ਹਰਜੋਤ ਬੈਂਸ ਵੱਲੋਂ ਵਾਰਡ ਨੰਬਰ 2 ’ਚ ਸਫ਼ਾਈ ਮੁਹਿੰਮ ਦਾ ਜਾਇਜ਼ਾ ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਰੱਖਣਾ ਸਾਡਾ ਸਾਰਿਆਂ ਦਾ ਬਣਦਾ ਫਰਜ਼ : ਹਰਜੋਤ ਬੈਂਸ
Publish Date: Fri, 25 Sep 2026 07:18 PM (IST)
Updated Date: Fri, 25 Sep 2026 07:21 PM (IST)
ਪੰਜਾਬੀ ਜਾਗਰਣ ਟੀਮ, ਨੰਗਲ: ਆਪਣਾ ਆਲਾ-ਦੁਆਲਾ, ਜਿੱਥੇ ਅਸੀਂ ਰਹਿੰਦੇ ਹਾਂ, ਨੂੰ ਸਾਫ਼-ਸੁਥਰਾ ਰੱਖਣਾ ਸਾਡੇ ਸਾਰਿਆਂ ਦਾ ਫਰਜ਼ ਹੈ। ਜੇਕਰ ਸਾਡਾ ਆਲਾ-ਦੁਆਲਾ ਸਾਫ਼-ਸੁਥਰਾ ਹੋਵੇਗਾ ਤਾਂ ਅਸੀਂ ਕਈ ਬਿਮਾਰੀਆਂ ਤੋਂ ਬਚ ਕੇ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹਾਂ। ਜੇਕਰ ਹਰ ਵਿਅਕਤੀ ਆਪਣੇ ਘਰ, ਗਲੀ ਅਤੇ ਆਲੇ-ਦੁਆਲੇ ਦੀ ਸਫਾਈ ਨੂੰ ਆਪਣੀ ਜ਼ਿੰਮੇਵਾਰੀ ਸਮਝੇ ਤਾਂ ਸਾਡਾ ਪਿੰਡ, ਸ਼ਹਿਰ, ਕਸਬਾ ਅਤੇ ਜ਼ਿਲ੍ਹਾ ਆਪਣੇ ਆਪ ਸਾਫ਼-ਸੁਥਰਾ ਬਣ ਸਕਦਾ ਹੈ। ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਨੰਗਲ ਦੇ ਵਾਰਡ ਨੰਬਰ-2 ਵਿੱਚ ਚੱਲ ਰਹੀ ਸਫਾਈ ਮੁਹਿੰਮ ਦਾ ਜਾਇਜ਼ਾ ਲੈਂਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਫਾਈ ਸਿਰਫ਼ ਸਰਕਾਰੀ ਵਿਭਾਗਾਂ ਜਾਂ ਸਫਾਈ ਸੇਵਕਾਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕ ਅਤੇ ਪ੍ਰਸ਼ਾਸਨ ਮਿਲ ਕੇ ਕੰਮ ਕਰਨਗੇ ਤਾਂ ਸਫਾਈ ਮੁਹਿੰਮ ਦੇ ਨਤੀਜੇ ਹੋਰ ਪ੍ਰਭਾਵਸ਼ਾਲੀ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਨੰਗਲ ਨੂੰ ਸਾਫ਼, ਸੁੰਦਰ ਅਤੇ ਵਿਵਸਥਿਤ ਸ਼ਹਿਰ ਬਣਾਉਣ ਲਈ ਲੋਕਾਂ ਦੀ ਭਾਗੀਦਾਰੀ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਵਿੱਚ ਸਫਾਈ ਪ੍ਰਤੀ ਹੋਰਨਾਂ ਲੋਕਾਂ ਨੂੰ ਵੀ ਜਾਗਰੂਕ ਕਰਨ ਅਤੇ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ ਦੀ ਆਦਤ ਅਪਣਾਉਣ। ਉਨ੍ਹਾਂ ਕਿਹਾ ਕਿ ਸਫਾਈ ਮੁਹਿੰਮ ਨੂੰ ਸਿਰਫ਼ ਇੱਕ ਦਿਨ ਜਾਂ ਕੁਝ ਸਮੇਂ ਤੱਕ ਸੀਮਤ ਰੱਖਣ ਦੀ ਬਜਾਏ ਇਸ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਜ਼ਰੂਰੀ ਹੈ। ਇਸ ਨਾਲ ਸ਼ਹਿਰ ਦੀ ਸੁੰਦਰਤਾ ਦੇ ਨਾਲ-ਨਾਲ ਲੋਕਾਂ ਦੀ ਸਿਹਤ ਵਿੱਚ ਵੀ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਨੰਗਲ ਦੇ ਵੱਖ-ਵੱਖ ਵਾਰਡਾਂ ’ਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਤੇ ਉਨ੍ਹਾਂ ਦੇ ਹੱਲ ਲਈ ਲਗਾਤਾਰ ਮੌਕੇ ’ਤੇ ਪਹੁੰਚ ਰਹੇ ਹਨ। ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਨਾਲ ਸਬੰਧਤ ਮਾਮਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਵਾਰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਦੀ ਸਫਾਈ ਅਤੇ ਬੁਨਿਆਦੀ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਲਈ ਲੋੜੀਂਦੇ ਕਦਮ ਲਗਾਤਾਰ ਚੁੱਕੇ ਜਾਣਗੇ। ਇਸ ਮੌਕੇ ਡਾ.ਸੰਜੀਵ ਗੌਤਮ, ਕਿਰਨ ਬਾਲਾ ਨਗਰ ਕੌਂਸਲ ਪ੍ਰਧਾਨ ਨੰਗਲ , ਨਿਸ਼ਾਂਤ ਗੁਪਤਾ , ਮਨਜੋਤ ਰਾਣਾ , ਮਨਿੰਦਰ ਸਿੰਘ ਨਿਧੀ, ਹਨੀ ਸਾਹਨੀ , ਸੰਜੀਵ ਕੁਮਾਰ , ਐਸਡੀਓ ਦਲਜੀਤ ਸਿੰਘ , ਰਣਜੀਤ ਸਿੰਘ ਰੱਗਾ , ਸਿਮਰਕਨ ਕੋਹਲੀ, ਮਦਨ ਲਾਲ ਸੈਨੇਟਰੀ ਇੰਸਪੈਕਟਰ , ਐਸਡੀਓ ਦਲਜੀਤ ਸਿੰਘ , ਐਸਡੀਓ ਮਨਜੀਤ ਸਿੰਘ ਆਦਿ ਹਾਜ਼ਰ ਸਨ।