70ਵੀਆਂ ਸਕੂਲ ਖੇਡਾਂ ’ਚ ਕੀਰਤਪੁਰ ਸਾਹਿਬ ਦੀਆਂ ਧੀਆਂ ਨੇ ਗੱਡੇ ਝੰਡੇ 70ਵੀਆਂ ਸਕੂਲ ਖੇਡਾਂ ਵਿੱਚ ਸਕੂਲ ਆਫ ਐਮੀਨੈਂਸ ਕੀਰਤਪੁਰ ਸਾਹਿਬ ਦੀਆਂ ਧੀਆਂ ਨੇ ਲਹਿਰਾਇਆ ਪਰਚਮ
Publish Date: Fri, 18 Sep 2026 06:08 PM (IST)
Updated Date: Fri, 18 Sep 2026 06:11 PM (IST)
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ’ਚ ਕਰਵਾਈਆਂ ਗਈਆਂ 70ਵੀਆਂ ਸਕੂਲ ਸਟੇਟ ਖੇਡਾਂ ਦੇ 14 ਸਾਲਾ ਵਰਗ ਦੇ ਕੁੜੀਆਂ ਦੇ ਕਬੱਡੀ ਮੁਕਾਬਲਿਆਂ ਵਿਚ ਰੋਪੜ ਜ਼ਿਲ੍ਹੇ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ ਅਤੇ ਕਾਂਸੀ ਦਾ ਤਗਮਾ ਜਿੱਤਿਆ। ਰੋਪੜ ਜ਼ਿਲ੍ਹੇ ਦੀ ਟੀਮ ਵਿਚ ਸ਼ਾਮਲ 12 ਖਿਡਾਰਨਾਂ ਵਿੱਚੋਂ 5 ਖਿਡਾਰਨਾਂ ਸਕੂਲ ਆਫ਼ ਐਮੀਨੈਂਸ ਸ੍ਰੀ ਕੀਰਤਪੁਰ ਸਾਹਿਬ ਦੀਆਂ ਸਨ। ਖਿਡਾਰਨਾਂ ਨੇ ਪੂਰੇ ਟੂਰਨਾਮੈਂਟ ਦੌਰਾਨ ਖੇਡ ਕਲਾ, ਅਨੁਸ਼ਾਸਨ ਅਤੇ ਟੀਮ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੈਕਚਰਾਰ ਅਮਰਜੀਤ ਸਿੰਘ ਲਾਡੀ ਨੇ ਦੱਸਿਆ ਕਿ ਰੋਪੜ ਜ਼ਿਲ੍ਹੇ ਦੀ ਟੀਮ ਦੀ ਕਪਤਾਨੀ ਸਕੂਲ ਆਫ਼ ਐਮੀਨੈਂਸ ਕੀਰਤਪੁਰ ਸਾਹਿਬ ਦੀ ਵਿਦਿਆਰਥਣ ਜਸਮੀਤ ਕੌਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਰੋਪੜ ਜ਼ਿਲ੍ਹੇ ਦੇ ਖੇਡ ਸੈੱਟ ਵਿਚ ਕਪਤਾਨ ਸਮੇਤ ਪੰਜ ਕੁੜੀਆਂ ਸਕੂਲ ਆਫ ਐਮੀਨੈਸ ਦੀਆਂ ਖੇਡੀਆਂ, ਜਸਮੀਤ ਕੌਰ ਨੇ ਪੂਰੇ ਮੁਕਾਬਲੇ ਦੌਰਾਨ ਆਤਮਵਿਸ਼ਵਾਸ ਨਾਲ ਟੀਮ ਦੀ ਅਗਵਾਈ ਕਰਦਿਆਂ ਕਈ ਅਹਿਮ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਟੀਮ ਦੀ ਜਿੱਤ ’ਚ ਅਹਿਮ ਯੋਗਦਾਨ ਪਾਇਆ। ਉਸ ਨੂੰ ਬਿਹਤਰੀਨ ਪ੍ਰਦਰਸ਼ਨ ਲਈ ‘ਬੈਸਟ ਪਲੇਅਰ’ ਦੇ ਖਿਤਾਬ ਨਾਲ ਵੀ ਸਨਮਾਨਿਤ ਕੀਤਾ ਗਿਆ, ਜੋ ਸਕੂਲ ਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਕੂਲ ਆਫ਼ ਐਮੀਨੈਂਸ ਸ੍ਰੀ ਕੀਰਤਪੁਰ ਸਾਹਿਬ ਦੀਆਂ ਵਿਦਿਆਰਥਣਾਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ’ਚ ਵੀ ਲਗਾਤਾਰ ਮੱਲਾਂ ਮਾਰ ਰਹੀਆਂ ਹਨ। ਇਸ ਮੌਕੇ ਸਕੂਲ ਦੀ ਮੁਖੀ ਸ਼ਿਖਾ ਅਰੋੜਾ ਨੇ ਟੀਮ ਦੀਆਂ ਸਾਰੀਆਂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਤੇ ਟੀਮ ਭਾਵਨਾ ਨੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਕੋਚ ਡੀਪੀਈ ਭੁਪਿੰਦਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਚ ਵੱਲੋਂ ਖਿਡਾਰਨਾਂ ਨੂੰ ਲਗਾਤਾਰ ਮਿਹਨਤ, ਸਹੀ ਤਕਨੀਕ ਅਤੇ ਖੇਡ ਭਾਵਨਾ ਨਾਲ ਤਿਆਰ ਕੀਤਾ ਗਿਆ, ਜਿਸ ਦਾ ਨਤੀਜਾ ਇਸ ਸ਼ਾਨਦਾਰ ਪ੍ਰਾਪਤੀ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕੁੜੀਆਂ ਨੂੰ ਭਵਿੱਖ ਵਿਚ ਹੋਰ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਪੂਰੀ ਟੀਮ ਨੂੰ ਮੁਬਾਰਕਬਾਦ ਦਿੱਤੀ। ਖਿਡਾਰਨਾਂ ਦੀ ਇਸ ਪ੍ਰਾਪਤੀ ਨਾਲ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।