- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜ ਅਧਿਆਪਕ ਪੁਰਸਕਾਰ ਜੇਤੂ ਮਾਸਟਰ ਪ੍ਰਭਜੀਤ ਸਿੰਘ ਦਾ ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਸਨਮਾਨ

ਵਿਧਾਇਕ ਦਿਨੇਸ਼ ਚੱਢਾ ਨੇ ਅਧਿਆਪਕ ਦੀਆਂ ਸਿੱਖਿਆ ਖੇਤਰ ਵਿੱਚ ਪ੍ਰਾਪਤੀਆਂ ਦੀ ਕੀਤੀ ਸ਼ਲਾਘਾ
ਦਿਨੇਸ਼ ਹੱਲਣ, ਪੰਜਾਬੀ ਜਾਗਰਣ
ਨੂਰਪੁਰਬੇਦੀ: ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ’ਚ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਨੂੰ ਰਾਜ ਅਧਿਆਪਕ ਪੁਰਸਕਾਰ ਪ੍ਰਾਪਤ ਕਰਨ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਅਧਿਆਪਕ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਅਧਿਆਪਕ ਸਮਾਜ ਦੀ ਉਸਾਰੀ ਅਤੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜਦੋਂ ਕੋਈ ਅਧਿਆਪਕ ਆਪਣੀ ਮਿਹਨਤ, ਲਗਨ ਅਤੇ ਨਵੇਂ ਤਰੀਕਿਆਂ ਨਾਲ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਮੁਕਾਮ ਹਾਸਲ ਕਰਦਾ ਹੈ ਤਾਂ ਇਹ ਸਮੁੱਚੇ ਅਧਿਆਪਕ ਵਰਗ ਲਈ ਮਾਣ ਵਾਲੀ ਗੱਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਾਸਟਰ ਪ੍ਰਭਜੀਤ ਸਿੰਘ ਦੀਆਂ ਪ੍ਰਾਪਤੀਆਂ ਹੋਰਨਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਭਜੀਤ ਸਿੰਘ ਭਵਿੱਖ ਵਿੱਚ ਵੀ ਸਿੱਖਿਆ ਦੇ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਿਤ ਕਰਨਗੇ। ਜ਼ਿਕਰਯੋਗ ਹੈ ਕਿ ਮਾਸਟਰ ਪ੍ਰਭਜੀਤ ਸਿੰਘ ਨੂੰ ਅਧਿਆਪਨ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਲਈ ਰਾਜ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਉਹ ਅਧਿਆਪਕ ਮੇਲੇ ਦੀ ਸਿੱਖਿਆ ਐਪ ਸ਼੍ਰੇਣੀ ਵਿੱਚ ਸੂਬਾ ਪੱਧਰ ’ਤੇ ਜੇਤੂ ਰਹਿ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਦੀ ਅਗਵਾਈ ਅਤੇ ਸਕੂਲ ਦੇ ਸਮੂਹ ਅਧਿਆਪਕਾਂ ਦੇ ਸਾਂਝੇ ਯਤਨਾਂ ਸਦਕਾ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਨੂੰ ਸਰਵੋਤਮ ਸਕੂਲ ਪੁਰਸਕਾਰ ਅਤੇ ਕੌਮੀ ਹਰਾ ਸਕੂਲ ਪੁਰਸਕਾਰ ਵਰਗੇ ਵੱਕਾਰੀ ਸਨਮਾਨ ਵੀ ਮਿਲ ਚੁੱਕੇ ਹਨ।
ਅਧਿਆਪਨ ਕਾਰਜਾਂ ਦੇ ਨਾਲ-ਨਾਲ ਪ੍ਰਭਜੀਤ ਸਿੰਘ ਖੋਜ ਕਾਰਜਾਂ ਵਿੱਚ ਵੀ ਸਰਗਰਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਦੇ ਕਈ ਖੋਜ ਪੱਤਰ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ। ਉਨ੍ਹਾਂ ਦੀਆਂ ਵਿਦਿਅਕ ਪ੍ਰਾਪਤੀਆਂ ਅਤੇ ਕਾਰਜਸ਼ੈਲੀ ਨੂੰ ਦੇਖਦਿਆਂ ਸਿੱਖਿਆ ਵਿਭਾਗ ਵੱਲੋਂ ਵੀ ਉਨ੍ਹਾਂ ਨੂੰ ਵੱਖ-ਵੱਖ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉਹ ਜ਼ਿਲ੍ਹਾ ਮਾਰਗਦਰਸ਼ਨ ਸਲਾਹਕਾਰ, ਜ਼ਿਲ੍ਹਾ ਨੋਡਲ ਅਫ਼ਸਰ ਬਿਜ਼ਨਸ ਬਲਾਸਟਰ, ਐੱਸ.ਪੀ.ਸੀ., ਐੱਸ.ਟੀ.ਈ.ਐੱਮ. ਅਤੇ ਐੱਸ.ਐੱਲ.ਪੀ. ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਦੇ ਨੁਮਾਇੰਦਿਆਂ ਨੇ ਕਿਹਾ ਕਿ ਪ੍ਰਭਜੀਤ ਸਿੰਘ ਵਰਗੇ ਮਿਹਨਤੀ ਅਤੇ ਸਮਰਪਿਤ ਅਧਿਆਪਕਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣਾ ਹੋਰਨਾਂ ਲਈ ਵੀ ਉਤਸ਼ਾਹਵਰਧਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਅਧਿਆਪਕਾਂ ਨੂੰ ਹੋਰ ਬਿਹਤਰ ਕਾਰਜ ਕਰਨ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਵਾਈਸ ਚੇਅਰਮੈਨ ਦੇਸਰਾਜ ਸੈਣੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਦੀਪਕ ਪੁਰੀ, ਸੰਸਥਾ ਦੇ ਸਾਬਕਾ ਪ੍ਰਧਾਨ ਸੰਜੀਵ ਭੰਡਾਰੀ, ਪ੍ਰਿੰਸੀਪਲ ਬਰਿੰਦਰ ਸ਼ਰਮਾ, ਸ਼ਸ਼ੀਕਾਂਤ ਚੰਦਨ, ਸੁਰਜੀਤ ਖੱਟੜਾ, ਸੰਜੀਵ ਭਾਰਦਵਾਜ, ਰਾਜੀਵ ਮਾਲੀਆ, ਅਸ਼ੋਕ ਚੌਧਰੀ, ਡਾ. ਰਾਕੇਸ਼ ਰਾਣਾ ਅਤੇ ਨੀਰਜ ਬਜਰੂੜ ਸਮੇਤ ਸੰਸਥਾ ਦੇ ਹੋਰ ਅਹੁਦੇਦਾਰ ਅਤੇ ਪਤਵੰਤੇ ਹਾਜ਼ਰ ਸਨ।