ਨੰਗਲ ਦੇ ਅੰਡਰਪਾਸ ਦਾ ਮੁੱਦਾ ਸ਼ਹਿਰ ਦੇ ਵਪਾਰ ਤੇ ਰੁਜ਼ਗਾਰ ਨਾਲ ਜੁੜਿਆ: ਐਡਵੋਕੇਟ ਰਾਣਾ ਸਤਬੀਰ ਸਿੰਘ ਨੰਗਲ ਦੇ ਅੰਡਰਪਾਸ ਦਾ ਮੁੱਦਾ ਸ਼ਹਿਰ ਦੇ ਵਪਾਰ ਅਤੇ ਰੁਜ਼ਗਾਰ ਨਾਲ ਜੁੜਿਆ: ਐਡਵੋਕੇਟ ਰਾਣਾ ਸਤਬੀਰ ਸਿੰਘ
Publish Date: Thu, 17 Sep 2026 06:26 PM (IST)
Updated Date: Thu, 17 Sep 2026 06:29 PM (IST)
ਨੰਗਲ ਦੇ ਅੰਡਰਪਾਸ ਦਾ ਮੁੱਦਾ ਸ਼ਹਿਰ ਦੇ ਵਪਾਰ ਤੇ ਰੁਜ਼ਗਾਰ ਨਾਲ ਜੁੜਿਆ: ਐਡਵੋਕੇਟ ਰਾਣਾ ਸਤਬੀਰ ਸਿੰਘ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਨੰਗਲ ਸ਼ਹਿਰ ’ਚ ਅੰਡਰਪਾਸ ਦੇ ਨਿਰਮਾਣ ਨਾਲ ਜੁੜੇ ਮਾਮਲੇ ਨੂੰ ਲੈ ਕੇ ਐਡਵੋਕੇਟ ਰਾਣਾ ਸਤਬੀਰ ਸਿੰਘ ਨੇ ਕਿਹਾ ਕਿ ਇਹ ਮੁੱਦਾ ਸਿਰਫ਼ ਸੜਕ ਜਾਂ ਆਵਾਜਾਈ ਤੱਕ ਸੀਮਤ ਨਹੀਂ, ਸਗੋਂ ਸ਼ਹਿਰ ਦੇ ਵਪਾਰ, ਰੁਜ਼ਗਾਰ ਤੇ ਭਵਿੱਖ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਕਿਸੇ ਰਾਜਨੀਤਿਕ ਪਾਰਟੀ ਜਾਂ ਧੜੇ ਨਾਲ ਜੋੜਨ ਦੀ ਬਜਾਏ ਨੰਗਲ ਦੇ ਆਮ ਲੋਕਾਂ, ਵਪਾਰੀਆਂ ਤੇ ਦੁਕਾਨਦਾਰਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਵਿਚਾਰਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੰਡਰਪਾਸ ਦੀ ਮੌਜੂਦਾ ਸਥਿਤੀ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚਕਾਰ ਆਵਾਜਾਈ ਤੇ ਸੰਪਰਕ ਪ੍ਰਭਾਵਿਤ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਇਸ ਦਾ ਅਸਰ ਸਥਾਨਕ ਬਾਜ਼ਾਰਾਂ ਦੀਆਂ ਵਪਾਰਕ ਸਰਗਰਮੀਆਂ ’ਤੇ ਵੀ ਪੈ ਰਿਹਾ ਹੈ। ਉਨ੍ਹਾਂ ਅਨੁਸਾਰ ਵਪਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਦੇ ਮੁਕਾਬਲੇ ਗਾਹਕਾਂ ਦੀ ਆਮਦ ਵਿਚ ਕਮੀ ਆਈ ਹੈ, ਜਿਸ ਕਾਰਨ ਛੋਟੇ ਦੁਕਾਨਦਾਰਾਂ ਸਮੇਤ ਵਪਾਰੀ ਵਰਗ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਾਜੈਕਟ ਦੀ ਮੂਲ ਯੋਜਨਾ ਜਾਂ ਨਕਸ਼ੇ ਵਿਚ ਲੋਕਾਂ ਦੀ ਆਵਾਜਾਈ ਤੇ ਬਾਜ਼ਾਰਾਂ ਦੀ ਆਪਸੀ ਪਹੁੰਚ ਲਈ ਅੰਡਰਪਾਸ ਦੀ ਵਿਵਸਥਾ ਕੀਤੀ ਗਈ ਸੀ ਤਾਂ ਇਸ ਵਿਚ ਬਾਅਦ ਵਿਚ ਹੋਈਆਂ ਤਬਦੀਲੀਆਂ ਬਾਰੇ ਲੋਕਾਂ ਨੂੰ ਜਾਣਕਾਰੀ ਮਿਲਣੀ ਚਾਹੀਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਮੂਲ ਯੋਜਨਾ ਵਿਚ ਕੀ ਤਬਦੀਲੀਆਂ ਕੀਤੀਆਂ ਗਈਆਂ ਤੇ ਇਨ੍ਹਾਂ ਪਿੱਛੇ ਕਿਹੜੇ ਤਕਨੀਕੀ ਜਾਂ ਪ੍ਰਸ਼ਾਸਨਿਕ ਕਾਰਨ ਸਨ। ਉਨ੍ਹਾਂ ਮੰਗ ਕੀਤੀ ਕਿ ਪ੍ਰਾਜੈਕਟ ਦੀ ਮੂਲ ਡਰਾਇੰਗ, ਮਨਜ਼ੂਰਸ਼ੁਦਾ ਨਕਸ਼ਾ, ਵਿਸਥਾਰਤ ਪ੍ਰਾਜੈਕਟ ਰਿਪੋਰਟ ਡੀਪੀਆਰ, ਸੋਧੀ ਹੋਈ ਡਰਾਇੰਗ, ਤਕਨੀਕੀ ਰਿਪੋਰਟਾਂ ਤੇ ਸਬੰਧਤ ਅਧਿਕਾਰਤ ਮਨਜ਼ੂਰੀਆਂ ਜਨਤਕ ਕੀਤੀਆਂ ਜਾਣ, ਤਾਂ ਜੋ ਲੋਕਾਂ ਨੂੰ ਤੱਥਾਂ ਦੇ ਆਧਾਰ ’ਤੇ ਪੂਰੀ ਜਾਣਕਾਰੀ ਮਿਲ ਸਕੇ। ਉਨ੍ਹਾਂ ਕਿਹਾ ਕਿ ਨੰਗਲ ਦਾ ਵਪਾਰ ਸ਼ਹਿਰ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਵਿਕਾਸ ਕਾਰਜਾਂ ਦੌਰਾਨ ਲੋਕਾਂ ਦੀ ਸਹੂਲਤ, ਆਵਾਜਾਈ ਤੇ ਬਾਜ਼ਾਰਾਂ ਦੀ ਪਹੁੰਚ ਨੂੰ ਅਣਡਿੱਠਾ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਨੂੰ ਸਬੰਧਤ ਕੇਂਦਰੀ ਤੇ ਪੰਜਾਬ ਸਰਕਾਰ ਦੇ ਵਿਭਾਗਾਂ ਕੋਲ ਵੀ ਦਸਤਾਵੇਜ਼ਾਂ ਸਮੇਤ ਉਠਾਉਣਗੇ। ਉਨ੍ਹਾਂ ਨੰਗਲ ਦੇ ਵਪਾਰੀ ਵਰਗ, ਸਮਾਜਿਕ ਸੰਸਥਾਵਾਂ ਤੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਇਸ ਮੁੱਦੇ ਨੂੰ ਨੰਗਲ ਦੀ ਕਨੈਕਟੀਵਿਟੀ, ਵਪਾਰ ਤੇ ਭਵਿੱਖ ਨਾਲ ਜੁੜੇ ਮਾਮਲੇ ਵਜੋਂ ਦੇਖਿਆ ਜਾਵੇ।