ਵਿਧਾਇਕ ਚੱਢਾ ਨੇ 62 ਲੱਖ ਦੀ ਲਾਗਤ ਨਾਲ ਬਣਨ ਵਾਲੇ ਪੰਚਾਇਤੀ ਸ਼ਾਪਿੰਗ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਵਿਧਾਇਕ ਚੱਡਾ ਪਿੰਡ ਬੜਵਾ ਵਿਖੇ 62 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੰਚਾਇਤੀ ਸ਼ਾਪਿੰਗ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ
Publish Date: Sun, 04 Oct 2026 05:08 PM (IST)
Updated Date: Sun, 04 Oct 2026 05:11 PM (IST)
ਪੰਚਾਇਤਾਂ ਆਪਣੇ ਆਮਦਨੀ ਦੇ ਸਾਧਨ ਵਿਕਸਿਤ ਕਰਕੇ ਪਿੰਡਾਂ ਦੇ ਵਿਕਾਸ ਨੂੰ ਦੇਣ ਨਵੀਂ ਦਿਸ਼ਾ : ਦਿਨੇਸ਼ ਚੱਢਾ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਪਿੰਡ ਬੜਵਾ ’ਚ 62 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੰਚਾਇਤੀ ਸ਼ਾਪਿੰਗ ਕੰਪਲੈਕਸ ਦਾ ਨੀਂਹ ਪੱਥਰ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਰੱਖਿਆ ਗਿਆ। ਇਸ ਸ਼ਾਪਿੰਗ ਕੰਪਲੈਕਸ ਵਿੱਚ ਦੁਕਾਨਾਂ ਤੇ ਬੈਂਕ ਦੀ ਬ੍ਰਾਂਚ ਵੀ ਖੋਲ੍ਹੀ ਜਾਵੇਗੀ, ਜਿਸ ਨਾਲ ਪਿੰਡ ਦੀ ਪੰਚਾਇਤ ਨੂੰ ਆਮਦਨ ਦਾ ਸਥਾਈ ਸਾਧਨ ਮਿਲਣ ਦੇ ਨਾਲ-ਨਾਲ ਲੋਕਾਂ ਨੂੰ ਵੀ ਆਪਣੇ ਹੀ ਪਿੰਡ ਵਿੱਚ ਵਪਾਰਕ ਅਤੇ ਬੈਂਕਿੰਗ ਸਹੂਲਤਾਂ ਮਿਲਣਗੀਆਂ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਆਤਮ-ਨਿਰਭਰਤਾ ਹੀ ਪਿੰਡਾਂ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਜਿਹੜੀਆਂ ਪੰਚਾਇਤਾਂ ਆਪਣੇ ਪੱਧਰ ’ਤੇ ਆਮਦਨ ਦੇ ਸਾਧਨ ਪੈਦਾ ਕਰਦੀਆਂ ਹਨ, ਉਹ ਆਪਣੇ ਪਿੰਡ ਦੀਆਂ ਵਿਕਾਸ ਲੋੜਾਂ ਨੂੰ ਪੂਰਾ ਕਰਨ ਲਈ ਵਧੇਰੇ ਸਮਰੱਥ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਪੰਚਾਇਤੀ ਸ਼ਾਪਿੰਗ ਕੰਪਲੈਕਸ ਵਰਗੇ ਪ੍ਰਾਜੈਕਟ ਸਿਰਫ਼ ਇਮਾਰਤਾਂ ਦੀ ਉਸਾਰੀ ਤੱਕ ਸੀਮਤ ਨਹੀਂ ਹੁੰਦੇ, ਸਗੋਂ ਇਹ ਪਿੰਡਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਦਾ ਸਾਧਨ ਬਣਦੇ ਹਨ। ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਪਣੇ ਆਮਦਨੀ ਦੇ ਸਾਧਨ ਵਿਕਸਿਤ ਕਰਨ ਲਈ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ, ਤਾਂ ਜੋ ਪੰਚਾਇਤਾਂ ਆਪਣੇ ਪੱਧਰ ’ਤੇ ਆਮਦਨ ਪੈਦਾ ਕਰਕੇ ਉਸ ਨੂੰ ਪਿੰਡ ਦੇ ਵਿਕਾਸ ਕਾਰਜਾਂ ’ਤੇ ਖਰਚ ਕਰ ਸਕਣ। ਉਨ੍ਹਾਂ ਕਿਹਾ ਕਿ ਪੰਚਾਇਤਾਂ ਨੂੰ ਮਜ਼ਬੂਤ ਕਰਨਾ ਪਿੰਡਾਂ ਦੇ ਸਮੁੱਚੇ ਵਿਕਾਸ ਨੂੰ ਮਜ਼ਬੂਤ ਕਰਨ ਦੇ ਬਰਾਬਰ ਹੈ। ਇਸ ਮੌਕੇ ਪਿੰਡ ਦੇ ਸਰਪੰਚ ਅਵਤਾਰ ਸਿੰਘ ਕੂੰਨਰ ਅਤੇ ਪੰਚਾਇਤ ਮੈਂਬਰਾਂ ਨੇ ਵਿਧਾਇਕ ਦਿਨੇਸ਼ ਚੱਢਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਚਾਇਤੀ ਸ਼ਾਪਿੰਗ ਕੰਪਲੈਕਸ ਪਿੰਡ ਲਈ ਲੰਮੇ ਸਮੇਂ ਤੱਕ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ 11 ਦੁਕਾਨਾਂ ਅਤੇ ਬੈਂਕ ਦੀ ਬ੍ਰਾਂਚ ਬਣਨ ਨਾਲ ਪਿੰਡ ਵਿੱਚ ਵਪਾਰਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ ਅਤੇ ਪੰਚਾਇਤ ਲਈ ਨਿਯਮਤ ਆਮਦਨ ਦਾ ਸਾਧਨ ਪੈਦਾ ਹੋਵੇਗਾ। ਉਨ੍ਹਾਂ ਵਿਧਾਇਕ ਵੱਲੋਂ ਪਿੰਡ ਦੀਆਂ ਲੋੜਾਂ ਨੂੰ ਪਹਿਲ ਦੇ ਆਧਾਰ ’ਤੇ ਵਿਚਾਰਨ ਅਤੇ ਵਿਕਾਸ ਕਾਰਜਾਂ ਲਈ ਸਹਿਯੋਗ ਦੇਣ ਲਈ ਵੀ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਅਵਤਾਰ ਸਿੰਘ ਕੂੰਨਰ, ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ, ਜ਼ਿਲ੍ਹਾ ਪਰਿਸ਼ਦ ਵਾਈਸ ਚੇਅਰਮੈਨ ਦੇਸ ਰਾਜ ਸੈਣੀ, ਡਾਕਟਰ ਦੇਵਰਾਜ, ਕਰਮ ਚੰਦ, ਹਰਦਿਆਲ ਸਿੰਘ, ਅਵਤਾਰ ਸਿੰਘ, ਮਹਿੰਦਰ ਚੰਦ ਕੂੰਨਰ, ਨੰਬਰਦਾਰ ਮਹਿੰਦਰ ਸਿੰਘ, ਸੁਰਿੰਦਰ ਸਿੰਘ ਕੰਗ, ਰਾਜਕੁਮਾਰ ਬਿਮਰਾ, ਅਸ਼ੋਕ ਕੁਮਾਰ ਚੱਢਾ, ਜਰਨੈਲ ਸਿੰਘ ਘੁਮਾਣ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।