- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਵਾਰਾ ਕੁੱਤੇ ਦੇ ਹਮਲੇ ਵਿਚ ਨੌ ਵਿਅਕਤੀ ਜਖਮੀ

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ
ਨੰਗਲ: ਬੀਤੀ ਰਾਤ ਰਾਜ ਨਗਰ ਇਲਾਕੇ ’ਚ ਇਕ ਹਲਕੇ ਆਵਾਰਾ ਕੁੱਤੇ ਨੇ ਦਹਿਸ਼ਤ ਮਚਾਉਂਦਿਆਂ ਬੱਚਿਆਂ ਤੇ ਬਜ਼ੁਰਗਾਂ ਸਮੇਤ ਕਰੀਬ 9 ਲੋਕਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਘਟਨਾ ਦਾ ਪਤਾ ਲੱਗਦਿਆਂ ਹੀ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਪੀੜਤ ਪਰਿਵਾਰਾਂ ਦਾ ਹਾਲ-ਚਾਲ ਜਾਣਨ ਲਈ ਇਲਾਕੇ ਦਾ ਵਿਸ਼ੇਸ਼ ਦੌਰਾ ਕੀਤਾ ਤੇ ਪੀੜਤਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਮੌਕੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਕੁੱਤੇ ਦਾ ਸ਼ਿਕਾਰ ਹੋਏ ਸਾਰੇ ਜ਼ਖਮੀਆਂ ਨੂੰ ਐਂਟੀ-ਰੇਬੀਜ਼ ਇੰਜੈਕਸ਼ਨ ਲਗਵਾ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਮਲਾ ਇੰਨਾ ਭਿਆਨਕ ਸੀ ਕਿ ਇੱਕ ਵਿਅਕਤੀ ਦੀ ਪੂਰੀ ਉਂਗਲ ਹੀ ਕੱਟੀ ਗਈ ਹੈ।
ਇਸ ਗੰਭੀਰ ਸਮੱਸਿਆ ਦੇ ਕਾਰਨਾਂ ਬਾਰੇ ਗੱਲ ਕਰਦਿਆਂ ਮੰਤਰੀ ਬੈਂਸ ਨੇ ਕਿਹਾ ਕਿ ਇਲਾਕੇ ਵਿਚ ਖੁੱਲ੍ਹੀਆਂ ਮੀਟ ਦੀਆਂ ਦੁਕਾਨਾਂ ਵੀ ਆਵਾਰਾ ਕੁੱਤਿਆਂ ਦੇ ਇਕੱਠੇ ਹੋਣ ਦਾ ਇੱਕ ਵੱਡਾ ਕਾਰਨ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮੀਟ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਵੀ ਕੋਈ ਢੁਕਵੀਂ ਅਤੇ ਸਹੀ ਜਗ੍ਹਾ ਮੁਹੱਈਆ ਕਰਵਾਈ ਜਾ ਸਕੇ। ਇਸ ਕਦਮ ਨਾਲ ਜਿੱਥੇ ਦੁਕਾਨਦਾਰਾਂ ਨੂੰ ਸਹੀ ਜਗ੍ਹਾ ਮਿਲੇਗੀ, ਉੱਥੇ ਹੀ ਇਲਾਕਾ ਨਿਵਾਸੀਆਂ ਦੀ ਪਰੇਸ਼ਾਨੀ ਦਾ ਵੀ ਪੱਕਾ ਹੱਲ ਹੋਵੇਗਾ।
ਇਲਾਕੇ ਵਿਚ ਆਵਾਰਾ ਕੁੱਤਿਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਨੂੰ ਨੱਥ ਪਾਉਣ ਲਈ ਸਿੱਖਿਆ ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਏ.ਬੀ.ਸੀ. ਗਾਈਡਲਾਈਨਜ਼ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਮੌਜੂਦਾ ਨਗਰ ਕੌਂਸਲ ਕੋਲ ਇੰਨੀ ਸਮਰੱਥਾ ਨਹੀਂ ਹੈ ਕਿ ਉਹ ਖੁਦ ਸਰਜਰੀਆਂ ਕਰਕੇ ਕੁੱਤਿਆਂ ਦਾ ਪ੍ਰਬੰਧ ਕਰ ਸਕੇ। ਇਸ ਲਈ ਦੇਸ਼ ਦੀ ਕਿਸੇ ਬਿਹਤਰੀਨ ਅਤੇ ਮਾਹਿਰ ਐੱਨ.ਜੀ.ਓ. ਜਾਂ ਥਰਡ ਪਾਰਟੀ ਏਜੰਸੀ ਨੂੰ ਲੱਭ ਕੇ ਇਹ ਜ਼ਿੰਮੇਵਾਰੀ ਸੌਂਪੀ ਜਾਵੇਗੀ। ਹਰਜੋਤ ਬੈਂਸ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ 'ਸਿਟੀਜ਼ਨ ਫਰਸਟ' ਦੀ ਨੀਤੀ ਤਹਿਤ ਲੋਕਾਂ ਦੀ ਸੁਰੱਖਿਆ ਅਤੇ ਜਾਨਵਰਾਂ ਦੀ ਸਹੀ ਦੇਖਭਾਲ ਨੂੰ ਧਿਆਨ ਵਿਚ ਰੱਖਦਿਆਂ ਨਗਰ ਲਈ ਜਲਦ ਹੀ ਇੱਕ ਪੱਕਾ ਹੱਲ ਲੈ ਕੇ ਆਂਉਦਾ ਜਾਵੇਗਾ।