ਦੀ ਕੀਰਤਪੁਰ ਸਾਹਿਬ ਟਰੱਕ ਆਪਰੇਟਰਜ਼ ਕੋਆਪਰੇਟਰ ਦੀ ਕੀਰਤਪੁਰ ਸਾਹਿਬ ਟਰੱਕ ਆਪਰੇਟਰਜ਼ ਕੋਆਪਰੇਟਰ
Publish Date: Mon, 21 Sep 2026 07:25 PM (IST)
Updated Date: Mon, 21 Sep 2026 07:27 PM (IST)
ਟਰੱਕ ਆਪਰੇਟਰਜ਼ ਕੋਆਪਰੇਟਰ ਟਰਾਂਸਪੋਰਟ ਸੁਸਾਇਟੀ ਦਾ ਵਿਵਾਦ ਭਖਿਆ ਪੰਜਾਬੀ ਜਾਗਰਣ ਟੀਮ, ਸ੍ਰੀ ਕੀਰਤਪੁਰ ਸਾਹਿਬ: ਦਿ ਕੀਰਤਪੁਰ ਸਾਹਿਬ ਟਰੱਕ ਆਪਰੇਟਰਜ਼ ਕੋਆਪਰੇਟਰ ਟਰਾਂਸਪੋਰਟ ਸੁਸਾਇਟੀ ਕੀਰਤਪੁਰ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਸੋਮਵਾਰ ਨੂੰ ਉਸ ਸਮੇਂ ਹੋਰ ਭੱਖ ਗਿਆ ਜਦੋਂ ਦੋ ਧੜਿਆਂ ’ਚ ਵੰਡੇ ਹੋਏ ਟਰੱਕ ਆਪਰੇਟਰ ਵੱਡੀ ਗਿਣਤੀ ’ਚ ਆਹਮੋ-ਸਾਹਮਣੇ ਆ ਗਏ। ਥਾਣੇ ਦੇ ਬਾਹਰ ਇਕੱਠ ਤੋਂ ਬਾਅਦ ਮਾਮਲਾ ਟਰੱਕ ਯੂਨੀਅਨ ਦੀ ਬ੍ਰਾਂਚ ਤੱਕ ਪਹੁੰਚ ਗਿਆ, ਜਿੱਥੇ ਦੋਵੇਂ ਧੜਿਆਂ ਵਿਚਕਾਰ ਤਿੱਖੀ ਬਹਿਸ ਤੋਂ ਬਾਅਦ ਮਾਹੌਲ ਗਰਮਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬਲਵੀਰ ਸਿੰਘ ਸ਼ਾਹਪੁਰ ਬੇਲਾ ਨੂੰ ਟਰੱਕ ਯੂਨੀਅਨ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ। ਇਸ ਤੋਂ ਬਾਅਦ ਕੁਝ ਟਰੱਕ ਆਪਰੇਟਰਾਂ ਵੱਲੋਂ ਬਾਬਾ ਬਲਦੇਵ ਸਿੰਘ ਨੂੰ ਪ੍ਰਧਾਨ ਬਣਾਏ ਜਾਣ ਕਾਰਨ ਯੂਨੀਅਨ ’ਚ ਦੋ ਧੜੇ ਬਣ ਗਏ ਹਨ। ਇਕ ਧੜਾ ਬਲਵੀਰ ਸਿੰਘ ਸ਼ਾਹਪੁਰ ਬੇਲਾ ਦੇ ਨਾਲ ਖੜ੍ਹਾ ਹੈ, ਜਦਕਿ ਦੂਜਾ ਧੜਾ ਬਾਬਾ ਬਲਦੇਵ ਸਿੰਘ ਦੇ ਸਮਰਥਨ ’ਚ ਹੈ। --------- ਕੱਲ੍ਹ ਤੋਂ ਮੇਰੀ ਰੇਕੀ ਹੋ ਰਹੀ ਸੀ: ਬਲਵੀਰ ਸਿੰਘ ਸੋਮਵਾਰ ਸਵੇਰੇ ਬਲਵੀਰ ਸਿੰਘ ਸ਼ਾਹਪੁਰ ਬੇਲਾ ਸਮੇਤ ਵੱਡੀ ਗਿਣਤੀ ’ਚ ਟਰੱਕ ਆਪਰੇਟਰ ਥਾਣਾ ਕੀਰਤਪੁਰ ਸਾਹਿਬ ਦੇ ਬਾਹਰ ਇਕੱਠੇ ਹੋਏ। ਬਲਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨ ਤੋਂ ਕੁਝ ਨੌਜਵਾਨ ਉਸ ਦੀ ਰੇਕੀ ਕਰ ਰਹੇ ਸਨ ਤੇ ਹਥਿਆਰਾਂ ਸਣੇ ਉਸ ਦੀਆਂ ਗੱਡੀਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਸ ਦਾ ਦਾਅਵਾ ਹੈ ਕਿ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਸੀ, ਜਿਸ ਬਾਰੇ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਉਸ ਮੁਤਾਬਕ ਪੁਲਿਸ ਵੱਲੋਂ ਕੁਝ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਕੋਲੋਂ ਹਥਿਆਰ ਮਿਲਣ ਦੀ ਗੱਲ ਸਾਹਮਣੇ ਆਈ ਹੈ। ----------- ਯੂਨੀਅਨ ਦਫ਼ਤਰ ਪਹੁੰਚਦੇ ਹੀ ਵਧਿਆ ਤਣਾਅ: ਥਾਣੇ ਦੇ ਬਾਹਰ ਇਕੱਠ ਤੋਂ ਬਾਅਦ ਬਲਵੀਰ ਸਿੰਘ ਦੇ ਸਮਰਥਕ ਟਰੱਕ ਆਪਰੇਟਰ ਯੂਨੀਅਨ ਦੀ ਬ੍ਰਾਂਚ ’ਚ ਪਹੁੰਚੇ। ਉੱਥੇ ਬਾਬਾ ਬਲਦੇਵ ਸਿੰਘ ਦੇ ਸਮਰਥਕ ਪਹਿਲਾਂ ਤੋਂ ਮੌਜੂਦ ਸਨ। ਦੋਵੇਂ ਧੜਿਆਂ ਦੇ ਆਹਮੋ-ਸਾਹਮਣੇ ਹੋਣ ਨਾਲ ਮਾਹੌਲ ਤਣਾਅਪੂਰਨ ਹੋ ਗਿਆ। ਇਸ ਦੌਰਾਨ ਗੇਟ ਦੇ ਅੰਦਰ ਤੇ ਬਾਹਰ ਖੜ੍ਹੇ ਦੋਵੇਂ ਧੜਿਆਂ ਵਿਚਕਾਰ ਕਾਫ਼ੀ ਦੇਰ ਤੱਕ ਗਾਲੀ-ਗਲੋਚ ਹੁੰਦੀ ਰਹੀ। ਮੌਕੇ ’ਤੇ ਪੁਲਿਸ ਮੌਜੂਦ ਹੋਣ ਦੇ ਬਾਵਜੂਦ ਤਣਾਅ ਘਟਣ ਦੀ ਬਜਾਏ ਦੋਵੇਂ ਧੜੇ ਇੱਕ-ਦੂਜੇ ’ਤੇ ਦੋਸ਼ ਲਗਾਉਂਦੇ ਰਹੇ। ਵੱਡੀ ਗਿਣਤੀ ’ਚ ਟਰੱਕ ਆਪਰੇਟਰ ਇਕੱਠੇ ਹੋਣ ਕਾਰਨ ਕਿਸੇ ਵੀ ਸਮੇਂ ਸਥਿਤੀ ਹੋਰ ਵਿਗੜਨ ਦਾ ਖਦਸ਼ਾ ਬਣਿਆ ਰਿਹਾ। ਇਸ ਤੋਂ ਬਾਅਦ ਮੌਕੇ ’ਤੇ ਮੌਜੂਦ ਅਧਿਕਾਰੀਆਂ ਵੱਲੋਂ ਟਰੱਕ ਆਪਰੇਟਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਗੱਡੀਆਂ ਕਟਵਾਈਆਂ ਗਈਆਂ। ਅਧਿਕਾਰੀਆਂ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਯੂਨੀਅਨ ਨੂੰ ਲੈ ਕੇ ਹੁਣ ਕਿਸੇ ਇੱਕ ਵਿਅਕਤੀ ਵੱਲੋਂ ਆਪਣੇ ਪੱਧਰ ’ਤੇ ਪ੍ਰਧਾਨ ਬਣ ਕੇ ਕੰਮ ਕਰਨ ਦੀ ਬਜਾਏ ਸਰਕਾਰੀ ਤੌਰ ’ਤੇ ਬਣੀ ਵਿਵਸਥਾ ਅਨੁਸਾਰ ਮਾਮਲਾ ਚਲਾਇਆ ਜਾਵੇਗਾ। ਗ੍ਰਿਫ਼ਤਾਰੀ ਸਬੰਧੀ ਜਦੋਂ ਡੀਐੱਸਪੀ ਜਸ਼ਨਦੀਪ ਸਿੰਘ ਮਾਨ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਕਿਸੇ ਮਾਮਲੇ ਵਿੱਚ ਮੁਕੱਦਮਾ ਦਰਜ ਨਹੀਂ ਕੀਤਾ ਗਿਆ ਤੇ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।