ਹਰਜੋਤ ਬੈਂਸ ਨੇ 81.17 ਲੱਖ ਦੀ ਲਾਗਤ ਵਾਲੀ ਪਾਣੀ ਦੀ ਟੈਂਕੀ ਦਾ ਰੱਖਿਆ ਨੀਂਹ ਪੱਥਰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਨੰਗਲ ਦੇ ਵਾਰਡ ਨੰ. 13 'ਚ 81.17 ਲੱਖ ਦੀ ਲਾਗਤ
Publish Date: Fri, 25 Sep 2026 06:49 PM (IST)
Updated Date: Fri, 25 Sep 2026 06:51 PM (IST)
1 ਜਨਵਰੀ ਤੋਂ ਵਾਸੀਆਂ ਨੂੰ ਮਿਲੇਗਾ 24 ਘੰਟੇ ਨਹਿਰੀ ਪਾਣੀ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨੰਗਲ ਦੇ ਵਾਰਡ ਨੰਬਰ 13 (ਬਰਾਰੀ) ’ਚ ਪਾਣੀ ਦੀ ਨਵੀਂ ਟੈਂਕੀ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਟੈਂਕੀ 81.17 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾਵੇਗੀ ਅਤੇ ਇਸਦੀ ਸਮਰੱਥਾ 0.50 ਲੱਖ ਗੈਲਨ ਹੋਵੇਗੀ। ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਅਰਦਾਸ ਕਰਨ ਉਪਰੰਤ ਨਾਰੀਅਲ ਭੰਨ ਕੇ ਇਸ ਪ੍ਰੋਜੈਕਟ ਦਾ ਰਸਮੀ ਆਗਾਜ਼ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਨੰਗਲ ਸ਼ਹਿਰ ਦੀ ਵੱਡੀ ਤ੍ਰਾਸਦੀ ਰਹੀ ਹੈ ਕਿ ਜਿੱਥੋਂ ਪੰਜਾਬ ਵਿੱਚ ਸਤਲੁਜ ਦਰਿਆ ਸ਼ੁਰੂ ਹੁੰਦਾ ਹੈ, ਉਸੇ ਸ਼ਹਿਰ ਦੇ ਲੋਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਲਈ ਤਰਸਣਾ ਪੈ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮਾਧਵ ਨਗਰ, ਇੰਦਰਾ ਨਗਰ, ਵਾਰਡ ਨੰਬਰ 2, 11, 12 ਅਤੇ 13 ਵਿੱਚ ਪਾਣੀ ਦੀ ਬਹੁਤ ਵੱਡੀ ਦਿੱਕਤ ਸੀ। ਲੋਕਾਂ ਦੀ ਇਸ ਸਮੱਸਿਆ ਨੂੰ ਜੜ੍ਹੋਂ ਖਤਮ ਕਰਨ ਲਈ ਨੰਗਲ ਵਿੱਚ ਅਜਿਹੀਆਂ ਪੰਜ ਨਵੀਆਂ ਟੈਂਕੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਬੋਰ ਵੀ ਕੀਤੇ ਜਾ ਰਹੇ ਹਨ। ਮੰਤਰੀ ਬੈਂਸ ਨੇ ਐਲਾਨ ਕੀਤਾ ਕਿ ਅਗਲੇ 6 ਮਹੀਨਿਆਂ ਦੇ ਅੰਦਰ ਵਾਰਡ ਨੰਬਰ 11, 12 ਅਤੇ 13 ਨੂੰ ਟੈਸਟ ਮੋਡ ਤੇ ਰੱਖ ਕੇ ਨਹਿਰ ਦਾ ਸਾਫ਼ ਪਾਣੀ 24 ਘੰਟੇ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਅਗਲੇ 18 ਮਹੀਨਿਆਂ ਵਿੱਚ ਪੂਰੇ ਨੰਗਲ ਸ਼ਹਿਰ ਦੇ ਹਰ ਘਰ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ, ਜਿਸ ਲਈ 21 ਕਰੋੜ ਰੁਪਏ ਖਰਚੇ ਜਾ ਰਹੇ ਹਨ। ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਨੇ ਨੰਗਲ ਸ਼ਹਿਰ ਦੇ ਵਿਕਾਸ ਲਈ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਨੰਗਲ ਵਿੱਚ ਰੋਜ਼ਾਨਾ ਵਿਕਾਸ ਕਾਰਜ ਹੋ ਰਹੇ ਹਨ, ਜਿਨ੍ਹਾਂ ਵਿੱਚ 500 ਸੀਟਰ ਆਡੀਟੋਰੀਅਮ ਦੀ ਉਸਾਰੀ, ਸਕੂਲਾਂ ਦਾ ਸੁਧਾਰ ਅਤੇ ਸ਼ਹਿਰ ਦੀ ਸੁੰਦਰਤਾ ਲਈ ਵਾਲ ਪੇਂਟਿੰਗ ਸ਼ਾਮਲ ਹਨ। ਉਨ੍ਹਾਂ ਇੱਕ ਵੱਡੇ ਪ੍ਰੋਜੈਕਟ ਦਾ ਐਲਾਨ ਕਰਦਿਆਂ ਕਿਹਾ ਕਿ ਆਈ.ਟੀ.ਆਈ. (ਆਈਟੀਆਈ) ਵਿੱਚ 23 ਕਰੋੜ ਰੁਪਏ ਦੀ ਲਾਗਤ ਨਾਲ ਨੰਗਲ ਦੀ ਸਭ ਤੋਂ ਉੱਚੀ 6-ਮੰਜ਼ਿਲਾ ਇਮਾਰਤ, ਸ਼ਹੀਦ ਕੈਪਟਨ ਅਮੋਲ ਕਾਲੀਆ ਸੈਂਟਰ ਆਫ਼ ਐਕਸੀਲੈਂਸ ਬਣਾਈ ਜਾ ਰਹੀ ਹੈ। ਇੱਥੇ ਨੌਜਵਾਨਾਂ ਨੂੰ ਐਡਵਾਂਸਡ ਕੋਰਸ ਅਤੇ ਏਅਰ ਹੋਸਟੈੱਸ ਦੀ ਟ੍ਰੇਨਿੰਗ ਦਿੱਤੀ ਜਾਵੇਗੀ, ਜਿਸ ਨਾਲ ਉਨ੍ਹਾਂ ਨੂੰ ਤੁਰੰਤ ਰੁਜ਼ਗਾਰ ਮਿਲ ਸਕੇਗਾ। ਸ਼ਹਿਰ ਦੀ ਸਫ਼ਾਈ ਮੁਹਿੰਮ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਹੁਣ ਤੱਕ ਸਫ਼ਾਈ ਅਭਿਆਨ ਤਹਿਤ 100 ਤੋਂ ਵੱਧ ਟਰਾਲੀਆਂ ਮਲਬੇ ਦੀਆਂ ਕੱਢੀਆਂ ਜਾ ਚੁੱਕੀਆਂ ਹਨ। ਇਸ ਮੌਕੇ ਵਾਰਡ ਨੰਬਰ 13 ਦੇ ਐਮ.ਸੀ. ਹਰਦੀਪ ਸਿੰਘ ਬੈਂਸ ਨੇ ਸਮੂਹ ਵਾਰਡ ਵਾਸੀਆਂ ਵੱਲੋਂ ਕੈਬਨਿਟ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਕਥੇੜੇ ਪਿੰਡ ਵਾਲੀ ਟੈਂਕੀ ਤੋਂ ਪਾਣੀ ਦਾ ਪ੍ਰੈਸ਼ਰ ਬਹੁਤ ਘੱਟ ਹੁੰਦਾ ਸੀ, ਪਰ ਹੁਣ ਮੰਤਰੀ ਸਾਹਿਬ ਦੇ ਇਸ ਉਪਰਾਲੇ ਸਦਕਾ 1 ਜਨਵਰੀ ਤੋਂ ਹਰ ਘਰ ਵਿੱਚ ਸਤਲੁਜ ਦਾ ਨਹਿਰੀ ਪਾਣੀ 24 ਘੰਟੇ ਫੁੱਲ ਪ੍ਰੈਸ਼ਰ ਨਾਲ ਆਵੇਗਾ, ਜਿਸ ਨਾਲ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ ਹਮੇਸ਼ਾ ਲਈ ਹੱਲ ਹੋ ਜਾਵੇਗੀ।