ਸਰਕਾਰ ਦੀ ਟਾਲਮਟੋਲ ਤੋਂ ਭੜਕੇ ਜੰਗਲਾਤ ਕਾਮੇ, 30 ਨੂੰ ਦਿੜਬਾ ’ਚ ਕਰਨਗੇ ਰੋਸ ਪ੍ਰਦਰਸ਼ਨ ਸਰਕਾਰ ਦੀ ਟਾਲਮਟੋਲ ਤੋਂ ਭੜਕੇ ਜੰਗਲਾਤ ਕਾਮੇ
Publish Date: Fri, 25 Sep 2026 04:13 PM (IST)
Updated Date: Fri, 25 Sep 2026 04:15 PM (IST)
27-28 ਸਾਲਾਂ ਤੋਂ ਸੇਵਾ ਨਿਭਾਅ ਰਹੇ ਕਾਮਿਆਂ ਨੂੰ ਪੱਕਾ ਕਰਨ ਦੀ ਮੰਗ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਕੱਚੇ ਕਾਮਿਆਂ ਨੂੰ ਪੱਕਾ ਕਰਨ ਸਮੇਤ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਸਰਕਾਰ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਵੱਲੋਂ 30 ਸਤੰਬਰ ਨੂੰ ਵਿਧਾਨ ਸਭਾ ਹਲਕਾ ਦਿੜਬਾ, ਸੰਗਰੂਰ ’ਚ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਇਸ ਤੋਂ ਬਾਅਦ ਪੱਕਾ ਮੋਰਚਾ ਲਗਾਇਆ ਜਾਵੇਗਾ। ਸੂਬਾਈ ਪ੍ਰਧਾਨ ਅਮਰੀਕ ਸਿੰਘ ਗੜ੍ਹਸ਼ੰਕਰ ਦੀ ਪ੍ਰਧਾਨਗੀ ਹੇਠ ਹੋਈ ਯੂਨੀਅਨ ਦੀ ਮੀਟਿੰਗ ਦੀ ਕਾਰਵਾਈ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਨੇ ਜਾਰੀ ਕੀਤੀ। ਮੀਟਿੰਗ ’ਚ ਜਨਰਲ ਸਕੱਤਰ ਜਸਵੀਰ ਸਿੰਘ ਸੀਰਾ, ਵਿੱਤ ਸਕੱਤਰ ਅਮਨਦੀਪ ਸਿੰਘ ਛੱਤ, ਚੇਅਰਮੈਨ ਵਿਰਸਾ ਸਿੰਘ ਚਹਿਲ, ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਗੁਰਦਾਸਪੁਰ ਤੇ ਸਤਨਾਮ ਸੰਗਤੀਵਾਲਾ ਸੰਗਰੂਰ ਸਮੇਤ ਹੋਰ ਆਗੂ ਹਾਜ਼ਰ ਸਨ। ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਲਈ 16 ਮਈ 2023 ਨੂੰ ਨੀਤੀ ਬਣਾਈ ਗਈ ਸੀ ਪਰ ਵਣ ਤੇ ਜੰਗਲੀ ਜੀਵ ਵਿਭਾਗ ’ਚ ਲੰਮੇ ਸਮੇਂ ਤੋਂ ਸੇਵਾ ਨਿਭਾਅ ਰਹੇ ਕਾਮਿਆਂ ਨੂੰ ਪੱਕਾ ਕਰਨ ਦੀ ਬਜਾਏ ਪਲੇਸਮੈਂਟ ਦਿੱਤੀ ਗਈ। ਉਨ੍ਹਾਂ ਕਿਹਾ ਕਿ 27-28 ਸਾਲਾਂ ਤੋਂ ਵਿਭਾਗ ’ਚ ਕੰਮ ਕਰ ਰਹੇ ਸੀਨੀਅਰ ਕਾਮਿਆਂ ਨੂੰ ਪੱਕੇ ਕਾਮਿਆਂ ਵਾਲੀਆਂ ਸਹੂਲਤਾਂ ਨਾ ਮਿਲਣ ਕਾਰਨ ਕਾਮਿਆਂ ’ਚ ਰੋਸ ਤੇ ਬੇਚੈਨੀ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਕੈਬਨਿਟ ਮੰਤਰੀਆਂ ਨਾਲ ਕਈ ਮੀਟਿੰਗਾਂ ਹੋਣ ਦੇ ਬਾਵਜੂਦ ਮੰਗਾਂ ਦਾ ਸਥਾਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੀਟਿੰਗਾਂ ਦੌਰਾਨ ਹਾਂ-ਪੱਖੀ ਭਰੋਸੇ ਦਿੱਤੇ ਜਾਂਦੇ ਰਹੇ ਪਰ ਅਮਲੀ ਤੌਰ ’ਤੇ ਕਾਮਿਆਂ ਨੂੰ ਲਗਾਤਾਰ ਇੰਤਜ਼ਾਰ ਕਰਨਾ ਪੈ ਰਿਹਾ ਹੈ। ਯੂਨੀਅਨ ਅਨੁਸਾਰ ਪਲੇਸਮੈਂਟ ’ਤੇ ਰੱਖੇ ਕਾਮਿਆਂ ਨੂੰ ਕੇਵਲ 15 ਹਜ਼ਾਰ ਰੁਪਏ ਮਹੀਨਾਵਾਰ ਤਨਖਾਹ ਦਿੱਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਮੌਜੂਦਾ ਮਹਿੰਗਾਈ ਦੇ ਦੌਰ ’ਚ ਇਸ ਆਮਦਨ ਨਾਲ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੈ। ਉਨ੍ਹਾਂ ਮੰਗ ਕੀਤੀ ਕਿ ਸਾਲ 2006 ਤੱਕ 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ 14 ਕਾਮਿਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਤੇ ਸਾਲ 2026 ਤੱਕ 10 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਸਾਰੇ ਕਾਮਿਆਂ ਨੂੰ ਬਿਨ੍ਹਾਂ ਸ਼ਰਤ ਪੱਕਾ ਕੀਤਾ ਜਾਵੇ। ਯੂਨੀਅਨ ਨੇ 30 ਜੁਲਾਈ 2025 ਅਤੇ 13 ਜੁਲਾਈ 2026 ਨੂੰ ਮੁੱਖ ਮੰਤਰੀ ਵੱਲੋਂ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਕਾਮਿਆਂ ਨੂੰ ਪੂਰੇ ਸਕੇਲ ਅਨੁਸਾਰ ਤਨਖਾਹਾਂ ਦੇਣ, ਡੀ.ਏ., ਮੈਡੀਕਲ ਤੇ ਪੈਨਸ਼ਨਰੀ ਲਾਭ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਵਿਭਾਗੀ ਕਾਮਿਆਂ ਦੀ ਸੀਨੀਅਰਤਾ ਸੂਚੀ ਨੂੰ 31 ਮਾਰਚ 2026 ਤੱਕ ਅਪਡੇਟ ਕਰਨ, ਵਿਭਾਗ ’ਚ ਨਵੇਂ ਕੰਮ ਸ਼ੁਰੂ ਕਰਨ ਤੇ ਨਵੇਂ ਕਾਮਿਆਂ ਨੂੰ ਕੰਮ ’ਤੇ ਰੱਖਣ ਦੀ ਮੰਗ ਵੀ ਕੀਤੀ ਗਈ। ਘੱਟੋ-ਘੱਟ ਉਜਰਤਾਂ ’ਚ ਹੋਏ ਵਾਧੇ ਦਾ ਏਰੀਅਰ ਜਾਰੀ ਕਰਨ ਦੀ ਮੰਗ ਵੀ ਆਗੂਆਂ ਵੱਲੋਂ ਉਠਾਈ ਗਈ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਸਬਆਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸਹਿਯੋਗ ਨਾਲ 30 ਸਤੰਬਰ ਨੂੰ ਦਿੜਬਾ ਵਿਧਾਨ ਸਭਾ ਹਲਕੇ ’ਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਉਪਰੰਤ ਮੰਗਾਂ ਦੀ ਪੂਰਤੀ ਤੱਕ ਪੱਕਾ ਮੋਰਚਾ ਲਗਾਉਣ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਸੁਲੱਖਣ ਮੋਹਾਲੀ, ਮਲਕੀਤ ਮੁਕਤਸਰ, ਪਵਨ ਹੁਸ਼ਿਆਰਪੁਰ, ਰਾਣਾ ਫਿਰੋਜ਼ਪੁਰ, ਭੁਪਿੰਦਰ ਦਸੂਹਾ, ਕਰਮ ਸਿੰਘ ਹਰੀਕੇ ਪੱਤਣ, ਰਵੀਕਾਂਤ ਰੋਪੜ, ਜਗਤਾਰ ਸ਼ਾਹਪੁਰ, ਭੁਪਿੰਦਰ ਸਿੰਘ ਸਾਧੋਹੇੜੀ ਸਮੇਤ ਹੋਰ ਯੂਨੀਅਨ ਆਗੂ ਹਾਜ਼ਰ ਸਨ।