ਪੰਜਾਬ ਅੰਦਰ ਐੱਸਆਈਆਰ ਪ੍ਰਕਿਰਿਆ ਦੀ ਅਕਾਲੀ ਦਲ ਨੇ ਕੀਤੀ ਪ੍ਰਸ਼ੰਸਾ ਪੰਜਾਬ ਅੰਦਰ ਐੱਸ.ਆਈ.ਆਰ. ਪ੍ਰਕਿਰਿਆ ਦੀ ਅਕਾਲੀ ਦਲ ਨੇ ਕੀਤੀ ਪ੍ਰਸ਼ੰਸਾ
Publish Date: Sun, 04 Oct 2026 08:23 PM (IST)
Updated Date: Sun, 04 Oct 2026 08:26 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਆਨੰਦਪੁਰ ਸਾਹਿਬ: ਬੇਸ਼ੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਐੱਸ.ਆਈ.ਆਰ. ਦੀ ਪ੍ਰਕਿਰਿਆ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਚੋਣ ਕਮਿਸ਼ਨ ’ਤੇ ਸਵਾਲ ਚੁੱਕੇ ਜਾ ਰਹੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ’ਚ ਐੱਸਆਈਆਰ ਦੀ ਪ੍ਰਕਿਰਿਆ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੂੰ ਭਰੋਸੇ ’ਚ ਲੈ ਕੇ ਨੇਪਰੇ ਚਾੜ੍ਹਨ ਲਈ ਮੁੱਖ ਚੋਣ ਅਧਿਕਾਰੀ ਆਨੰਦਿਤਾ ਮਿੱਤਰਾ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਇਸ ਪ੍ਰਕਿਰਿਆ ਨੂੰ ਲੈ ਕੇ ਕੋਈ ਵੱਡੀ ਸ਼ਿਕਾਇਤ ਸਾਹਮਣੇ ਨਹੀਂ ਆਈ। ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਪਾਰਟੀ ਆਗੂਆਂ ਨਾਲ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ 6 ਅਕਤੂਬਰ ਤੋਂ ਗਿੱਦੜਬਾਹਾ ਤੋਂ ਘਰ-ਘਰ ਫੀਡਬੈਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਹਰ ਪਰਿਵਾਰ ਤੋਂ ਪਾਰਟੀ ਦੇ ਮੈਨੀਫੈਸਟੋ ’ਚ ਸ਼ਾਮਲ ਕੀਤੇ ਜਾਣ ਵਾਲੇ ਤਿੰਨ ਅਹਿਮ ਕੰਮਾਂ ਬਾਰੇ ਸੁਝਾਅ ਲਏ ਜਾਣਗੇ। ਸ੍ਰੀ ਆਨੰਦਪੁਰ ਸਾਹਿਬ ਹਲਕੇ ’ਚ ਇਹ ਮੁਹਿੰਮ 20 ਅਕਤੂਬਰ ਤੱਕ ਚੱਲੇਗੀ। ਇਕੱਤਰ ਕੀਤੀ ਰਿਪੋਰਟ 25 ਅਕਤੂਬਰ ਤੱਕ ਪਾਰਟੀ ਹੈੱਡਕੁਆਰਟਰ ਭੇਜੀ ਜਾਵੇਗੀ ਅਤੇ 1 ਨਵੰਬਰ ਨੂੰ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਹੁਣ ਤੱਕ ਪੰਜਾਬ ’ਚ ਕਰੀਬ 65 ਰੈਲੀਆਂ ਕੀਤੀਆਂ ਜਾ ਚੁੱਕੀਆਂ ਹਨ। 5 ਅਕਤੂਬਰ ਤੋਂ ਸ੍ਰੀ ਮੁਕਤਸਰ ਸਾਹਿਬ ’ਚ ‘ਮਾਵਾਂ-ਧੀਆਂ ਦੀ ਲਲਕਾਰ, ਬੰਦ ਕਰੋ ਸ਼ਰਾਬ ਦਾ ਵਪਾਰ’ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ‘ਆਪ’ ਸਰਕਾਰ ਦੀ ਸਿੱਖਿਆ ਨੀਤੀ ’ਤੇ ਹਮਲਾ ਕਰਦਿਆਂ ਉਨ੍ਹਾਂ ਰੂਪਨਗਰ ਥਰਮਲ ਪਲਾਂਟ ਦੀ ਪਾਵਰ ਕਲੋਨੀ ’ਚ ਸਥਿਤ ਮਾਡਲ ਸਕੂਲ ਦੇ ਸਾਢੇ ਚਾਰ ਸਾਲ ਤੋਂ ਬੰਦ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਰੋਪੜ ਬਾਈਪਾਸ ’ਤੇ ਸਥਿਤ ਸਕੂਲ ਦੀ ਕੀਮਤੀ ਜ਼ਮੀਨ ਵੇਚਣ ਦੀ ਤਿਆਰੀ ’ਚ ਹੈ।ਉਨ੍ਹਾਂ ਕਿਹਾ ਕਿ ਸੂਬੇ ’ਚ ਕਤਲ, ਲੁੱਟਾਂ-ਖੋਹਾਂ, ਡਾਕੇ ਅਤੇ ਗ੍ਰੇਨੇਡ ਹਮਲਿਆਂ ਦੀਆਂ ਘਟਨਾਵਾਂ ਚਿੰਤਾਜਨਕ ਢੰਗ ਨਾਲ ਵਾਪਰ ਰਹੀਆਂ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ, ਜਥੇਦਾਰ ਮੋਹਨ ਸਿੰਘ ਢਾਹੇ, ਨਿਰਮਲ ਸਿੰਘ ਹਰੀਵਾਲ, ਜਰਨੈਲ ਸਿੰਘ ਭਾਰਤਗੜ੍ਹ, ਤਾਰਾ ਸਿੰਘ ਬੁਰਜ, ਗੁਰਬਚਨ ਸਿੰਘ ਲੋਦੀਪੁਰ, ਮਲਕੀਤ ਸਿੰਘ ਢਾਹੇ, ਸੁਰਿੰਦਰ ਸਿੰਘ ਮਟੋਰ, ਪਰਮਜੀਤ ਸਿੰਘ ਬੱਢਲ, ਜਸਬੀਰ ਸਿੰਘ ਢੇਰ, ਗੁਰਮੀਤ ਸਿੰਘ ਬੱਢਲ ਅਤੇ ਫੋਰਮੈਨ ਗੁਰਨਾਮ ਸਿੰਘ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ।