- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਨੁਪਲੀ ਨੇੜੇ ਦੋ ਕਾਰਾਂ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ

ਦੋ ਕਾਰਾਂ ਦੀ ਭਿਆਨਕ ਟੱਕਰ ’ਚ ਸਕੂਲੀ ਬੱਚੇ ਤੇ ਅਧਿਆਪਕ ਗੰਭੀਰ ਜ਼ਖ਼ਮੀ
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ,
ਨੰਗਲ: ਸ੍ਰੀ ਆਨੰਦਪੁਰ ਸਾਹਿਬ ਮੇਨ ਰੋਡ ’ਤੇ ਪੈਂਦੇ ਕਸਬਾ ਭਨੁਪਲੀ ’ਚ ਦੋ ਕਾਰਾਂ ਵਿਚਾਲੇ ਹੋਈ ਆਹਮੋ-ਸਾਹਮਣੇ ਭਿਆਨਕ ਟੱਕਰ ’ਚ ਸਕੂਲੀ ਬੱਚਿਆਂ ਤੇ ਉਨ੍ਹਾਂ ਦੇ ਅਧਿਆਪਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਭਨੁਪਲੀ ਵਿਖੇ ਸ਼ਰਮਾ ਸ਼ਾਪਿੰਗ ਕੰਪਲੈਕਸ ਅਤੇ ਉੱਪਲ ਸੀਮਿੰਟ ਸਟੋਰ ਦੇ ਬਿਲਕੁਲ ਸਾਹਮਣੇ ਵਾਪਰਿਆ। ਇੱਥੇ ਦੋ ਹਿਮਾਚਲ ਨੰਬਰ ਗੱਡੀਆਂ ਇਕ ਗ੍ਰੈਂਡ ਆਈ-10 ਤੇ ਇੱਕ ਮਾਰੂਤੀ ਕਾਰ ਆਪਸ ਵਿਚ ਬੁਰੀ ਤਰ੍ਹਾਂ ਟਕਰਾ ਗਈਆਂ। ਹਾਦਸੇ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ 112 ਨੰਬਰ ’ਤੇ ਕਾਲ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਭਨੁਪਲੀ ਕੋਲ ਵਾਪਰੇ ਇਸ ਹਾਦਸੇ ਦਾ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਇਕ ਕਾਰ ਨਾਲਾਗੜ੍ਹ ਵਾਲੇ ਪਾਸਿਓਂ ਹਿਮਾਚਲ ਸਾਈਡ ਜਾ ਰਹੀ ਸੀ, ਜਿਸ ਵਿਚ ਸਿਰਫ਼ ਇਕੱਲਾ ਡਰਾਈਵਰ ਹੀ ਸਵਾਰ ਸੀ ਅਤੇ ਉਸਦੇ ਵੀ ਸੱਟਾਂ ਲੱਗੀਆਂ ਹਨ। ਜਦਕਿ ਦੂਜੀ ਗੱਡੀ ਵਿਚ ਜੰਡੋਰੀ ਇਲਾਕੇ ਦੇ ਬੱਚੇ ਸਵਾਰ ਸਨ, ਜੋ ਲੋਕਲ ਇਲਾਕੇ ਵਿਚ ਪੈਂਦੇ 'ਉੱਪਰ ਬਹਿਲ ਸਕੂਲ' ਵਿਖੇ ਕਿਸੇ ਕੰਪੀਟੀਸ਼ਨ ਵਿਚ ਹਿੱਸਾ ਲੈਣ ਜਾ ਰਹੇ ਸਨ।
ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਇਕ ਗੱਡੀ ਰਾਹੀਂ 8 ਮਰੀਜ਼ਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿਨ੍ਹਾਂ ਵਿਚ ਜ਼ਿਆਦਾਤਰ ਬੱਚੇ ਸਨ। ਡਾਕਟਰ ਅਨੁਸਾਰ ਇਨ੍ਹਾਂ ਵਿੱਚੋਂ 4 ਬੱਚਿਆਂ ਤੇ 1 ਮੈਡਮ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ, ਕਿਉਂਕਿ ਉਨ੍ਹਾਂ ਵਿੱਚੋਂ 2-3 ਨੂੰ ਦਿਮਾਗੀ ਸੱਟ ਹੋਣ ਦਾ ਸ਼ੱਕ ਸੀ ਅਤੇ 2 ਬੱਚਿਆਂ ਨੂੰ ਡੂੰਘੇ ਕੱਟ ਲੱਗੇ ਹੋਏ ਸਨ। ਇਕ ਹੋਰ ਬੱਚੇ ਦੀ ਲੱਤ ਟੁੱਟਣ ਦਾ ਸ਼ੱਕ ਹੈ, ਜਿਸਨੂੰ ਲੋਕਲ ਹਸਪਤਾਲ ਭੇਜਿਆ ਗਿਆ ਹੈ। ਦੂਜੀ ਗੱਡੀ ਦਾ ਡਰਾਈਵਰ ਜਵਾਲਾ ਜੀ ਦਾ ਰਹਿਣ ਵਾਲਾ ਹੈ। ਗੰਭੀਰ ਸੱਟਾ ਕਾਰਨ ਉਸਨੂੰ ਵੀ ਸਿਵਲ ਹਸਪਤਾਲ ਰੈਫ਼ਰ ਕੀਤਾ ਗਿਆ ਹੈ।
ਇਸ ਦਰਦਨਾਕ ਹਾਦਸੇ ਤੋਂ ਬਾਅਦ ਇਲਾਕਾ ਨਿਵਾਸੀਆਂ ਵਿਚ ਭਾਰੀ ਰੋਸ ਹੈ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਸਰਕਾਰ ਪਿਛਲੇ ਸਾਲ ਤੋਂ ਸੜਕ ਬਣਾਉਣ ਅਤੇ ਟੈਂਡਰ ਪਾਸ ਹੋਣ ਦੇ ਝੂਠੇ ਦਾਅਵੇ ਕਰ ਰਹੀ ਹੈ ਪਰ ਅਜੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਆਇਆ। ਲੋਕਾਂ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਸੜਕ ਨਹੀਂ ਬਣਦੀ, ਉਦੋਂ ਤੱਕ ਲੋਕਾਂ ਦੇ ਸੁਰੱਖਿਅਤ ਸੜਕ ਪਾਰ ਕਰਨ ਲਈ ਇਸ ਜਗ੍ਹਾ ’ਤੇ ਸਪੀਡ ਬ੍ਰੇਕਰ ਜਾਂ ਰੈੱਡ ਲਾਈਟ ਦਾ ਪ੍ਰਬੰਧ ਜ਼ਰੂਰ ਕੀਤਾ ਜਾਵੇ ਕਿਉਂਕਿ ਪੀਕ ਦਿਨਾਂ ਵਿਚ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਹੈ।