ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਜਾਰੀ ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਵਾਰਡਾਂ ਵਿੱਚ ਜਾਰੀ ਹੈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ
Publish Date: Sat, 03 Oct 2026 07:03 PM (IST)
Updated Date: Sat, 03 Oct 2026 07:04 PM (IST)
ਵਾਰਡਾਂ ਦੇ ਪਹਿਰੇਦਾਰਾਂ ਵੱਲੋਂ ਵਾਰਡ ਨੰਬਰ 3 ਤੇ 4 ਵਿੱਚ ਘਰ-ਘਰ ਜਾ ਕੇ ਕੀਤਾ ਜਾਗਰੂਕ ਪੰਜਾਬੀ ਜਾਗਰਣ ਟੀਮ, ਨੰਗਲ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਨੰਗਲ ਦੇ ਵਾਰਡ ਨੰਬਰ 3 ਅਤੇ 4 ਵਿੱਚ ਪਿੰਡਾਂ ਦੇ ਪਹਿਰੇਦਾਰਾਂ ਵੱਲੋਂ ਵਿਆਪਕ ਜਾਗਰੂਕਤਾ ਅਭਿਆਨ ਚਲਾਇਆ ਗਿਆ। ਇਸ ਦੌਰਾਨ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਸਾਂਝੇ ਯਤਨਾਂ ਦਾ ਸੱਦਾ ਦਿੱਤਾ ਗਿਆ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਇਹ ਮੁਹਿੰਮ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਗਾਤਾਰ ਜਾਰੀ ਹੈ। ਇਸ ਜਾਗਰੂਕਤਾ ਮੁਹਿੰਮ ਦਾ ਮੁੱਖ ਉਦੇਸ਼ ਨਸ਼ਿਆਂ ਦੇ ਵਧ ਰਹੇ ਖ਼ਤਰੇ ਤੋਂ ਸਮਾਜ ਨੂੰ ਬਚਾਉਣਾ, ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਨਾ ਅਤੇ ਲੋਕਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨਾ ਹੈ। ਪਹਿਰੇਦਾਰਾਂ ਵੱਲੋਂ ਘਰ-ਘਰ ਪਹੁੰਚ ਕਰਕੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਨੂੰ ਵੀ ਇਸ ਸਮਾਜਿਕ ਬੁਰਾਈ ਤੋਂ ਬਚਾਉਣ ਲਈ ਪ੍ਰੇਰਿਤ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਡਾ. ਸੰਜੀਵ ਗੌਤਮ ਨੇ ਦੱਸਿਆ ਕਿ ਪਿੰਡਾਂ ਦੇ ਪਹਿਰੇਦਾਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਸਥਾਨਕ ਲੋਕਾਂ ਦੀ ਭਰਪੂਰ ਭਾਗੀਦਾਰੀ ਨਾਲ ਇਹ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਨੁਕਸਾਨਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਇਸ ਮੁਹਿੰਮ ਦਾ ਅਹਿਮ ਹਿੱਸਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਵਿਰੁੱਧ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਵਿੱਚ ਸਰਗਰਮ ਸਹਿਯੋਗ ਦੇਣ। ਇਸ ਮੌਕੇ ਲੋਕਾਂ ਨੂੰ ਸਮਝਾਇਆ ਗਿਆ ਕਿ ਨਸ਼ਾ ਸਿਰਫ਼ ਇੱਕ ਵਿਅਕਤੀ ਦੀ ਸਮੱਸਿਆ ਨਹੀਂ, ਸਗੋਂ ਇਸ ਦਾ ਪ੍ਰਭਾਵ ਪੂਰੇ ਪਰਿਵਾਰ ਅਤੇ ਸਮਾਜ ’ਤੇ ਪੈਂਦਾ ਹੈ। ਨੌਜਵਾਨਾਂ ਨੂੰ ਖੇਡਾਂ, ਸਿੱਖਿਆ ਅਤੇ ਹੋਰ ਉਸਾਰੂ ਗਤੀਵਿਧੀਆਂ ਨਾਲ ਜੋੜਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ। ਪਹਿਰੇਦਾਰਾਂ ਨੇ ਪਰਿਵਾਰਾਂ ਨੂੰ ਨਸ਼ਿਆਂ ਤੋਂ ਪੀੜਤ ਵਿਅਕਤੀਆਂ ਨੂੰ ਇਕੱਲਾ ਛੱਡਣ ਦੀ ਬਜਾਏ ਉਨ੍ਹਾਂ ਨੂੰ ਸਹਾਇਤਾ ਅਤੇ ਸਹੀ ਮਾਰਗਦਰਸ਼ਨ ਦੇਣ ਲਈ ਪ੍ਰੇਰਿਤ ਕੀਤਾ। ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਵਾਰਡਾਂ ਵਿੱਚ ਲਗਾਤਾਰ ਕੀਤੀਆਂ ਜਾ ਰਹੀਆਂ ਅਜਿਹੀਆਂ ਗਤੀਵਿਧੀਆਂ ਦਾ ਉਦੇਸ਼ ਲੋਕਾਂ ਨੂੰ ਇਸ ਸਮਾਜਿਕ ਬੁਰਾਈ ਖ਼ਿਲਾਫ਼ ਇਕਜੁੱਟ ਕਰਨਾ ਹੈ। ਇਸ ਦੌਰਾਨ ਸਥਾਨਕ ਵਸਨੀਕਾਂ ਨੇ ਵੀ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਆਪਣਾ ਸਹਿਯੋਗ ਦੇਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਾਂਝੇ ਤੌਰ ’ਤੇ ਯਤਨ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਮੋਹਿਤ ਦੀਵਾਨ ਉਪ ਕੋਆਰਡੀਨੇਟਰ, ਮਨਜੋਤ ਸਿੰਘ ਕੋਂਸਲਰ, ਹਨੀ, ਨਰਿੰਦਰ ਨਿੰਦੀ, ਡਾ.ਅਦਿੱਤੀਆ ਭਾਰਦਵਾਜ, ਡਾ.ਅਮਨਦੀਪ ਕੌਰ, ਕੀਟੂ, ਵਿੱਕੀ ਮਹਿਤਾ, ਜਤਿੰਦਰ ਕੁਮਾਰ, ਹਰਮਿੰਦਰ ਕੁਮਾਰ, ਸਰਬਜੀਤ ਸਿੰਘ, ਮਦਨ ਲਾਲ ਤੇ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ।