ਿੰਦਗੀ ਦੀ ਡੋਰ ਮਜ਼ਬੂਤ ਕਰਨ ਦਾ ਸਾਧਨ ਬਣ ਜਾਵੇ ਤਾਂ ਇਸ ਤੋਂ ਵੱਡੀ ਮਨੁੱਖੀ ਸੇਵਾ ਹੋਰ ਕੀ ਹੋ ਸਕਦੀ ਹੈ। ਇਸੇ ਸੋਚ ਨੂੰ ਆਪਣੇ ਦਿਲਾਂ ’ਚ ਵਸਾ ਕੇ ਸਰਵਿੰਗ ਹੈਂਡਸ ਵੈਲਫੇਅਰ ਸੁਸਾਇਟੀ ਅਤੇ ਬਲੱਡ ਡੋਨਰਜ਼ ਟੀਮ ਸੈਣੀ ਮਾਜਰਾ ਵੱਲੋਂ ਖੂਨਦਾਨ ਦੀ ਮੁਹਿੰਮ ਨੂੰ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ। ਸੰਸਥਾ ਵੱਲੋਂ ਸਮੇਂ-ਸਮੇਂ ’ਤੇ ਖੂਨਦਾਨ ਕੈਂਪ ਲਗਾਉਣ ਦੇ ਨਾਲ-ਨਾਲ ਐਮਰਜੈਂਸੀ ਮੌਕੇ ਵੱਖ-ਵੱਖ ਹਸਪਤਾਲਾਂ ’ਚ ਇਲਾਜ ਅਧੀਨ ਲੋੜਵੰਦ ਮਰੀਜ਼ਾਂ ਲਈ ਖੂਨ ਦਾ ਪ੍ਰਬੰਧ ਕੀਤਾ ਜਾਂਦਾ ਹੈ। ਟੀਮ ਵੱਲੋਂ ਹਰ ਮਹੀਨੇ ਲਗਭਗ 30 ਤੋਂ 40 ਯੂਨਿਟ ਖੂਨ ਵੱਖ-ਵੱਖ ਹਸਪਤਾਲਾਂ ’ਚ ਲੋੜਵੰਦ ਮਰੀਜ਼ਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਐਮਰਜੈਂਸੀ ਦੇ ਪਲਾਂ ’ਚ ਟੀਮ ਦੇ ਖੂਨਦਾਨੀ ਤੁਰੰਤ ਅੱਗੇ ਆ ਕੇ ਆਪਣਾ ਫਰਜ਼ ਨਿਭਾਉਂਦੇ ਹਨ। ਹਾਲ ਹੀ ’ਚ ਏਮਜ਼ ਬਿਲਾਸਪੁਰ ਵਿਖੇ ਐਮਰਜੈਂਸੀ ਆਪ੍ਰੇਸ਼ਨ ਲਈ ਰੋਹਿਤ ਸਿੰਘ ਵਾਸੀ ਸਮੁੰਦੜੀਆਂ, ਮਾਸਟਰ ਗੁਰਮੁਖ ਸਿੰਘ ਵਾਸੀ ਨਲਹੋਟੀ ਅਤੇ ਅਰਵਿੰਦ ਕੁਮਾਰ ਵੱਲੋਂ ਹਸਪਤਾਲ ਪਹੁੰਚ ਕੇ ਖੂਨਦਾਨ ਕੀਤਾ ਗਿਆ। ਇਸ ਉਪਰਾਲੇ ਲਈ ਟੀਮ ਵੱਲੋਂ ਖੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਹੇਮੰਤ ਸੈਣੀ, ਹਰਮੇਸ਼ ਸੈਣੀ, ਮੁਨੀਸ਼ ਰੀਹਲ, ਤਜਿੰਦਰ ਸਿੰਘ, ਹਰਦੀਪ ਸੀ.ਏ., ਸੰਜੀਵ ਕੁਮਾਰ ਮੋਠਾਪੁਰ, ਜੋਗਿੰਦਰ ਪਾਲ ਅਤੇ ਰੋਹਿਤ ਸੈਣੀ ਨੇ ਕਿਹਾ ਕਿ ਖੂਨਦਾਨ ਸਿਰਫ਼ ਦਾਨ ਨਹੀਂ, ਸਗੋਂ ਕਿਸੇ ਅਣਜਾਣ ਵਿਅਕਤੀ ਲਈ ਜ਼ਿੰਦਗੀ ਦੀ ਉਮੀਦ ਬਣਨ ਦਾ ਨਾਮ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਵਿੱਚ ਸਮੇਂ ਸਿਰ ਮਿਲਣ ਵਾਲਾ ਖੂਨ ਕਿਸੇ ਮਰੀਜ਼ ਦੀ ਜ਼ਿੰਦਗੀ ਬਚਾਉਣ ’ਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਦਾ ਉਦੇਸ਼ ਖੂਨਦਾਨ ਦੀ ਸੇਵਾ ਨੂੰ ਹਰ ਪਿੰਡ ਅਤੇ ਹਰ ਵਰਗ ਤੱਕ ਪਹੁੰਚਾਉਣਾ ਹੈ। ਇਸ ਲਈ ਖਾਸ ਤੌਰ ’ਤੇ ਨੌਜਵਾਨਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾ ਰਿਹਾ ਹੈ, ਤਾਂ ਜੋ ਲੋੜ ਦੀ ਘੜੀ ’ਚ ਕਿਸੇ ਪਰਿਵਾਰ ਨੂੰ ਖੂਨ ਲਈ ਭਟਕਣਾ ਨਾ ਪਵੇ। ਟੀਮ ਦੇ ਮੈਂਬਰਾਂ ਨੇ ਇਲਾਕੇ ਦੇ ਤੰਦਰੁਸਤ ਨੌਜਵਾਨਾਂ, ਸਮਾਜਸੇਵੀਆਂ ਅਤੇ ਖੂਨਦਾਨ ਕਰਨ ਦੇ ਯੋਗ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ’ਚ ਇਸ ਮੁਹਿੰਮ ਨਾਲ ਜੁੜਨ ਅਤੇ ਆਪਣਾ ਨਾਮ ਖੂਨਦਾਨੀਆਂ ਦੀ ਸੂਚੀ ’ਚ ਦਰਜ ਕਰਵਾਉਣ। ਖੂਨਦਾਨ, ਕਿਸੇ ਲਈ ਜ਼ਿੰਦਗੀ ਦੀ ਨਵੀਂ ਉਮੀਦ..! ਖੂਨ ਦੀ ਇੱਕ ਬੂੰਦ ਕਿਸੇ ਲਈ ਜ਼ਿੰਦਗੀ ਦੀ ਡੋਰ ਬਣ ਸਕਦੀ ਹੈ। ਹਸਪਤਾਲ ’ਚ ਜਦੋਂ ਕੋਈ ਮਰੀਜ਼ ਜ਼ਿੰਦਗੀ ਦੀ ਜੰਗ ਲੜ ਰਿਹਾ ਹੁੰਦਾ ਹੈ, ਉਸ ਵੇਲੇ ਖੂਨਦਾਨੀ ਵੱਲੋਂ ਦਿੱਤਾ ਗਿਆ ਖੂਨ ਉਸ ਦੇ ਪਰਿਵਾਰ ਲਈ ਆਸ ਦੀ ਕਿਰਨ ਬਣ ਜਾਂਦਾ ਹੈ। ਕਿਸੇ ਮਾਂ ਦੀ ਗੋਦ, ਕਿਸੇ ਪਿਤਾ ਦੀ ਉਮੀਦ ਅਤੇ ਕਿਸੇ ਪਰਿਵਾਰ ਦੀ ਮੁਸਕਾਨ ਬਚਾਉਣ ਲਈ ਖੂਨਦਾਨ ਇੱਕ ਮਹਾਨ ਸਮਾਜਿਕ ਸੇਵਾ ਹੈ। ਆਓ, ਖੂਨਦਾਨ ਨੂੰ ਸਿਰਫ਼ ਕੈਂਪਾਂ ਤੱਕ ਸੀਮਤ ਨਾ ਰੱਖੀਏ, ਸਗੋਂ ਇਸਨੂੰ ਆਪਣੀ ਮਨੁੱਖੀ ਜ਼ਿੰਮੇਵਾਰੀ ਸਮਝੀਏ। ਇੱਕ ਯੂਨਿਟ ਖੂਨ ਦਾਨ ਕਰਕੇ ਕਿਸੇ ਅਣਜਾਣ ਦੀ ਜ਼ਿੰਦਗੀ ’ਚ ਨਵੀਂ ਸਵੇਰ ਲਿਆਉਣ ਦਾ ਹਿੱਸਾ ਬਣੀਏ।