ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ : ਵਿਧਾਇਕ ਚੱਢਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ : ਵਿਧਾਇਕ ਚੱਢਾ
Publish Date: Sun, 20 Sep 2026 06:14 PM (IST)
Updated Date: Sun, 20 Sep 2026 06:17 PM (IST)
ਨਲਹੋਟੀ ਉੱਪਰਲੀ ਵਿਖੇ 11ਵਾਂ ‘ਤੰਦਰੁਸਤੀ ਦਾ ਸੁਨੇਹਾ’ ਖੇਡ ਸਮਾਗਮ, ਪਿੰਕਾ ਜਰਗ ਨੇ ਨੌਜਵਾਨਾਂ ਨਾਲ ਸਾਂਝਾ ਕੀਤਾ ਤੰਦਰੁਸਤੀ ਦਾ ਸੁਨੇਹਾ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਨੌਜਵਾਨਾਂ ਨੂੰ ਨਸ਼ਿਆਂ ਦੀ ਬੁਰਾਈ ਤੋਂ ਦੂਰ ਰੱਖ ਕੇ ਖੇਡਾਂ ਅਤੇ ਸਿਹਤਮੰਦ ਜੀਵਨ ਨਾਲ ਜੋੜਨ ਦੇ ਮਕਸਦ ਨਾਲ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਪਿੰਡ ਨਲਹੋਟੀ ਉੱਪਰਲੀ ਵਿਖੇ 11ਵਾਂ ‘ਤੰਦਰੁਸਤੀ ਦਾ ਸੁਨੇਹਾ’ ਖੇਡ ਸਮਾਗਮ ਕਰਵਾਇਆ ਗਿਆ। ਖੇਡ ਮੈਦਾਨ ਵਿਚ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਦੀ ਮੌਜੂਦਗੀ ਨੇ ਸਮਾਗਮ ਨੂੰ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਭਰ ਦਿੱਤਾ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਐਥਲੀਟ ਅਤੇ ਖਿਡਾਰੀ ਪਿੰਕਾ ਜਰਗ ਨੇ ਨੌਜਵਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ ਮਨੁੱਖ ਵਿਚ ਅਨੁਸ਼ਾਸਨ, ਮਿਹਨਤ ਅਤੇ ਆਤਮ-ਵਿਸ਼ਵਾਸ ਵੀ ਪੈਦਾ ਕਰਦੀਆਂ ਹਨ। ਵਿਧਾਇਕ ਨੇ ਕਿਹਾ ਕਿ ਨੌਜਵਾਨ ਸਾਡੇ ਸਮਾਜ ਦੀ ਸਭ ਤੋਂ ਵੱਡੀ ਤਾਕਤ ਹਨ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡ ਮੈਦਾਨਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ‘ਤੰਦਰੁਸਤੀ ਦਾ ਸੁਨੇਹਾ’ ਸਿਰਫ਼ ਖੇਡ ਮੁਕਾਬਲਾ ਨਹੀਂ, ਸਗੋਂ ਨੌਜਵਾਨਾਂ ਨੂੰ ਸਿਹਤਮੰਦ ਅਤੇ ਉਸਾਰੂ ਜੀਵਨ ਵੱਲ ਪ੍ਰੇਰਿਤ ਕਰਨ ਦੀ ਮੁਹਿੰਮ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੀ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਸਮੇਤ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਪਿੰਡ ਪੱਧਰ ਤੋਂ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਮਿਲ ਸਕਣ। ਖੇਡ ਮੇਲੇ ਦੌਰਾਨ ਰੱਸੇ ਦੇ ਮੁਕਾਬਲੇ, ਪੰਜਾਬ ਸਟਾਈਲ ਕਬੱਡੀ, ਜਿਮਨਾਸਟਿਕ, 14 ਸਾਲ ਤੱਕ ਦੇ ਬੱਚਿਆਂ ਦੀ 100 ਮੀਟਰ ਦੌੜ, 14 ਅਤੇ 17 ਸਾਲ ਦੇ ਬੱਚਿਆਂ ਦੀ 400 ਮੀਟਰ ਦੌੜ ਤੋਂ ਇਲਾਵਾ ਬਜ਼ੁਰਗਾਂ ਦੀ 400 ਮੀਟਰ ਦੌੜ ਕਰਵਾਈ ਗਈ। ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੰਟਾ ਧੂਰ ਭੰਗੜੇ ਦੇ ਕੋਚ ਵੱਲੋਂ ਬੱਚਿਆਂ ਨੂੰ ਭੰਗੜਾ ਪਵਾਇਆ ਗਿਆ, ਜਿਸ ਨੇ ਖੇਡ ਮੇਲੇ ਦੇ ਮਾਹੌਲ ਵਿਚ ਪੰਜਾਬੀ ਸੱਭਿਆਚਾਰ ਦੀ ਰੰਗਤ ਭਰਦਿਆਂ ਸਮਾਗਮ ਨੂੰ ਹੋਰ ਵੀ ਆਕਰਸ਼ਕ ਬਣਾ ਦਿੱਤਾ। ਇਸ ਮੌਕੇ ਜਸਬੀਰ ਸਿੰਘ ਨਲਹੋਟੀ, ਜ਼ਿਲ੍ਹਾ ਪਰਿਸ਼ਦ ਦੇ ਵਾਈਸ ਚੇਅਰਮੈਨ ਦੇਸ ਰਾਜ ਸੈਣੀ, ਜ਼ਿਲ੍ਹਾ ਪਰਿਸ਼ਦ ਮੈਂਬਰ ਜਰਨੈਲ ਲਾਲੀ, ਸੰਮਤੀ ਮੈਂਬਰ ਸਤਨਾਮ ਨਾਗਰਾ, ਬਲਾਕ ਸੰਮਤੀ ਮੈਂਬਰ ਰਹਿਮਾਨਤ ਸੈਣੀ, ਮਨਜੀਤ ਸਿੰਘ, ਬਲਾਕ ਪ੍ਰਧਾਨ ਬਚਿੱਤਰ ਸਿੰਘ, ਐਥਲੀਟ ਜੋਗਿੰਦਰ ਸਿੰਘ ਜੋਗਾ, ਸਰਪੰਚ ਰਮੇਸ਼ ਕੁਮਾਰ, ਚੇਅਰਮੈਨ ਪੰਮੂ ਹਰੀਪੁਰ, ਕੇਸ਼ਵ ਗੋਚਰ, ਮਹਿੰਦਰ ਸਿੰਘ, ਕਾਲਾ, ਚੌਧਰੀ ਬਲਵੀਰ ਟੇਡੇਵਾਲ, ਸੰਮਤੀ ਮੈਂਬਰ ਕਿਸ਼ਨ ਸਿੰਘ, ਪ੍ਰਧਾਨ ਜਗਦੀਪ ਦੀਪੀ ਕੋਲਾਪੁਰ, ਗੁਰਮੁਖ ਸਿੰਘ, ਕੋਚ ਜਤਿੰਦਰ ਸਿੰਘ, ਕੇਹਰ ਸਿੰਘ, ਨਰਿੰਦਰ ਸਿੰਘ, ਮਨੀ ਸਰਪੰਚ ਅਤੇ ਮਨੀ ਖਟੜਾ ਸਮੇਤ ਹੋਰ ਪਤਵੰਤੇ, ਕੋਚ ਅਤੇ ਇਲਾਕਾ ਵਾਸੀ ਹਾਜ਼ਰ ਸਨ। ਸਮਾਗਮ ਨੇ ਇਹ ਸੁਨੇਹਾ ਦਿੱਤਾ ਕਿ ਖੇਡ ਮੈਦਾਨਾਂ ਦੀ ਰੌਣਕ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਦੀ ਨੀਂਹ ਬਣ ਸਕਦੀ ਹੈ।