- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਕੀਰਤਪੁਰ ਸਾਹਿਬ ਵਿਖੇ ਨਹੀਂ ਰੁਕ ਰਿਹਾ ਝੁੰਗੀਆਂ ਵਿੱਚ ਨਜਾਇਜ਼ ਨਸ਼ਿਆਂ ਦਾ ਕਾਰੋਬਾਰ

ਸ੍ਰੀ ਕੀਰਤਪੁਰ ਸਾਹਿਬ ’ਚ ਨਹੀਂ ਰੁਕ ਰਿਹਾ ਝੁੰਗੀਆਂ ’ਚ ਨਜਾਇਜ਼ ਨਸ਼ਿਆਂ ਦਾ ਕਾਰੋਬਾਰ
ਝੁੰਗੀਆਂ ’ਚ 20,30 ਰੁਪਏ ਪ੍ਰਤੀ ਪੈਗ ਆਮ ਵੇਚੀ ਜਾਂਦੀ ਜ਼ਹਿਰੀਲੀ ਸ਼ਰਾਬ
ਨਰਿੰਦਰ ਸੈਣੀ, ਪੰਜਾਬੀ ਜਾਗਰਣ
ਸ੍ਰੀ ਕੀਰਤਪੁਰ ਸਾਹਿਬ: ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤੇ ਪੁਲਿਸ ਪ੍ਰਸ਼ਾਸਨ ਦੀ ਸਖਤੀ ਦੇ ਬਾਵਜੂਦ ਇਤਿਹਾਸਿਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਰੇਲਵੇ ਸਟੇਸ਼ਨ ਨਜ਼ਦੀਕ ਝੁੰਗੀਆਂ ਅਤੇ ਬੰਗਾਲਾ ਬਸਤੀ ਵਿੱਚ ਨਜਾਇਜ਼ ਨਸ਼ੇ ਦਾ ਕਾਰੋਬਾਰ ਨਹੀਂ ਰੁਕ ਰਿਹਾ। ਬੇਸ਼ੱਕ ਪੁਲਿਸ ਵੱਲੋਂ ਸਮੇਂ ਸਮੇਂ ਦੌਰਾਨ ਇਨ੍ਹਾਂ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ’ਤੇ ਪਰਚੇ ਵੀ ਦਿੱਤੇ ਗਏ ਅਤੇ ਪਿਛਲੇ ਸਮੇਂ ਦੌਰਾਨ ਇਨ੍ਹਾਂ ਦੀਆਂ ਝੁੰਗੀਆਂ ਵੀ ਬੰਦ ਕਰਵਾਈਆਂ ਗਈਆਂ ਪਰ ਪੁਲਿਸ ਪ੍ਰਸ਼ਾਸਨ ਪੂਰਨ ਤੌਰ ’ਤੇ ਸ਼ਰਾਬ ਦਾ ਅਤੇ ਹੋਰ ਮਾਰੂ ਨਸ਼ਿਆਂ ਦਾ ਕੰਮ ਬੰਦ ਕਰਾਉਣ ਵਿੱਚ ਨਾ ਕਾਮਯਾਬ ਰਹੀ। ਕਿਰਾਏ ਪਰ ਜਮੀਨਾਂ ’ਤੇ ਬਣਾਈਆਂ ਝੁੰਗੀਆਂ ਹਟਾਉਣ ਤੋਂ ਬਾਅਦ ਕੁਝ ਰਾਜਸਥਾਨੀ ਬਸਤੀ ਵਾਲਿਆਂ ਵੱਲੋਂ ਇਸ ਦੇ ਨਾਲ ਹੀ ਮਾਲਕੀ ਹੱਕ ਜਮੀਨਾਂ ਖਰੀਦ ਕੇ ਆਪਣਾ ਕਾਰੋਬਾਰ ਜਾਰੀ ਰੱਖਿਆ। ਇਹਨਾਂ ਝੁੰਗੀਆਂ ਵਿੱਚ ਜਿਆਦਾਤਰ ਪ੍ਰਵਾਸੀ, ਚੱਕਰਵਰਤੀ ਜਾਂ ਮਜ਼ਦੂਰ ਦਿਹਾੜੀਦਾਰ ਸ਼ਰਾਬ ਪੀਣ ਜਾਂਦੇ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕੀ ਇਨ੍ਹਾਂ ਨੂੰ 20 ਰੁਪਏ 30 ਰੁਪਏ ਪ੍ਰਤੀ ਪੈੱਗ ਖੁੱਲੀ ਸ਼ਰਾਬ ਵੀ ਮਿਲ ਜਾਂਦੀ ਹੈ ਜਿਆਦਾਤਰ ਕਈ ਮੰਗਣ ਵਾਲੇ ਮੰਗ ਕੇ 20,50 ਰੁਪਏ ਦੀ ਸ਼ਰਾਬ ਦਿਨ ਵਿੱਚ ਕਈ ਵਾਰ ਪੀਂਦੇ ਹਨ। ਪਰ ਚਿੰਤਾ ਦੀ ਗੱਲ ਇਹ ਹੈ ਕਿ ਸ਼ਰਾਬ ਦੇ ਨਾਲ ਹੀ ਹੋਰ ਮਾਰੂ ਨਸ਼ਿਆਂ ਦਾ ਵੀ ਕਾਰੋਬਾਰ ਇਹਨਾਂ ਝੁੰਗੀਆਂ ਵਿੱਚ ਹੋ ਰਿਹਾ ਹੈ, ਜਿਸ ਕਾਰਨ ਨਵੀਂ ਪੀੜੀ ਮਾਰੂ ਨਸ਼ਿਆਂ ਦੇ ਪ੍ਰਭਾਵ ਥੱਲੇ ਆ ਰਹੀ ਹੈ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਜਿਹੜਾ ਵਿਅਕਤੀ ਇਹਨਾਂ ਝੁੰਗੀਆਂ ਦੀ ਸ਼ਰਾਬ ਪੀਣ ਗਿੱਝ ਗਿਆ ਉਸ ਨੂੰ ਠੇਕੇ ਦੀ ਸ਼ਰਾਬ ਆਸਰ ਨਹੀਂ ਕਰਦੀ ਰੋਜਾਨਾ ਪੀਣ ਵਾਲੇ ਦੱਸ ਰਹੇ ਹਨ ਕਿ ਦੋ ਪੈਗ ਲਾਣ ਤੋਂ ਬਾਅਦ ਇਸ ਸ਼ਰਾਬ ਦਾ ਬੋਤਲ ਜਿੰਨਾ ਨਸ਼ਾ ਹੋ ਜਾਂਦਾ ਹੈ ਜੇਕਰ ਕੋਈ ਵਿਅਕਤੀ ਥੋੜੀ ਜਿਆਦਾ ਇਹ ਸ਼ਰਾਬ ਪੀ ਲੈਂਦਾ ਹੈ ਤਾਂ ਉਸ ਨੂੰ ਮੰਜ਼ਿਲ ਤੇ ਪਹੁੰਚਣਾ ਮੁਸ਼ਕਿਲ ਹੋ ਜਾਂਦਾ ਹੈ ਤੇ ਰਸਤੇ ਵਿੱਚ ਹੀ ਸੜਕਾਂ ਤੇ ਡਿੱਗਿਆ ਮਿਲਦਾ ਹੈ। ਪੁਲਿਸ ਵੱਲੋਂ ਕਈ ਵਾਰ ਇਹਨਾਂ ਨੂੰ ਫੜ ਕੇ ਪਰਚੇ ਦਿੱਤੇ ਗਏ ਪਰ ਹੈਰਾਨੀ ਦੀ ਗੱਲ ਹੈ ਕਿ ਪਰਚੇ ਪੈਣ ਤੋਂ ਦੂਜੇ ਦਿਨ ਬਾਅਦ ਹੀ ਇਹ ਦੁਬਾਰਾ ਕੰਮ ਸ਼ੁਰੂ ਕਰ ਦਿੰਦੇ ਹਨ ਇਹਨਾਂ ਨੇ ਵਕੀਲ ਅਤੇ ਜਮਾਨਤੀ ਪੱਕੇ ਰੱਖੇ ਹੋਏ ਹਨ। ਚਿੰਤਾ ਦੀ ਗੱਲ ਇਹ ਹੈ ਕੀ ਇਹਨਾਂ ਬਸਤੀਆਂ ਵਿੱਚ ਸ਼ਰਾਬ ਪੀਣ ਵਾਲੇ ਸ਼ਹਿਰ ਦੇ ਕਈ ਨਾਮੀ ਘਰਾਂ ਦੇ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈਆਂ ਦੇ ਬਾਵਜੂਦ ਇੱਥੇ ਮਾਰੂ ਨਸ਼ੇ ਵੇਚੇ ਜਾ ਰਹੇ ਹਨ। ਬੀਤੇ ਕੁਝ ਸਮਾਂ ਪਹਿਲਾਂ ਸਮਾਜ ਸੇਵੀ ਅਤੇ ਸ਼ਹਿਰ ਵਾਸੀਆਂ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਸੰਬੰਧਿਤ ਬਸਤੀ ਦੇ ਜਮੀਨ ਮਾਲਕਾਂ ਵੱਲੋਂ ਇਹਨਾਂ ਦੀਆਂ ਝੁੰਗੀਆਂ ਹਟਾਈਆਂ ਗਈਆਂ ਪਰ ਕੁਝ ਸਮਾਂ ਰਾਹਤ ਮਿਲਣ ਤੋਂ ਬਾਅਦ ਹੁਣ ਫੇਰ ਕੰਮ ਜੋਰਾਂ ਤੇ ਚੱਲ ਰਿਹਾ ਹੈ। ਸ਼ਰਾਬ ਦੇ ਨਾਲ ਹੀ ਇੱਥੇ ਹਰ ਤਰ੍ਹਾਂ ਦੇ ਮਾਰੂ ਨਸ਼ੇ ਆਮ ਮਿਲਦੇ ਹਨ। ਬੇਸ਼ੱਕ ਪੰਜਾਬ ਸਰਕਾਰ ਵੱਲੋਂ ਅਤੇ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਚਲਾਇਆ ਜਾ ਰਿਹਾ ਹੈ ਪਰ ਇੱਥੇ ਕੋਟ ਵਾਰਡਾਂ ਰਾਹੀਂ ਨਸ਼ਾ ਵੇਚਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਹਨਾਂ ਝੂੰਗੀਆ ਵਿੱਚ ਵੇਚੀ ਜਾ ਰਹੀ ਸ਼ਰਾਬ ਦਾ ਨਸ਼ਾ ਵਧਾਉਣ ਲਈ ਇਸ ਵਿੱਚ ਮੈਡੀਕਲ ਨਸ਼ੀਲੇ ਟੀਕਿਆਂ ਦੀ ਮਿਲਾਵਟ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਦੋਂ ਥਾਣਾ ਮੁਖੀ ਰਾਹੁਲ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਲਾਕੇ ਵਿੱਚ ਗੈਰ ਕਾਨੂੰਨੀ ਨਸ਼ੇ ਵੇਚਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ ਪੁਲਿਸ ਵੱਲੋਂ ਸਮੇਂ ਸਮੇਂ ਦੌਰਾਨ ਇਹਨਾਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਜਲਦ ਹੀ ਸਾਰਥਕ ਨਤੀਜੇ ਸਾਹਮਣੇ ਆਉਣਗੇ ਅਤੇ ਇਹ ਕਾਰੋਬਾਰ ਬਿਲਕੁਲ ਬੰਦ ਕਰਵਾਇਆ ਜਾਵੇਗਾ।