- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਮਾਣਾ ਵਿੱਚ ਅੱਧੀ ਤੋਂ ਵੀ ਘੱਟ ਰਹਿ ਗਈ ਢੁਆਈ ਚਾਰ ਮਹੀਨਿਆਂ ਤੋਂ ਟਰੱਕ ਓਪਰੇਟਰ ਪਰੇਸ਼ਾਨ

ਪਹਿਲਾਂ ਰੋਜ਼ਾਨਾ 10 ਤੋਂ 12 ਹਜ਼ਾਰ ਮੀਟ੍ਰਿਕ ਟਨ ਤੱਕ ਸੀਮੈਂਟ-ਕਲਿੰਕਰ ਦੀ ਢੁਆਈ ਹੁੰਦੀ ਸੀ, ਹੁਣ ਇਹ ਘਟ ਕੇ ਕਰੀਬ 5 ਹਜ਼ਾਰ ਮੀਟ੍ਰਿਕ ਟਨ ਰਹਿ ਗਈ ਹੈ
ਨਰਿੰਦਰ ਸੈਣੀ, ਪੰਜਾਬੀ ਜਾਗਰਣ,
ਸ੍ਰੀ ਕੀਰਤਪੁਰ ਸਾਹਿਬ: ਏਸੀਸੀ ਬਰਮਾਣਾ ’ਚ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਢੁਆਈ ਦਾ ਕੰਮ ਘੱਟ ਹੋਣ ਕਾਰਨ ਟਰੱਕ ਆਪਰੇਟਰਾਂ ਦੀ ਪਰੇਸ਼ਾਨੀ ਵਧਦੀ ਜਾ ਰਹੀ ਹੈ। ਇਸ ਦਾ ਅਸਰ ਹੁਣ ਸ੍ਰੀ ਕੀਰਤਪੁਰ ਸਾਹਿਬ ਦੇ ਸਥਾਨਕ ਕਾਰੋਬਾਰ ’ਤੇ ਵੀ ਦਿਖਾਈ ਦੇਣ ਲੱਗਾ ਹੈ। ਟਰੱਕਾਂ ਦੇ ਚੱਕਰ ਘੱਟ ਹੋਣ ਕਾਰਨ ਚਾਲਕ-ਪਰਿਚਾਲਕ, ਮਕੈਨਿਕ, ਵੈਲਡਰ, ਟਾਇਰ ਤੇ ਸਪੇਅਰ ਪਾਰਟਸ ਦਾ ਕੰਮ ਕਰਨ ਵਾਲਿਆਂ ਦੇ ਨਾਲ-ਨਾਲ ਢਾਬਾ ਸੰਚਾਲਕਾਂ ਤੇ ਛੋਟੇ ਦੁਕਾਨਦਾਰਾਂ ਦੀ ਆਮਦਨ ਵੀ ਪ੍ਰਭਾਵਿਤ ਹੋ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਏਸੀਸੀ ਬਰਮਾਣਾ ਤੋਂ ਰੋਜ਼ਾਨਾ ਕਰੀਬ 10 ਤੋਂ 12 ਹਜ਼ਾਰ ਮੀਟ੍ਰਿਕ ਟਨ ਸੀਮੈਂਟ ਤੇ ਕਲਿੰਕਰ ਦੀ ਢੁਆਈ ਹੁੰਦੀ ਸੀ। ਹੁਣ ਇਹ ਘਟ ਕੇ ਕਰੀਬ 5 ਹਜ਼ਾਰ ਮੀਟ੍ਰਿਕ ਟਨ ਪ੍ਰਤੀ ਦਿਨ ਰਹਿ ਗਈ ਹੈ। ਕੰਮ ਘੱਟ ਹੋਣ ਕਾਰਨ ਕਈ ਟਰੱਕਾਂ ਨੂੰ ਨਿਯਮਿਤ ਚੱਕਰ ਨਹੀਂ ਮਿਲ ਪਾ ਰਹੇ।
ਬਰਮਾਣਾ ’ਚ ਕਰੀਬ 2,500 ਟਰੱਕ ਓਪਰੇਟਰਾਂ ਦੇ ਵਾਹਨ ਹਨ। ਇਸ ਤੋਂ ਇਲਾਵਾ ਕਰੀਬ 1,500 ਵਾਹਨ ਸਾਬਕਾ ਸੈਨਿਕਾਂ ਨਾਲ ਜੁੜੇ ਦੱਸੇ ਜਾ ਰਹੇ ਹਨ, ਇਸ ਦੇ ਨਾਲ ਹੀ ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਇਲਾਕੇ ’ਚੋਂ ਕਰੀਬ 300 ਟਰੱਕ ਹਨ ਇਸ ਤਰ੍ਹਾਂ ਕਰੀਬ 4,300 ਵਾਹਨ ਸਿੱਧੇ ਤੌਰ ’ਤੇ ਇੱਥੋਂ ਦੀ ਢੁਆਈ ਵਿਵਸਥਾ ਨਾਲ ਜੁੜੇ ਹਨ।
ਟਰੱਕ ਆਪਰੇਟਰਾਂ ਦਾ ਕਹਿਣਾ ਹੈ ਕਿ ਵਾਹਨ ਖੜ੍ਹਾ ਰਹਿਣ ਨਾਲ ਕਮਾਈ ਭਾਵੇਂ ਨਾ ਹੋਵੇ, ਪਰ ਬੈਂਕ ਦੀ ਕਿਸ਼ਤ, ਬੀਮਾ, ਟੈਕਸ ਅਤੇ ਰੱਖ-ਰਖਾਅ ਦੇ ਖਰਚੇ ਲਗਾਤਾਰ ਚੱਲਦੇ ਰਹਿੰਦੇ ਹਨ। ਸਭ ਤੋਂ ਜ਼ਿਆਦਾ ਪਰੇਸ਼ਾਨੀ ਉਨ੍ਹਾਂ ਛੋਟੇ ਆਪਰੇਟਰਾਂ ਨੂੰ ਹੋ ਰਹੀ ਹੈ, ਜਿਨ੍ਹਾਂ ਨੇ ਕਰਜ਼ਾ ਲੈ ਕੇ ਵਾਹਨ ਖਰੀਦੇ ਹਨ।
ਟਰੱਕਾਂ ਦੇ ਘੱਟ ਚੱਲਣ ਦਾ ਅਸਰ ਕੀਰਤਪੁਰ ਸਾਹਿਬ ਦੇ ਬਾਜ਼ਾਰ ’ਤੇ ਵੀ ਪੈ ਰਿਹਾ ਹੈ। ਟਰੱਕਾਂ ਦੀ ਆਵਾਜਾਈ ਘੱਟ ਹੋਣ ਨਾਲ ਮਕੈਨਿਕ, ਵੈਲਡਰ, ਟਾਇਰ ਤੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਤੋਂ ਇਲਾਵਾ ਢਾਬਿਆਂ ਤੇ ਹੋਰ ਛੋਟੇ ਕਾਰੋਬਾਰਾਂ ਨੂੰ ਵੀ ਘੱਟ ਕੰਮ ਮਿਲ ਰਿਹਾ ਹੈ। ਚੱਕਰ ਘੱਟ ਹੋਣ ਕਾਰਨ ਇਨ੍ਹਾਂ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ। ਇਸ ਸਬੰਧੀ ਸ੍ਰੀ ਕੀਰਤਪੁਰ ਸਾਹਿਬ ਦੇ ਟਰੱਕ ਅਪਰੇਟਰਾਂ ਵੱਲੋਂ ਸੋਸ਼ਲ ਮੀਡੀਆ ਤੇ ਅਖਬਾਰਾਂ ਰਾਹੀਂ ਆਵਾਜ਼ ਵੀ ਚੱਕੀ ਗਈ ਅਤੇ ਸਬੰਧਤ ਟਰੱਕ ਮਾਲਕਾਂ ਵੱਲੋਂ ਟਰੱਕ ਯੂਨੀਅਨ ਕੀਰਤਪੁਰ ਸਾਹਿਬ ਵਿਖੇ ਮੀਟਿੰਗ ਵੀ ਕੀਤੀ ਗਈ, ਮੀਟਿੰਗ ਤੋਂ ਬਾਅਦ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਅੱਗੇ ਸਮੱਸਿਆ ਰੱਖੀ ਗਈ ਪਰ ਹੁਣ ਤੱਕ ਇਸ ਦਾ ਸਾਰਥਕ ਹੱਲ ਨਹੀਂ ਨਿਕਲ ਸਕਿਆ। ਸਥਾਨਕ ਟਰੱਕ ਆਪਰੇਟਰਾਂ ਵੱਲੋਂ ਕੰਮ ਘਟਨ ਸਬੰਧੀ ਕੁਝ ਸਮਾਂ ਵੇਖਣ ਤੋਂ ਬਾਅਦ ਸੰਘਰਸ਼ ਦਾ ਰਾਹ ਅਪਣਾਏ ਜਾਣ ਦੀ ਗੱਲ ਆਖੀ ਜਾ ਰਹੀ ਹੈ। ਜੇਕਰ ਗੱਲ ਸ੍ਰੀ ਕੀਰਤਪੁਰ ਸਾਹਿਬ ਦੇ ਟਰੱਕ ਮਾਲਕਾਂ ਦੀ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਹਿਮਾਚਲ ਪ੍ਰਦੇਸ਼ ਬਰਮਾਣਾ ਸਥਿਤ ਯੂਨੀਅਨ ਨਾਲ ਗੱਲਬਾਤ ਕਰਕੇ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇਗਾ ਜੇਕਰ ਹੱਲ ਨਾ ਨਿਕਲਿਆ ਤਾਂ ਸੰਘਰਸ਼ ਕੀਤਾ ਜਾਵੇਗਾ। ਉਹਨਾਂ ਦਾ ਕਹਿਣਾ ਹੈ ਕਿ ਇੱਕ ਚੱਕਰ ਲਾਉਣ ਤੋਂ ਬਾਅਦ ਉਹਨਾਂ ਨੂੰ 15-15 ਦਿਨ ਇੰਤਜ਼ਾਰ ਕਰਨਾ ਪੈਂਦਾ ਹੈ ਜਦੋਂ ਕਿ ਟਰੱਕਾਂ ਤੇ ਰੱਖੇ ਡਰਾਈਵਰਾਂ ਦੀ ਤਨਖਾਹ ਦੇਣ ਤੋਂ ਵੀ ਟਰੱਕ ਮਾਲਕ ਔਖੇ ਹੋ ਰਹੇ ਹਨ। ਇਸ ਤੋਂ ਇਲਾਵਾ ਟਰੱਕਾਂ ਦੇ ਦਸਤਾਵੇਜ਼ ਪੂਰੇ ਕਰਨ ਲੱਗੇ ਉਹਨਾਂ ਨੂੰ ਕਰਜ਼ਾ ਚੁੱਕ ਕੇ ਪੈਸੇ ਲਾਉਣੇ ਪੈਂਦੇ ਹਨ ਇਸ ਨਾਲ ਟਰੱਕ ਆਪਰੇਟਰ ਕਰਜੇ ਵਿਚ ਜਾ ਰਹੇ ਹਨ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਤੋਂ ਅਸਮਰੱਥ ਦਿਖ ਰਹੇ ਹਨ।