ਪੀਐੱਚਸੀ ਕੀਰਤਪੁਰ ਸਾਹਿਬ 2 ਵਜੇ ਤੋਂ ਬਾਅਦ ਬੰਦ, ਇਲਾਜ ਲਈ ਜਾਣਾ ਪੈਂਦਾ ਬਾਹਰ ਪੀ, ਐਚ, ਸੀ ਕੀਰਤਪੁਰ ਸਾਹਿਬ 2 ਵਜੇ ਤੋਂ ਬਾਅਦ ਬੰਦ
Publish Date: Fri, 25 Sep 2026 05:22 PM (IST)
Updated Date: Fri, 25 Sep 2026 05:24 PM (IST)
56 ਪਿੰਡਾਂ ਨੂੰ ਲਗਦਾ ਸਰਕਾਰੀ ਹਸਪਤਾਲ, ਬਿਲਡਿੰਗ ਨਵਿਆਈ ਪਰ ਐਮਰਜੈਂਸੀ ਸੇਵਾਵਾਂ ਨਹੀਂ ਮਿਲਦੀਆਂ ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ: ਇਤਿਹਾਸਿਕ ਸ਼ਹਿਰ ਸ੍ਰੀ ਕੀਰਤਪੁਰ ਸਾਹਿਬ ਦੇ ਵਸਨੀਕ ਬੁਨਿਆਦੀ ਸਹੂਲਤਾਂ ਤੋਂ ਵੀ ਸਖਣੇ ਹਨ। ਸ੍ਰੀ ਕੀਰਤਪੁਰ ਸਾਹਿਬ ਸਿਆਸੀ ਮੱਤਭੇਦਾਂ ਕਾਰਨ ਵਿਕਾਸ ਪੱਖੋਂ ਬਹੁਤ ਪੱਛੜ ਗਿਆ ਹੈ। ਸਥਾਨਕ ਲੋਕਾਂ ਨੂੰ ਪੂਰੀਆਂ ਸਿਹਤ ਸਹੂਲਤਾਂਵਾ ਵੀ ਨਹੀਂ ਮਿਲ ਰਹੀਆਂ ਜੇਕਰ ਗੱਲ ਪੀਐੱਚਸੀ ਸ੍ਰੀ ਕੀਰਤਪੁਰ ਸਾਹਿਬ ਦੀ ਕਰੀਏ ਤਾਂ ਦੁਪਹਿਰ ਤੋਂ ਬਾਅਦ ਮੁਢਲੀ ਸਹਾਇਤਾ ਦੇਣ ਵਾਲਾ ਵੀ ਕੋਈ ਨਹੀਂ ਹੁੰਦਾ ਜਦੋਂ ਕਿ ਇਲਾਕੇ ਦੇ ਇਸ ਹਸਪਤਾਲ ਨੂੰ 56 ਪਿੰਡ ਲੱਗਦੇ ਹਨ ਤੇ ਹਿਮਾਚਲ ਪ੍ਰਦੇਸ਼ ਦਾ ਮੁੱਖ ਦੁਆਰ ਕਿਹਾ ਜਾਣ ਵਾਲਾ ਨੈਸ਼ਨਲ ਹਾਈਵੇ ਮਨਾਲੀ ਅਤੇ ਧਰਮਸ਼ਾਲਾ ਨਜ਼ਦੀਕ ਲੱਗਦੇ ਹਨ, ਜੇਕਰ ਕੋਈ ਵੱਡਾ ਸੜਕੀ ਹਾਦਸਾ ਹੁੰਦਾ ਹੈ ਤਾਂ ਮਰੀਜ਼ ਨੂੰ ਐਮਰਜੈਂਸੀ ਸੇਵਾਵਾਂ ਨਹੀਂ ਮਿਲਦੀਆਂ ਤੇ ਮਰੀਜ਼ ਨੂੰ ਚੰਡੀਗੜ੍ਹ ਜਾ ਹੋਰ ਵੱਡੇ ਹਸਪਤਾਲਾਂ ਦਾ ਰੁੱਖ ਕਰਨਾ ਪੈਂਦਾ ਹੈ, ਜਿਸ ਨਾਲ ਸਮੇਂ ਦੀ ਘਾਟ ਕਾਰਨ ਕਈ ਹਾਦਸਾਗ੍ਰਸਤ ਮਰੀਜ਼ ਰਸਤੇ ਵਿੱਚ ਹੀ ਦਮ ਤੋੜ ਦਿੰਦੇ ਹਨ। ਹਰ ਵਾਰ ਚੋਣਾਂ ਸਮੇਂ ਸਿਆਸੀ ਆਗੂਆਂ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਟਰੌਮਾ ਸੈਂਟਰ ਬਣਾਉਣ ਦਾ ਵਾਅਦਾ ਕੀਤਾ ਜਾਂਦਾ ਹੈ ਪਰ ਸਮੇਂ ਦੇ ਨਾਲ ਐਲਾਨ ਹੀ ਰਹਿ ਜਾਂਦਾ ਹੈ। ਬੇਸ਼ੱਕ ਪੀਐਚਸੀ ਸ੍ਰੀ ਕੀਰਤਪੁਰ ਸਾਹਿਬ ਬਿਲਡਿੰਗ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਹਸਪਤਾਲ ਦੀ ਦਿਖ ਨੂੰ ਰੰਗ ਰੋਗਨ ਕਰਕੇ ਵਧੀਆ ਬਣਾਇਆ ਗਿਆ ਪਰ ਜਦੋਂ ਤੱਕ ਡਾਕਟਰਾਂ ਦੀ ਤੈਨਾਤੀ ਅਤੇ 24 ਘੰਟੇ ਐਮਰਜੈਂਸੀ ਸੇਵਾਵਾਂ ਚਾਲੂ ਨਹੀਂ ਹੁੰਦੀਆਂ ਉਦੋਂ ਤੱਕ ਇਲਾਕਾ ਨਿਵਾਸੀਆਂ ਨੂੰ ਇਲਾਜ ਲਈ ਬਾਹਰ ਭੱਜਣਾ ਪਵੇਗਾ। ਮੁੱਖ ਮਾਰਗ ’ਤੇ ਦੇਰ ਸਵੇਰ ਹਾਦਸੇ ਵਾਪਰਨ ਤੋਂ ਬਾਅਦ ਇਥੋਂ ਤੁਰੰਤ ਮਰੀਜ਼ਾਂ ਨੂੰ ਰੂਪਨਗਰ ਰੈਫਰ ਕੀਤਾ ਜਾਂਦਾ ਹੈ। ਦੁਪਹਿਰ ਬਾਅਦ ਕੋਈ ਮੱਲਮ ਪੱਟੀ ਕਰਨ ਵਾਲੇ ਵੀ ਨਹੀਂ ਹੁੰਦੇ। ਦੱਸਣਯੋਗ ਹੈ ਕੀ ਵਿਧਾਨ ਸਭਾ ਚੋਣਾਂ 2022 ਵਿੱਚ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਵੱਲੋਂ ਪੀਐਚਸੀ ਸ੍ਰੀ ਕੀਰਤਪੁਰ ਸਾਹਿਬ ਦਾ ਮੁੱਦਾ ਜ਼ੋਰ ਸ਼ੋਰ ਨਾਲ ਚੁੱਕਿਆ ਗਿਆ ਸੀ ਅਤੇ ਸਥਾਨਕ ਲੋਕਾਂ ਨਾਲ ਵਾਅਦਾ ਵੀ ਕੀਤਾ ਗਿਆ ਸੀ ਕਿ ਸਰਕਾਰ ਬਣਦੇ ਹੀ ਸਭ ਤੋਂ ਪਹਿਲਾਂ ਪੀਐਚਸੀ ਕੀਰਤਪੁਰ ਸਾਹਿਬ ਐਮਰਜੈਂਸੀ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਇਲਾਕੇ ਦੇ ਲੋਕਾਂ ਨੂੰ ਟਰੋਮਾ ਸੈਂਟਰ ਬਣਾ ਕੇ ਦਿੱਤਾ ਜਾਵੇਗਾ ਪਰ ਆਮ ਆਦਮੀ ਪਾਰਟੀ ਦਾ ਕਾਰਜਕਾਲ ਵੀ ਖਤਮ ਹੋ ਰਿਹਾ ਹੈ, ਬੇਸ਼ਕ ਸਰਕਾਰ ਵੱਲੋਂ ਸਾਢੇ ਚਾਰ ਸਾਲ ਬਾਅਦ ਬਿਲਡਿੰਗ ਬਣਾਈ ਰੰਗ ਰੋਗਨ ਪਰ ਹੁਣ ਤੱਕ ਐਮਰਜੈਂਸੀ ਸੇਵਾਵਾਂ ਸ਼ੁਰੂ ਨਹੀਂ ਹੋ ਸਕੀਆਂ ਅਤੇ ਨਾ ਹੀ ਵਧੀਆ ਡਾਕਟਰਾਂ ਦੀ ਤੈਨਾਤੀ ਹੋ ਸਕੀ ਜਦੋਂ ਵੀ ਹਲਕਾ ਵਿਧਾਇਕ ਨੂੰ ਸਵਾਲ ਕੀਤਾ ਜਾਂਦਾ ਹੈ ਤਾਂ ਰਟਿਆ ਰਟਾਇਆ ਇੱਕੋ ਹੀ ਜਵਾਬ ਹੁੰਦਾ ਹੈ ਕਿ ਜਲਦ ਹੀ ਡਾਕਟਰਾਂ ਦੀ ਤੈਨਾਤੀ ਹੋ ਰਹੀ ਹੈ। ----------- ਸਿਆਸੀ ਮੱਤਭੇਦਾਂ ਕਾਰਨ ਪਛੜਿਆ ਵਿਕਾਸ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਿਛਲੇ ਸਾਢੇ ਚਾਰ ਸਾਲਾਂ ਤੋਂ ਕਾਂਗਰਸ ਪਾਰਟੀ ਦਾ ਕਬਜ਼ਾ ਸੀ ਅਤੇ ਪ੍ਰਧਾਨ ਵੀ ਕਾਂਗਰਸ ਪਾਰਟੀ ਨਾਲ ਸੰਬੰਧਿਤ ਸੀ ਸਥਾਨਕ ਲੋਕਾਂ ਦਾ ਅਨੁਮਾਨ ਸੀ ਕਿ ਸਿਆਸੀ ਮਤਭੇਦ ਵਿਕਾਸ ਕਾਰਜਾਂ ਵਿੱਚ ਅੜਿਕਾ ਬਣ ਰਹੇ ਹਨ। ਸ਼ਹਿਰ ਵਾਸੀਆਂ ਵੱਲੋਂ ਪਿਛਲੇ ਸਮੇਂ ਹੋਈਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ ਅਤੇ ਆਪ ਦਾ ਪ੍ਰਧਾਨ ਚੁਣਿਆ ਗਿਆ।