ਕੰਟਰੈਕਟ ਕਾਮਿਆਂ ਵੱਲੋਂ ਥਰਮਲ ਪਲਾਂਟ ਦੇ ਮੇਨ ਗੇਟ ’ਤੇ ਧਰਨਾ ਸਿਵਲ ਸਰਕਲ ਦੇ 286 ਕੰਟਰੈਕਟ ਕਾਮਿਆਂ ਨੂੰ ਆਫਰ ਲੈਟਰ ਨਾ ਮਿਲਣ ਕਾਰਨ ਥਰਮਲ ਪਲਾਂਟ ਦੇ ਮੇਨ ਗੇਟ ’ਤੇ ਦਿੱਤਾ ਗਿਆ ਧਰਨਾ
Publish Date: Thu, 17 Sep 2026 04:40 PM (IST)
Updated Date: Thu, 17 Sep 2026 04:41 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸਾਂਝੀ ਥਰਮਲ ਕੰਟਰੈਕਟ ਵਰਕਰਜ਼ ਸੰਘਰਸ਼ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੂਪਨਗਰ ਦੇ ਮੇਨ ਗੇਟ ’ਤੇ ਦੋ ਘੰਟਿਆਂ ਲਈ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਕੰਟਰੈਕਟ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਗਟ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਕਨਵੀਨੀਅਰ ਰਾਜਕੁਮਾਰ ਤਿਵਾਰੀ ਅਤੇ ਸਕੱਤਰ ਅਮਰਜੀਤ ਸਿੰਘ ਨੇ ਕਿਹਾ ਕਿ ਪਾਵਰਕਾਮ ਦੇ ਸੀਐੱਮਡੀ ਦਾ ਪੰਜਾਬ ਸਰਕਾਰ ਵੱਲੋਂ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਕਾਰਨ 16 ਸਤੰਬਰ 2026 ਨੂੰ ਹੋਣ ਵਾਲੀ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਗਈ ਹੈ। ਆਗੂਆਂ ਨੇ ਦੱਸਿਆ ਕਿ ਸਿਵਲ ਸਰਕਲ ਵਿਚ ਕੰਮ ਕਰ ਰਹੇ 286 ਕੰਟਰੈਕਟ ਕਾਮਿਆਂ ਨੂੰ ਅਜੇ ਤੱਕ ਥਰਮਲ ਪਲਾਂਟ ਮੈਨੇਜਮੈਂਟ ਵੱਲੋਂ ਆਫਰ ਲੈਟਰ ਜਾਰੀ ਨਹੀਂ ਕੀਤੇ ਗਏ। ਇਸ ਕਾਰਨ ਇਨ੍ਹਾਂ ਕਰਮਚਾਰੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਦੇ ਚੱਲਦਿਆਂ ਧਰਨਾ ਦਿੱਤਾ ਗਿਆ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਥਰਮਲ ਪਲਾਂਟ ਮੈਨੇਜਮੈਂਟ ਤੇ ਪਾਵਰਕਾਮ ਮੈਨੇਜਮੈਂਟ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਿਵਲ ਸਰਕਲ ਦੇ ਰਹਿੰਦੇ 286 ਕੰਟਰੈਕਟ ਕਾਮਿਆਂ ਨੂੰ ਤੁਰੰਤ ਆਫਰ ਲੈਟਰ ਜਾਰੀ ਕੀਤੇ ਜਾਣ। ਜੇਕਰ ਇਸ ਮਾਮਲੇ ਨੂੰ ਜਲਦ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ। ਇਸ ਮੌਕੇ ਬੋਰਡ ਦੀਆਂ ਵੱਖ-ਵੱਖ ਕਰਮਚਾਰੀ ਜਥੇਬੰਦੀਆਂ ਦੇ ਆਗੂਆਂ ਅਤੇ ਬੁਲਾਰਿਆਂ ਨੇ ਵੀ ਧਰਨੇ ਨੂੰ ਸੰਬੋਧਨ ਕਰਦਿਆਂ ਕੰਟਰੈਕਟ ਕਾਮਿਆਂ ਦੀਆਂ ਮੰਗਾਂ ਦਾ ਸਮਰਥਨ ਕੀਤਾ। ਇਸ ਮੌਕੇ ਬਲਵਿੰਦਰ ਸਿੰਘ, ਇੰਪਲਾਈਜ਼ ਫੈਡਰੇਸ਼ਨ ਪੀਐਸਪੀਸੀਐਲ ਜਗਵਿੰਦਰ ਸਿੰਘ ਜੱਗੀ, ਐੱਸਸੀ/ਬੀਸੀ ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ; ਪਵਨਪ੍ਰੀਤ ਸਿੰਘ, ਆਰਟੀਪੀ ਇੰਪਲਾਈਜ਼ ਯੂਨੀਅਨ; ਮਹਿੰਦਰ ਸਿੰਘ; ਕੁਲਵਿੰਦਰ ਸਿੰਘ; ਕੈਪਟਨ ਅਮਰਿੰਦਰ ਸਿੰਘ; ਭੁਪਿੰਦਰ ਸਿੰਘ ਪਟਵਾਰੀ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਵਰਕਰ ਹਾਜ਼ਰ ਸਨ।