ਇੱਕੋ ਰਾਤ ਦੋ ਦੁਕਾਨਾਂ ਦੇ ਸ਼ਟਰ ਟੁੱਟਣ ਨਾਲ ਦੁਕਾਨਦਾਰਾਂ ’ਚ ਦਹਿਸ਼ਤ ਇੱਕੋ ਰਾਤ ਦੋ ਦੁਕਾਨਾਂ ਦੇ ਸ਼ਟਰ ਟੁੱਟਣ ਨਾਲ ਐੱਮਪੀ ਕੋਠੀ ਬਾਜ਼ਾਰ ਦੇ ਦੁਕਾਨਦਾਰਾਂ ’ਚ ਦਹਿਸ਼ਤ
Publish Date: Thu, 17 Sep 2026 06:37 PM (IST)
Updated Date: Thu, 17 Sep 2026 06:38 PM (IST)
ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ, ਨੰਗਲ : ਨੰਗਲ-ਸ੍ਰੀ ਆਨੰਦਪੁਰ ਸਾਹਿਬ ਮੇਨ ਰੋਡ ’ਤੇ ਸਥਿਤ ਐੱਮਪੀ ਕੋਠੀ ਬਾਜ਼ਾਰ ਵਿਚ ਇੱਕੋ ਰਾਤ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਹੋਣ ਕਾਰਨ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਾਤਿਰ ਚੋਰਾਂ ਨੇ ਦੋਵੇਂ ਦੁਕਾਨਾਂ ਵਿਚ ਪਏ ਸਮਾਨ ਨੂੰ ਹੱਥ ਤੱਕ ਨਹੀਂ ਲਾਇਆ ਅਤੇ ਸਿਰਫ਼ ਗੱਲਿਆਂ ਵਿੱ ਰੱਖੀ ਨਕਦੀ ਲੈ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਧੀਮਾਨ ਵੈਲਡਿੰਗ ਵਰਕਸ ਦੇ ਮਾਲਕ ਪ੍ਰੇਮ ਧੀਮਾਨ ਅਤੇ ਨਾਲ ਲੱਗਦੀ ਗੌਤਮ ਪਲਾਸਟਿਕ ਸਟੋਰ ਦੇ ਮਾਲਕ ਨਿਤਿਨ ਗੌਤਮ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਚਲੇ ਗਏ ਸਨ। ਸਵੇਰੇ ਗੁਆਂਢੀਆਂ ਵੱਲੋਂ ਦੋਵਾਂ ਦੁਕਾਨਦਾਰਾਂ ਨੂੰ ਉਨ੍ਹਾਂ ਦੀਆਂ ਦੁਕਾਨਾਂ ਦੇ ਸ਼ਟਰ ਟੁੱਟੇ ਹੋਣ ਦੀ ਸੂਚਨਾ ਦਿੱਤੀ ਗਈ। ਦੁਕਾਨਦਾਰਾਂ ਨੇ ਮੌਕੇ ’ਤੇ ਪਹੁੰਚ ਕੇ ਇਸ ਘਟਨਾ ਦੀ ਜਾਣਕਾਰੀ ਵਾਰਡ ਦੇ ਕੌਂਸਲਰ ਰਾਜੇਸ਼ ਆਂਗਰਾ ਨੂੰ ਦਿੱਤੀ। ਰਾਜੇਸ਼ ਆਂਗਰਾ ਨੇ ਤੁਰੰਤ ਨੰਗਲ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਜਾਂਚ ਅਧਿਕਾਰੀ ਏਐੱਸਆਈ ਕੇਸ਼ਵ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਦੁਕਾਨਾਂ ਦੀ ਜਾਂਚ ਕੀਤੀ। ਗੌਤਮ ਪਲਾਸਟਿਕ ਸਟੋਰ ਦੇ ਮਾਲਕ ਨਿਤਿਨ ਗੌਤਮ ਅਨੁਸਾਰ ਚੋਰ ਦੁਕਾਨ ਵਿਚ ਰੱਖਿਆ ਲੋਹੇ ਦਾ ਕਰੀਬ 25 ਤੋਂ 30 ਕਿਲੋਗ੍ਰਾਮ ਵਜ਼ਨ ਵਾਲਾ ਗੱਲਾ ਹੀ ਨਕਦੀ ਸਮੇਤ ਚੁੱਕ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਗੱਲੇ ਵਿਚ ਕਰੀਬ 30 ਤੋਂ 35 ਹਜ਼ਾਰ ਰੁਪਏ ਦੀ ਨਕਦੀ ਪਈ ਹੋਈ ਸੀ। ਮੌਕੇ ’ਤੇ ਪਹੁੰਚੇ ਵਾਰਡ ਦੇ ਕੌਂਸਲਰ ਰਾਜੇਸ਼ ਆਂਗਰਾ ਨੇ ਇੱਕੋ ਰਾਤ ਦੋ ਦੁਕਾਨਾਂ ਵਿਚ ਹੋਈਆਂ ਚੋਰੀ ਦੀਆਂ ਵਾਰਦਾਤਾਂ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਲਾਕੇ ਵਿਚ ਰਾਤ ਸਮੇਂ ਗਸ਼ਤ ਵਧਾਉਣ ਦੀ ਮੰਗ ਕਰਦਿਆਂ ਕਿਹਾ ਕਿ ਇੰਨੇ ਵੱਡੇ ਬਾਜ਼ਾਰ ਦੀ ਸੁਰੱਖਿਆ ਲਈ ਸਿਰਫ਼ ਇਕ ਚੌਕੀਦਾਰ ਕਾਫ਼ੀ ਨਹੀਂ ਹੈ। ਇਸ ਸਬੰਧੀ ਜਦੋਂ ਥਾਣਾ ਨੰਗਲ ਦੇ ਇੰਚਾਰਜ ਇੰਸਪੈਕਟਰ ਦਾਨਿਸ਼ਵੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ, ਤਾਂ ਜੋ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਤੱਕ ਜਲਦ ਪਹੁੰਚਿਆ ਜਾ ਸਕੇ।