ਨੰਗਲ ’ਚ 11 ਕਰੋੜ ਦੀ ਲਾਗਤ ਨਾਲ ਬਣੇਗਾ 500 ਸੀਟਾਂ ਦੀ ਸਮਰੱਥਾ ਵਾਲਾ ਸ਼ਾਨਦਾਰ ਆਡੀਟੋਰੀਅਮ: ਹਰਜੋਤ ਬੈਂਸ ਸਕੂਲ ਆਫ ਐਮੀਨੈਂਸ ਨੰਗਲ ਵਿਖੇ 11 ਕਰੋੜ ਦੀ ਲਾਗਤ ਨਾਲ ਬਣੇਗਾ 500 ਸੀਟਾਂ ਦੀ ਸਮਰੱਥਾ ਵਾਲਾ ਸ਼ਾਨਦਾਰ ਆਡੀਟੋਰੀਅਮ: ਹਰਜੋਤ ਬੈਂਸ
Publish Date: Mon, 21 Sep 2026 04:42 PM (IST)
Updated Date: Mon, 21 Sep 2026 04:44 PM (IST)
8 ਕਰੋੜ ਦੀ ਲਾਗਤ ਨਾਲ ਬਣੇਗਾ ਸਕੂਲ ’ਚ ਨਵਾਂ ਬਲਾਕ, 7 ਲੈਬਾਂ ਤੇ 7 ਨਵੇਂ ਕਮਰਿਆਂ ਦੀ ਉਸਾਰੀ ਸ਼ੁਰੂ ਪੰਜਾਬੀ ਜਾਗਰਣ ਟੀਮ, ਨੰਗਲ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਨੰਗਲ ’ਚ 11 ਕਰੋੜ ਦੀ ਲਾਗਤ ਨਾਲ ਅਤਿ-ਆਧੁਨਿਕ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਆਡੀਟੋਰੀਅਮ ਦਾ ਨਿਰਮਾਣ ਭੂਮੀ ਪੂਜਨ ਕਰਕੇ ਸ਼ੁਰੂ ਕਰਵਾਇਆ। ਇਸ ਦੇ ਨਾਲ ਕੈਬਨਿਟ ਮੰਤਰੀ ਨੇ 8 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਲਾਕ ਦੀ ਉਸਾਰੀ ਵੀ ਸ਼ੁਰੂ ਕਰਵਾਈ ਗਈ, ਜਿਸ ਵਿਚ 7 ਅਤਿ-ਆਧੁਨਿਕ ਲੈਬਾਂ ਤੇ 7 ਨਵੇਂ ਕਮਰੇ ਤਿਆਰ ਕੀਤੇ ਜਾਣਗੇ। ਇਹ ਦੋਵੇਂ ਮਹੱਤਵਪੂਰਨ ਪ੍ਰੋਜੈਕਟ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਸਕੂਲ ਆਫ਼ ਐਮੀਨੈਂਸ ਨੰਗਲ ’ਚ ਉਸਾਰੇ ਜਾ ਰਹੇ ਹਨ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਨੰਗਲ ਸ਼ਹਿਰ ’ਚ ਅੱਜ ਤੱਕ ਕੋਈ ਅਜਿਹਾ ਆਧੁਨਿਕ ਆਡੀਟੋਰੀਅਮ ਨਹੀਂ ਸੀ, ਜਿੱਥੇ ਸ਼ਹਿਰ ਵਾਸੀ, ਵਿੱਦਿਅਕ ਸੰਸਥਾਵਾਂ ਜਾਂ ਹੋਰ ਸੰਸਥਾਵਾਂ ਆਪਣੇ ਸਮਾਗਮ ਤੇ ਪ੍ਰੋਗਰਾਮ ਕਰਵਾ ਸਕਣ। ਉਨ੍ਹਾਂ ਕਿਹਾ ਕਿ ਇਸ ਅਤਿ-ਆਧੁਨਿਕ ਆਡੀਟੋਰੀਅਮ ਦੇ ਨਿਰਮਾਣ ਨਾਲ ਜਿੱਥੇ ਸਕੂਲ ਨੂੰ ਇਕ ਵੱਡੀ ਸੌਗਾਤ ਮਿਲੇਗੀ, ਉੱਥੇ ਹੀ ਨੰਗਲ ਸ਼ਹਿਰ ਵਾਸੀਆਂ ਨੂੰ ਵੀ ਇਕ ਵੱਡੀ ਤੇ ਲੰਬੇ ਸਮੇਂ ਤੋਂ ਲੋੜੀਂਦੀ ਸਹੂਲਤ ਪ੍ਰਦਾਨ ਹੋਵੇਗੀ। ਉਨ੍ਹਾਂ ਕਿਹਾ ਕਿ 500 ਸੀਟਾਂ ਦੀ ਸਮਰੱਥਾ ਵਾਲੇ ਇਸ ਆਡੀਟੋਰੀਅਮ ’ਚ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਸਮਾਗਮ, ਸੈਮੀਨਾਰ, ਵਾਦ-ਵਿਵਾਦ, ਨਾਟਕ, ਇਨਾਮ ਵੰਡ ਸਮਾਰੋਹ ਤੇ ਹੋਰ ਗਤੀਵਿਧੀਆਂ ਕਰਵਾਈਆਂ ਜਾ ਸਕਣਗੀਆਂ। ਇਸ ਨਾਲ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਤੇ ਹੁਨਰ ਨੂੰ ਵੱਡੇ ਮੰਚ ’ਤੇ ਪੇਸ਼ ਕਰਨ ਦੇ ਵਧੇਰੇ ਮੌਕੇ ਮਿਲਣਗੇ। ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ’ਚ ਬਣਾਇਆ ਜਾ ਰਿਹਾ ਨਵਾਂ ਬਲਾਕ ਵੀ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦੀਆਂ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਇਕ ਹੋਰ ਵੱਡਾ ਕਦਮ ਹੈ। 8 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਬਲਾਕ ’ਚ 7 ਅਤਿ-ਆਧੁਨਿਕ ਲੈਬਾਂ ਤੇ 7 ਨਵੇਂ ਕਮਰੇ ਬਣਾਏ ਜਾਣਗੇ, ਜਿਸ ਨਾਲ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ ਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਪ੍ਰੈਕਟੀਕਲ ਸਿੱਖਿਆ ਲਈ ਵੀ ਬਿਹਤਰ ਮਾਹੌਲ ਮਿਲੇਗਾ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਤੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸਕੂਲ ਆਫ਼ ਐਮੀਨੈਂਸ ਇਸੇ ਸੋਚ ਦਾ ਹਿੱਸਾ ਹਨ, ਜਿੱਥੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਪ੍ਰਯੋਗਸ਼ਾਲਾਵਾਂ ਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੰਗਲ ਦੇ ਵਿਕਾਸ ਲਈ ਪਿਛਲੇ ਸਮੇਂ ਦੌਰਾਨ ਕਈ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਤੇ ਆਉਣ ਵਾਲੇ ਸਮੇਂ ’ਚ ਵੀ ਸ਼ਹਿਰ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਵਿਕਾਸ ਕਾਰਜਾਂ ਦੀ ਗਤੀ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੰਗਲ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਕੇ ਇਕ ਬਿਹਤਰ ਤੇ ਸੁੰਦਰ ਸ਼ਹਿਰ ਬਣਾਉਣਾ ਉਨ੍ਹਾਂ ਦੀ ਪ੍ਰਮੁੱਖ ਤਰਜ਼ੀਹ ਹੈ। ਇਸ ਮੌਕੇ ਇਸ ਮੌਕੇ ਡਾ.ਸੰਜੀਵ ਗੌਤਮ ਜਿਲ੍ਹਾ ਪ੍ਰਧਾਨ, ਕਿਰਨ ਬਾਲਾ ਚੇਅਰਮੈਨ ਨਗਰ ਕੋਂਸਲ, ਕਮਿੱਕਰ ਸਿੰਘ ਡਾਢੀ ਮੈਂਬਰ ਦਲਿਤ ਵਿਕਾਸ ਬੋਰਡ, ਪਰਮਿੰਦਰ ਸਿੰਘ ਜਿੰਮੀ ਜਿਲ੍ਹਾ ਸੈਕਟਰੀ, ਐੱਸਐੱਸ ਭੁੱਲਰ ਐਕਸੀਅਨ, ਗੁਰਭਾਗ ਸਿੰਘ ਓਐੱਸਡੀ ਕੈਬਨਿਟ ਮੰਤਰੀ ਹਰਜੋਤ ਬੈਂਸ, ਬਲਵਿੰਦਰ ਸਿੰਘ ਜੇ.ਈ, ਬਲਦੀਪ ਸਿੰਘ ਜੇ.ਈ, ਮਨਜੋਤ ਸਿੰਘ, ਰਮੇਸ਼ ਸੀਨੀਅਰ ਮੀਤ ਪ੍ਰਧਾਨ ਨਗਰ ਕੋਂਸਲ, ਯੁੱਧਵੀਰ ਸਿੰਘ ਐੱਮਈ, ਲਵਲੀ ਆਂਗਰਾ ਕੋਂਸਲਰ, ਹਰਦੀਪ ਸਿੰਘ ਕੋਂਸਲਰ, ਜਸਪ੍ਰੀਤ ਕੌਰ ਕੋਂਸਲਰ, ਮਨਜੋਤ ਸਿੰਘ ਰਾਣਾ ਕੋਂਸਲਰ, ਕਿਰਨ ਗੁਪਤਾ, ਸੁਮਿਤ ਅਗਨੀ ਸੰਦਲ, ਨਿਸ਼ਾਤ ਗੁਪਤਾ, ਪਰਮਜੀਤ ਸਿੰਘ, ਦਿਨੇਸ਼, ਸੁਦੇਸ਼ ਸ਼ਰਮਾ, ਅਜੇ ਐਰੀ, ਮਨਜੀਤ ਸਿੰਘ ਐੱਸਡੀਓ, ਠੇਕੇਦਾਰ ਕੇਹਰ ਸਿੰਘ ਸਰਪੰਚ ਹਾਜ਼ਰ ਸਨ।