70ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ’ਚ ਰੂਪਨਗਰ ਦੇ ਵੇਟ ਲਿਫਟਰਾਂ ਨੇ ਜਿੱਤੇ ਚਾਰ ਤਮਗੇ 70ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਵੇਟ ਲਿਫਟਿੰਗ ਅੰਡਰ 19 ਸਾਲ ਲੜਕਿਆਂ ਦੀ ਓਵਰਆਲ ਚੈਂਪੀਅਨਸ਼ਿਪ ਵਿੱਚ ਜ਼ਿਲ੍ਹਾ
Publish Date: Sat, 19 Sep 2026 04:22 PM (IST)
Updated Date: Sat, 19 Sep 2026 04:23 PM (IST)
ਵੇਟ ਲਿਫਟਿੰਗ ਅੰਡਰ 19 ਸਾਲ ਲੜਕਿਆਂ ਦੀ ਓਵਰਆਲ ਚੈਂਪੀਅਨਸ਼ਿਪ ’ਚ ਜ਼ਿਲ੍ਹਾ ਰੂਪਨਗਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: 70ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਅੰਤਰ ਜ਼ਿਲ੍ਹਾ ਵੇਟ ਲਿਫਟਿੰਗ ਅੰਡਰ 19 ਸਾਲ ਲੜਕਿਆਂ ਦੇ ਮੁਕਾਬਲੇ ਜ਼ਿਲ੍ਹਾ ਲੁਧਿਆਣਾ ਦੇ ਖੰਨਾ ਸ਼ਹਿਰ ਵਿਚ ਪੈਂਦੇ ਪ੍ਰਿੰਸੀਪਲ ਨਰੇਸ਼ ਚੰਦਰ ਖੇਡ ਸਟੇਡੀਅਮ ਵਿਚ ਕਰਵਾਏ ਗਏ। ਦੋ ਦਿਨ ਚੱਲੇ ਇਨਾਂ ਮੁਕਾਬਲਿਆਂ ਦੌਰਾਨ ਜਿਲ੍ਹਾ ਰੂਪਨਗਰ ਦੇ ਵੇਟ ਲਿਫਟਰਾਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਓਵਰਆਲ ਚੈਂਪੀਅਨਸ਼ਿਪ ਵਿਚ ਤੀਸਰਾ ਸਥਾਨ ਪ੍ਰਾਪਤ ਕਰਕੇ ਜ਼ਿਲ੍ਹਾ ਰੂਪਨਗਰ ਦਾ, ਆਪਣੇ ਸਕੂਲਾਂ ਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ ਵੇਟ ਲਿਫਟਰਾਂ ਵੱਲੋਂ ਵੱਖ-ਵੱਖ ਭਾਰ ਵਰਗਾਂ ਵਿਚ ਚਾਰ ਤਮਗੇ ਵੀ ਜਿੱਤੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੂਪਨਗਰ ਟੀਮ ਦੇ ਕੋਚ ਕਮ ਮੈਨੇਜਰ ਲੈਕਚਰਾਰ ਅਰਵਿੰਦਰ ਕੁਮਾਰ ਚਨੋਲੀ ਬਸੀ ਨੇ ਦਸਿਆ ਕਿ ਅੰਡਰ 19 ਸਾਲ ਲੜਕਿਆਂ ਦੀ ਓਵਰਆਲ ਚੈਂਪੀਅਨਸ਼ਿਪ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਨੇ 171 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦਕਿ ਜ਼ਿਲ੍ਹਾ ਅੰਮ੍ਰਿਤਸਰ ਅਤੇ ਜ਼ਿਲਾ ਰੂਪਨਗਰ ਦੇ 169 -169 ਅੰਕ ਬਰਾਬਰ ਹੋਣ ਤੇ ਪ੍ਰਬੰਧਕਾਂ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ-ਵੱਖ ਭਾਰ ਵਰਗਾਂ ਵਿਚ ਦੋ ਗੋਲਡ ਮੈਡਲ ਹੋਣ ਤੇ ਉਸ ਦਾ ਲਾਭ ਦਿੰਦੇ ਹੋਏ ਉਸ ਨੂੰ ਦੂਸਰੇ ਸਥਾਨ ਤੇ ਰੱਖਿਆ ਗਿਆ ਜਦਕਿ ਜ਼ਿਲ੍ਹਾ ਰੂਪਨਗਰ ਨੂੰ ਤੀਸਰਾ ਸਥਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੇ ਵੇਟ ਲਿਫਟਰ ਗੌਰਵ ਸਿੰਘ ਚਨੌਲੀ ਬਸੀ ਸਕੂਲ ਨੇ 60 ਕਿਲੋਗ੍ਰਾਮ ਭਾਰ ਵਰਗ ਵਿਚ ਕਾਂਸੇ ਦਾ, 65 ਕਿਲੋਗ੍ਰਾਮ ਭਾਰ ਵਰਗ ਵਿਚ ਅਮਰਪ੍ਰੀਤ ਸਿੰਘ ਚਨੌਲੀ ਬਸੀ ਸਕੂਲ ਨੇ ਕਾਂਸੇ ਦਾ, 71 ਕਿਲੋਗ੍ਰਾਮ ਭਾਰ ਵਰਗ ਵਿਚ ਜਤਿਨ ਸਿੰਘ ਐੱਸਓਈ ਸਕੂਲ ਕੀਰਤਪੁਰ ਸਾਹਿਬ ਨੇ ਕਾਂਸੇ ਦਾ, 110 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਵਿਚ ਅਭਿਜੀਤ ਸਿੰਘ ਪੀਐੱਮ ਸ੍ਰੀ ਸਕੂਲ ਭਰਤਗੜ੍ਹ ਨੇ ਚਾਂਦੀ ਦਾ ਤਮਗਾ ਜਿੱਤ ਕੇ ਜ਼ਿਲ੍ਹਾ ਰੂਪਨਗਰ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਰੂਪਨਗਰ ਦੀ ਟੀਮ ਵਿਚ ਸ਼ਾਮਲ ਖਿਡਾਰੀ ਕਰਨਵੀਰ ਸਿੰਘ, ਉਪਲਕਸ ਸੈਣੀ, ਸਾਹਿਲ ਸੈਣੀ, ਕੁਲਜਿੰਦਰ ਸਿੰਘ ਨੇ ਵੀ ਆਪਣੇ-ਆਪਣੇ ਭਾਰ ਵਰਗ ਵਿਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਰੂਪਨਗਰ ਨੂੰ ਓਵਰਆਲ ਚੈਂਪੀਅਨਸ਼ਿਪ ਵਿਚ ਤੀਸਰਾ ਸਥਾਨ ਪ੍ਰਾਪਤ ਕਰਨ ਲਈ ਅੰਕ ਜੋੜੇ ਹਨ। ਓਵਰਆਲ ਚੈਂਪੀਅਨਸ਼ਿਪ ਦੀ ਟਰਾਫੀ ਪ੍ਰਦਾਨ ਕਰਨ ਮੌਕੇ ਜਸਵੀਰ ਕੌਰ, ਨਾਜਰ ਸਿੰਘ, ਸੁਰਿੰਦਰ ਪਾਲ ਭੱਲਾ, ਮਿਥਨ ਸ਼ਰਮਾ, ਰਾਜਵੀਰ ਸਿੰਘ, ਹਰਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।