ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ
Publish Date: Sun, 20 Sep 2026 06:02 PM (IST)
Updated Date: Sun, 20 Sep 2026 06:05 PM (IST)
ਵੱਡੀ ਗਿਣਤੀ ਵਿਚ ਸੰਗਤਾਂ ਹੋਈਆਂ ਗੁਰੂ ਘਰ ਵਿਚ ਨਤਮਸਤਕ ਪੰਜਾਬੀ ਜਾਗਰਣ ਟੀਮ, ਸ੍ਰੀ ਕੀਰਤਪੁਰ ਸਾਹਿਬ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਅਤੇ ਉਦਾਸੀਨ ਸੰਪਰਦਾ ਦੇ ਬਾਨੀ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਦਿਹਾੜਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਜੀ ਦੀ ਛਤਰ ਛਾਇਆ ਹੇਠ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਪ੍ਰਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਜੀ ਦੀ ਯੋਗ ਅਗਵਾਈ ਵਿਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਥੜਾ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਲਾਕੇ ਤੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ, ਇਸ ਮੌਕੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਚ ਆਰੰਭ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਦੇ ਉਪਰੰਤ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਭਾਈ ਰਾਮ ਸਿੰਘ ਜੀ, ਬਾਬਾ ਹਰਬੰਸ ਸਿੰਘ ਜੀ ਅਤੇ ਭਾਈ ਗਗਨਦੀਪ ਸਿੰਘ ਜੀ ਦੇ ਕੀਰਤਨੀ ਜਥਿਆਂ ਨੇ ਆਈਆਂ ਸੰਗਤਾਂ ਨੂੰ ਰਸ ਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ, ਇਸ ਮੌਕੇ ਕਵੀਸ਼ਰ ਭਾਈ ਹਰਜੀਤ ਸਿੰਘ ਦੇ ਜੱਥੇ ਨੇ ਕਵੀਸ਼ਰੀ ਵਾਰਾਂ ਰਾਹੀਂ ਅਤੇ ਬੀਬੀ ਗੁਰਵਿੰਦਰ ਕੌਰ ਦੇ ਢਾਡੀ ਜੱਥੇ ਨੇ ਢਾਡੀ ਵਾਰਾਂ ਰਾਹੀਂ ਬਾਬਾ ਸ਼੍ਰੀ ਚੰਦ ਜੀ ਦਾ ਇਤਿਹਾਸ ਆਈਆਂ ਸੰਗਤਾਂ ਨੂੰ ਸੁਣਾ ਕੇ ਨਿਹਾਲ ਕੀਤਾ, ਇਸ ਮੌਕੇ ਕਵੀ ਗੁਰਮੇਲ ਸਿੰਘ ਬਾਠ ਵੱਲੋਂ ਵੀ ਆਈਆਂ ਸੰਗਤਾਂ ਨੂੰ ਕਵਿਤਾ ਸੁਣਾਈ ਗਈ, ਇਸ ਸਮਾਗਮ ਦੌਰਾਨ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਪ੍ਰਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਜੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਸੰਗਤਾਂ ਨੂੰ ਧਾਰਮਿਕ ਵਿਚਾਰਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਦੇ ਲਈ ਸਵੇਰ ਤੋਂ ਹੀ ਚਾਹ ਪਕੌੜੇ ਅਤੇ ਵੱਖ-ਵੱਖ ਪ੍ਰਕਾਰ ਦੇ ਪਕਵਾਨਾਂ ਦੇ ਲੰਗਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਚ ਆਰੰਭ ਕਰਵਾਏ ਗਏ ਸਨ ਜੋ ਕਿ ਦੇਰ ਸ਼ਾਮ ਤੱਕ ਜਾਰੀ ਰਹੇ। ਇਸ ਮੌਕੇ ਪ੍ਰਾਚੀਨ ਪਰੰਪਰਾਵਾਂ ਦੇ ਅਨੁਸਾਰ ਡੇਰਾ ਬਾਬਾ ਸ਼੍ਰੀ ਚੰਦ ਜੀ ਵਿਖੇ ਸਥਾਪਿਤ ਬਾਬਾ ਸ਼੍ਰੀ ਚੰਦ ਜੀ ਦੇ ਇਤਿਹਾਸਿਕ ਅਖੰਡ ਧੂਣੇ ਉੱਤੇ ਸੇਵਾਦਾਰਾਂ ਦੁਆਰਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭੋਗ ਲਗਾਇਆ ਗਿਆ ਅਤੇ ਇਹ ਪ੍ਰਸ਼ਾਦ ਜੋੜ ਮੇਲੇ ਦੇ ਦੌਰਾਨ ਪਹੁੰਚੀਆਂ ਸੰਗਤਾਂ ਵਿਚ ਵੰਡਿਆ ਗਿਆ। ਇਸ ਮੌਕੇ ਗਿਆਨੀ ਜੋਗਿੰਦਰ ਸਿੰਘ ਹੈੱਡ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਬਾਬਾ ਅਜੀਤ ਸਿੰਘ, ਬਾਬਾ ਹਰਦੀਪ ਸਿੰਘ ਫੌਜੀ, ਵਿਜੇ ਬਜਾਜ, ਕੁਲਵੰਤ ਸਿੰਘ ਸਾਊਂਡ ਵਾਲੇ, ਭਾਈ ਰਣਜੀਤ ਸਿੰਘ ਗ੍ਰੰਥੀ, ਮਿਲਖਾ ਸਿੰਘ, ਸੁਖਦੇਵ ਸਿੰਘ ਰਾਣਾ, ਹਾਕਮ ਸਿੰਘ ਗਿੱਲ, ਗੁਰਮੀਤ ਸਿੰਘ ਨੱਥੋਵਾਲ, ਗੁਰਚਰਨ ਸਿੰਘ, ਮੁਖਤਿਆਰ ਸਿੰਘ, ਦਰਸ਼ਨ ਸਿੰਘ, ਬਾਬਾ ਗਿਆਨ ਸਿੰਘ ਸੇਵਾਦਾਰ ਅਤੇ ਹੋਰ ਸੰਗਤਾਂ ਹਾਜ਼ਰ ਸਨ।