ਮੰਤਰੀ ਜੀ, ਇੱਥੇ ਤਾਂ ਸ਼੍ਰੋਮਣੀ ਕਮੇਟੀ ਨੇ ਪਾਈਪ ਪਾਉਣ ਤੋਂ ਨਹੀਂ ਰੋਕਿਆ: ਢਿੱਲੋਂ ਮੰਤਰੀ ਜੀ, ਇੱਥੇ ਤਾਂ ਸ਼੍ਰੋਮਣੀ ਕਮੇਟੀ ਨੇ ਪਾਈਪ ਪਾਉਣ ਤੋਂ ਨਹੀਂ ਰੋਕਿਆ: ਢਿੱਲੋਂ
Publish Date: Fri, 18 Sep 2026 04:32 PM (IST)
Updated Date: Fri, 18 Sep 2026 04:35 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ’ਚ ਬੀਤੇ ਦਿਨ ਹੋਈ ਭਾਰੀ ਬਰਸਾਤ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਪਾਣੀ ਭਰਨ ਦੀ ਸਮੱਸਿਆ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਦਵਿੰਦਰ ਸਿੰਘ ਢਿੱਲੋਂ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪਾਣੀ ਦੀ ਨਿਕਾਸੀ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕੀਤੀ ਜਾ ਰਹੀ ਟਿੱਪਣੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੰਤਰੀ ਸਾਹਿਬ ਸਰਕਾਰੀ ਹਸਪਤਾਲ, ਪੰਜ ਪਿਆਰਾ ਪਾਰਕ, ਘਟੀਵਾਲ ਤੇ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਪਾਣੀ ਦੀ ਨਿਕਾਸੀ ਲਈ ਪਾਈਪ ਪਾਉਣ ਦਾ ਕੰਮ ਕਿਉਂ ਨਹੀਂ ਕਰਵਾ ਰਹੇ ਕਿ ਇੱਥੇ ਵੀ ਸ਼੍ਰੋਮਣੀ ਕਮੇਟੀ ਨੇ ਤੁਹਾਨੂੰ ਕੰਮ ਕਰਨ ਤੋਂ ਰੋਕਿਆ ਹੈ? ਉਨ੍ਹਾਂ ਕਿਹਾ ਜੇਕਰ ਸਰਕਾਰ ਸੱਚਮੁੱਚ ਸ਼ਹਿਰ ਦੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਹੱਲ ਕਰਨਾ ਚਾਹੁੰਦੀ ਹੈ ਤਾਂ ਕੋਈ ਰੋਕ ਨਹੀਂ ਹੈ ਪਰ ਆਪਣੀਆਂ ਗਲਤੀਆਂ ਦਾ ਸਾਰਾ ਠੀਕਰਾ ਸ਼੍ਰੋਮਣੀ ਕਮੇਟੀ ਦੇ ਸਿਰ ਭੰਨਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਥੋੜ੍ਹੇ ਸਮੇਂ ਦੀ ਬਾਰਿਸ਼ ਪੈਣ ਨਾਲ ਹੀ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਜਲਥਲ ਹੋ ਜਾਂਦੀ ਹੈ। ਸ਼ਹਿਰ ਦੇ ਕਈ ਹਿੱਸਿਆਂ ਵਿਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਆਪਣੇ ਘਰਾਂ, ਦੁਕਾਨਾਂ ਅਤੇ ਦਫ਼ਤਰਾਂ ਤੱਕ ਪਹੁੰਚਣ ਵਿਚ ਵੀ ਮੁਸ਼ਕਲ ਆਉਂਦੀ ਹੈ। ਬੀਤੇ ਦਿਨ ਹੋਈ ਭਾਰੀ ਬਰਸਾਤ ਦੌਰਾਨ ਵੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਪਾਣੀ ਭਰਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਢਿੱਲੋਂ ਨੇ ਦੋਸ਼ ਲਾਇਆ ਕਿ ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਆਲੇ-ਦੁਆਲੇ ਖੜ੍ਹੇ ਪਾਣੀ ਨੂੰ ਦਿਖਾ ਕੇ ਵਾਈਟ ਸਟ੍ਰੀਟ ਦਾ ਮਾਮਲਾ ਉਭਾਰਿਆ ਗਿਆ ਅਤੇ ਸ਼ਹਿਰ ਵਿਚ ਕੰਮ ਨਾ ਹੋਣ ਦਾ ਠੀਕਰਾ ਸ਼੍ਰੋਮਣੀ ਕਮੇਟੀ ਦੇ ਸਿਰ ਭੰਨਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਮੰਤਰੀ ਸਾਹਿਬ ਨੂੰ ਸ਼ਹਿਰ ਦੇ ਲੋਕਾਂ ਦੀ ਇੰਨੀ ਚਿੰਤਾ ਹੈ ਤਾਂ ਪੂਰੇ ਸ਼ਹਿਰ ਵਿਚ ਪਾਣੀ ਦੀ ਨਿਕਾਸੀ ਦਾ ਯੋਗ ਅਤੇ ਸਥਾਈ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਹੈਰਾਨੀਜਨਕ ਗੱਲ ਹੋਰ ਕੀ ਹੋ ਸਕਦੀ ਹੈ ਕਿ ਕਾਰ ਸੇਵਾ ਵਾਲੇ ਮਹਾਂਪੁਰਸ਼ ਸੜਕਾਂ ਦਾ ਕੰਮ ਕਰਵਾ ਰਹੇ ਹਨ ਅਤੇ ਪੁਲਾਂ ਦੇ ਨਿਰਮਾਣ ’ਤੇ ਮੁਰੰਮਤ ਦੇ ਕੰਮ ਵੀ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਕੰਮ ਸਰਕਾਰ ਦੀ ਜ਼ਿੰਮੇਵਾਰੀ ਹਨ, ਉਹ ਸੰਤ-ਮਹਾਂਪੁਰਸ਼ ਸੇਵਾ ਭਾਵਨਾ ਨਾਲ ਕਰਵਾ ਰਹੇ ਹਨ। ਇਸ ਦੇ ਬਾਵਜੂਦ ਸਰਕਾਰ ਦੇ ਮੰਤਰੀ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ’ਤੇ ਦੋਸ਼ ਲਗਾਉਣਾ ਅਫ਼ਸੋਸਜਨਕ ਹੈ ਅਤੇ ਇਹ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ।