ਮੁੱਖ ਮੰਤਰੀ ਭਗਵੰਤ ਮਾਨ ਦਾ ਖੱਤਰੀ ਅਰੋੜਾ ਵੈੱਲਫੇਅਰ ਬੋਰਡ ਤੇ ਵਪਾਰੀ ਵਰਗ ਵੱਲੋਂ ਸਨਮਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਲੋਕ ਮਿਲਣੀ ਦੌਰਾਨ ਖੱਤਰੀ ਅਰੋੜਾ ਵੈਲਫੇਅਰ ਬੋਰਡ ਅਤੇ ਵਪਾਰੀ ਵਰਗ ਵੱਲੋਂ ਸਨਮਾਨ
Publish Date: Fri, 18 Sep 2026 04:21 PM (IST)
Updated Date: Fri, 18 Sep 2026 04:23 PM (IST)
ਪਿੰਡ ਟੱਪਰੀਆਂ ਬਾੜੇ ਨੂੰ 20 ਲੱਖ ਦੀ ਗ੍ਰਾਂਟ ਜਾਰੀ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਧੰਨਵਾਦ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਜਿੰਦਵੜੀ ਵਿਖੇ ਹੋਈ ਲੋਕ ਮਿਲਣੀ ਦੌਰਾਨ ਖੱਤਰੀ ਅਰੋੜਾ ਵੈੱਲਫੇਅਰ ਬੋਰਡ ਤੇ ਭਨੂਪਲੀ ਟੱਪਰੀਆਂ ਵਪਾਰੀ ਵਰਗ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਖੱਤਰੀ ਅਰੋੜਾ ਵੈੱਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਦੀਪਕ ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਰੂਬਰੂ ਹੋ ਕੇ ਆਪਣੇ ਵਿਚਾਰ ਸਾਂਝੇ ਕਰਨ ਤੇ ਉਨ੍ਹਾਂ ਦਾ ਸਨਮਾਨ ਕਰਨ ਦਾ ਮੌਕਾ ਮਿਲਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮਿਲਣ ਤੇ ਇਲਾਕੇ ਦੇ ਵਪਾਰੀਆਂ ਸਮੇਤ ਸਟੇਜ ’ਤੇ ਉਨ੍ਹਾਂ ਦਾ ਸਨਮਾਨ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਾਜ ਦੇ ਵੱਖ-ਵੱਖ ਵਰਗਾਂ ਲਈ ਲੋਕ-ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਤੇ ਸਰਕਾਰੀ ਯੋਜਨਾਵਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਬਿਜਲੀ ਬਿੱਲਾਂ ’ਚ ਰਾਹਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਨੁਸਾਰ ਇਸ ਦਾ ਲਾਭ ਹਰ ਵਰਗ ਚਾਹੇ ਜਨਰਲ ਵਰਗ ਹੋਵੇ ਜਾਂ ਐੱਸਸੀ/ਬੀਸੀ ਵਰਗ ਨੂੰ ਮਿਲ ਰਿਹਾ ਹੈ। ਸਿਹਤ ਸਹੂਲਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਮਾਵਾਂ-ਧੀਆਂ ਨਾਲ ਸਬੰਧਤ ਸਰਕਾਰੀ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਹਿਲਾਵਾਂ ਨੂੰ 1000 ਤੇ 1500 ਰੁਪਏ ਤੱਕ ਦੀ ਸਨਮਾਨ ਰਾਸ਼ੀ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਹਰ ਵਰਗ ਦੇ ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਬਜ਼ੁਰਗਾਂ ਦੀ ਸਹੂਲਤ ਤੇ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ। ਵਪਾਰੀ ਵਰਗ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਨ ਤੇ ਸਰਕਾਰੀ ਪ੍ਰਕਿਰਿਆਵਾਂ ਸਬੰਧੀ ਜਾਣਕਾਰੀ ਦੇਣ ਲਈ ਸਮੇਂ-ਸਮੇਂ ’ਤੇ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ। ਇਨ੍ਹਾਂ ਕੈਂਪਾਂ ਦੌਰਾਨ ਸਰਕਾਰੀ ਅਧਿਕਾਰੀਆਂ ਵੱਲੋਂ ਵਪਾਰੀਆਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਂਦੀਆਂ ਹਨ ਤੇ ਉਨ੍ਹਾਂ ਦੇ ਹੱਲ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਮੌਕੇ ਭਨੁਪਲੀ-ਟੱਪਰੀਆਂ ਮਾਰਕੀਟ ਨਾਲ ਸਬੰਧਤ ਵਪਾਰੀਆਂ ਸੁਨੀਲ ਕੁਮਾਰ, ਹਰਿ ਓਮ ਉਪਲ, ਰਾਹੁਲ ਸੋਨੀ, ਮਨੂ ਕੁਮਾਰ ਤੇ ਪ੍ਰੀਤਮ ਸੋਨੀ ਨੇ ਕਿਹਾ ਕਿ ਸਰਕਾਰੀ ਅਧਿਕਾਰੀਆਂ ਨਾਲ ਗੱਲਬਾਤ ਤੇ ਵਪਾਰ ਨਾਲ ਸਬੰਧਤ ਕੰਮਕਾਜ ਬਾਰੇ ਜਾਣਕਾਰੀ ਉਨ੍ਹਾਂ ਨੂੰ ਸਰਕਾਰੀ ਕੈਂਪਾਂ ਰਾਹੀਂ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਰਾਹੀਂ ਵਪਾਰੀਆਂ ਦੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਸਬੰਧੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਬੀਤੇ ਦਿਨੀਂ ਭਨੂਪਲੀ ਟੱਪਰੀਆਂ ਮਾਰਕੀਟ ’ਚ ਵੀ ਸਰਕਾਰ ਵਲੋਂ ਕੈਂਪ ਲਗਾਇਆ ਗਿਆ ਸੀ। ਸਿੱਖਿਆ ਦੇ ਖੇਤਰ ’ਚ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕਰਦਿਆਂ ਦੀਪਕ ਸੋਨੀ ਨੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਪੰਜਾਬ ਸਿੱਖਿਆ ਦੇ ਖੇਤਰ ’ਚ ਪਹਿਲੇ ਨੰਬਰ ’ਤੇ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਬੈਂਸ ਵੱਲੋਂ ਹਲਕੇ ’ਚ ਕਰਵਾਏ ਜਾ ਰਹੇ ਵਿਕਾਸ ਕਾਰਜ ਕਾਬਿਲੇ-ਤਾਰੀਫ਼ ਹਨ। ਖਾਸ ਕਰ ਨਹਿਰੀ ਪਾਣੀ, ਬੇਲਿਆਂ ਨੂੰ ਪੁਲ, ਨੌਜਵਾਨਾਂ ਲਈ ਖੇਡ ਗਰਾਊਂਡ, ਚੰਗਰ ਖੇਤਰ ਨੂੰ ਪਾਣੀ, ਸਕੂਲ ਆਫ ਐਮੀਨੈਂਸ, 18 ਫੁੱਟੀ ਸੜਕਾਂ ਨਾਲ਼ ਹਲਕੇ ਦਾ ਵਿਕਾਸ ਹੋ ਰਿਹਾ ਹੈ। ਦੀਪਕ ਸੋਨੀ ਨੇ ਉਨ੍ਹਾਂ ਦੇ ਪਿੰਡ ਟੱਪਰੀਆਂ ਬਾੜੇ ਲਈ 20 ਲੱਖ ਦੀ ਗ੍ਰਾਂਟ ਜਾਰੀ ਕਰਨ ਲਈ ਪੂਰੇ ਪਿੰਡ ਵਾਸੀਆਂ ਤੇ ਸਮੂਹ ਪੰਚਾਇਤ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਦੀਪਕ ਸੋਨੀ ਦੇ ਮਾਤਾ ਨੀਲਮ ਸੋਨੀ ਟੱਪਰੀਆਂ ਪੰਚਾਇਤ ਦੇ ਸਰਪੰਚ ਹਨ। ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਲਗਾਤਾਰ ਪਿੰਡ ਦਾ ਵਿਕਾਸ ਹੋ ਰਿਹਾ ਹੈ।