ਖੇਡਾਂ ਵਤਨ ਪੰਜਾਬ ਦੀਆਂ ਤਹਿਤ ਟੇਬਲ ਟੈਨਿਸ ’ਚ ਨੂਰਪੁਰਬੇਦੀ ਸਕੂਲ ਦੇ ਖਿਡਾਰੀਆਂ ਨੇ ਜਿੱਤੇ 2 ਸੋਨ ਤੇ 1 ਕਾਂਸੇ ਦਾ ਤਮਗ਼ਾ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਟੇਬਲ ਟੈਨਿਸ ’ਚ ਨੂਰਪੁਰਬੇਦੀ ਸਕੂਲ ਦੇ ਖਿਡਾਰੀਆਂ ਨੇ ਜਿੱਤੇ 2 ਸੋਨ ’ਤੇ 1 ਕਾਂਸੀ ਦਾ ਤਗਮਾ
Publish Date: Sat, 03 Oct 2026 04:28 PM (IST)
Updated Date: Sat, 03 Oct 2026 04:31 PM (IST)
ਸੱਤ ਖਿਡਾਰੀਆਂ ਦੀ ਸੂਬਾ ਪੱਧਰੀ ਖੇਡਾਂ ਲਈ ਹੋਈ ਚੋਣ, ਪ੍ਰਿੰਸੀਪਲ ਤੇ ਕੋਚ ਵੱਲੋਂ ਸਨਮਾਨਿਤ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ: ਖੇਡਾਂ ਵਤਨ ਪੰਜਾਬ ਦੀਆਂ ਤਹਿਤ ਚੱਲ ਰਹੇ ਖੇਡ ਮੁਕਾਬਲਿਆਂ ਵਿੱਚ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੂਰਪੁਰਬੇਦੀ ਦੇ ਖਿਡਾਰੀਆਂ ਨੇ ਟੇਬਲ ਟੈਨਿਸ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਸੋਨ ਤਮਗ਼ੇ ਅਤੇ ਇੱਕ ਕਾਂਸੀ ਦਾ ਤਮਗ਼ਾ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੇ ਨਾਲ ਹੀ ਸਕੂਲ ਦੇ ਸੱਤ ਖਿਡਾਰੀਆਂ ਦੀ ਸੂਬਾ ਪੱਧਰੀ ਖੇਡ ਮੁਕਾਬਲਿਆਂ ਲਈ ਚੋਣ ਹੋਣ ਨਾਲ ਸਕੂਲ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖਿਡਾਰੀਆਂ ਦੀ ਕੋਚ ਗੁਰਪਾਲ ਕੌਰ ਨੇ ਦੱਸਿਆ ਕਿ ਟੇਬਲ ਟੈਨਿਸ ਦੇ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲਿਆਂ ਵਿੱਚ ਸਕੂਲ ਦੇ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ, ਮਿਹਨਤ ਅਤੇ ਅਨੁਸ਼ਾਸਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-21 ਸਾਲ ਉਮਰ ਵਰਗ ਵਿੱਚ ਸੁਖਪ੍ਰੀਤ ਚੰਦਨ ਸਾਹਨੀ ਅਤੇ ਸੰਦੀਪ ਕੁਮਾਰ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਸੋਨ ਤਮਗ਼ਾ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਸਾਲ ਵਰਗ ਵਿੱਚ ਤੁਸ਼ਾਂਤ ਕੁਮਾਰ, ਅਨਮੋਲ ਅਤੇ ਅਮਨ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਸੋਨ ਤਮਗ਼ਾ ਆਪਣੇ ਨਾਮ ਕੀਤਾ। ਅੰਡਰ-14 ਸਾਲ ਵਰਗ ਵਿੱਚ ਅਭਿਜੋਤ ਕੁਮਾਰ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਾਂਸੇ ਦਾ ਤਮਗ਼ਾ ਜਿੱਤਿਆ। ਕੋਚ ਗੁਰਪਾਲ ਕੌਰ ਨੇ ਕਿਹਾ ਕਿ ਖਿਡਾਰੀਆਂ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਲਗਾਤਾਰ ਮਿਹਨਤ, ਅਭਿਆਸ ਅਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ। ਸੱਤ ਖਿਡਾਰੀਆਂ ਦੀ ਸੂਬਾ ਪੱਧਰੀ ਖੇਡਾਂ ਲਈ ਚੋਣ ਹੋਣਾ ਸਕੂਲ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਖਿਡਾਰੀ ਅਗਲੇ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕਰਨਗੇ। ਸਕੂਲ ਦੇ ਪ੍ਰਿੰਸੀਪਲ ਅਨਿਲ ਕੁਮਾਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਵਰਗੇ ਖੇਡ ਮੁਕਾਬਲੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਦੇ ਹਨ। ਸਕੂਲ ਵੱਲੋਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਸਕੂਲ ਪਹੁੰਚਣ ’ਤੇ ਜੇਤੂ ਖਿਡਾਰੀਆਂ ਦਾ ਪ੍ਰਿੰਸੀਪਲ ਅਨਿਲ ਕੁਮਾਰ ਅਤੇ ਸਮੂਹ ਸਕੂਲ ਸਟਾਫ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਕੋਚ ਗੁਰਪਾਲ ਕੌਰ ਨੂੰ ਵੀ ਖਿਡਾਰੀਆਂ ਦੀ ਤਿਆਰੀ ਅਤੇ ਯੋਗ ਅਗਵਾਈ ਲਈ ਸਨਮਾਨਿਤ ਕੀਤਾ ਗਿਆ।