ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਮੌਕੇ ਕਰਵਾਇਆ ਜਾਵੇਗਾ ਧਾਰਮਿਕ ਸਮਾਗਮ ਜਿਸ ਪਹਾੜੀ 'ਤੇ ਸ਼ੇਰ ਏ ਪੰਜਾਬ ਨੇ ਲਹਿਰਾਇਆ ਸੀ ਖਾਲਸਾਈ ਨਿਸ਼ਾਨ ਆਸਰੋਂ ਦੀ ਉਸ ਇਤਿਹਾਸਕ ਪਹਾੜੀ ’ਤੇ 13 ਨਵੰਬਰ ਸਜੇਗਾ ਦਰਬਾਰ
Publish Date: Wed, 16 Sep 2026 05:45 PM (IST)
Updated Date: Wed, 16 Sep 2026 05:47 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ , ਨੂਰਪੁਰਬੇਦੀ: ਸਤਲੁਜ ਦਰਿਆ ਕਿਨਾਰੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸਬੰਧਤ ਇਤਿਹਾਸਕ ਪਹਾੜੀ ਆਸਰੋਂ ’ਤੇ 13 ਨਵੰਬਰ 2026, ਦਿਨ ਸ਼ੁੱਕਰਵਾਰ ਨੂੰ ਸਰਕਾਰ ਏ ਖ਼ਾਲਸਾ ਫੈਡਰੇਸ਼ਨ ਵੱਲੋਂ ਸ਼ੇਰ-ਏ-ਪੰਜਾਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਫੈਡਰੇਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਸੈਣੀ ਨੇ ਦੱਸਿਆ ਕਿ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ 1831 ’ਚ ਰੋਪੜ ਸਤਲੁਜ ਦਰਿਆ ਕਿਨਾਰੇ ਸੰਧੀ ਹੋਣ ਤੋਂ ਪਹਿਲਾਂ ਇਸ ਉੱਚੀ ਪਹਾੜੀ ’ਤੇ ਅੱਠ ਧਾਤਾਂ ਦਾ ਬਣਿਆ ਨਿਸ਼ਾਨ ਲਗਾ ਕੇ ਸਿੱਖ ਰਾਜ ਦਾ ਬਾਰਡਰ ਐਲਾਨ ਦਿੱਤਾ ਗਿਆ ਤੇ ਵੱਡੀਆਂ-ਵੱਡੀਆਂ ਤੋਪਾਂ ਲਗਾ ਕੇ ਸਿੱਖ ਰਾਜ ਦੀ ਚੌਕੀ ਸਥਾਪਤ ਕੀਤੀ ਗਈ। 1849 ਤੋਂ ਬਆਦ ਬ੍ਰਿਟਿਸ਼ ਹਕੂਮਤ ਨੇ ਇਸ ਚੌਕੀ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ ਪਰ ਅਸ਼ਟ ਧਾਤੂ ਦਾ ਬਣਿਆ ਨਿਸ਼ਾਨ ਅੰਗਰੇਜ਼ ਹਕੂਮਤ ਤੋਂ ਬਾਅਦ ਵੀ ਸਿੱਖ ਰਾਜ ਦੀ ਗਵਾਹੀ ਭਰਦਾ ਰਿਹਾ। ਮੌਜੂਦਾ ਸਮੇਂ ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਹਿੱਲ ਪਾਰਕ ਆਸਰੋਂ ਦੇ ਨਾਂ ਮਾਲ ਵਿਭਾਗ ਦੇ ਰਿਕਾਰਡ ’ਚ 8.5 ਏਕੜ ਜ਼ਮੀਨ ਹੈ ਪਰ ਸਮੇਂ ਦੀਆਂ ਸਰਕਾਰਾਂ ਨੇ ਸਿੱਖ ਰਾਜ ਦੀ ਗਵਾਹੀ ਭਰਦੇ ਇਸ ਵਿਰਾਸਤੀ ਸਥਾਨ ਨੂੰ ਅਣਗੌਲਿਆਂ ਕੀਤਾ ਹੋਇਆ ਹੈ। ਜੋ ਪੁਰਾਤਨ ਅਸ਼ਟ ਧਾਤੂ ਦਾ ਨਿਸ਼ਾਨ ਸੀ ਉਸ ਨੂੰ ਵੀ ਖ਼ੁਰਦ ਬੁਰਦ ਕਰ ਦਿੱਤਾ ਗਿਆ ਤੇ ਉਸ ਪੁਰਾਤਨ ਨਿਸ਼ਾਨ ਦੇ ਬਦਲੇ ਲੋਹੇ ਦਾ ਨਿਸ਼ਾਨ ਲਗਾ ਦਿੱਤਾ ਗਿਆ। ਸਰਕਾਰ-ਏ-ਖ਼ਾਲਸਾ ਫੈਡਰੇਸ਼ਨ ਵੱਲੋਂ 6 ਦਸੰਬਰ 2023 ਤੋਂ 22 ਦਸੰਬਰ 2023 ਤੱਕ ਬਾਬਾ ਰਾਜਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਹੋਰ ਜਥੇਬੰਦੀਆਂ ਦੇ ਆਗੂਆਂ ਦੇ ਸਹਿਯੋਗ ਨਾਲ ਮੋਰਚਾ ਲਗਾਇਆ ਗਿਆ। ਜਥੇਬੰਦੀ ਮੁਤਾਬਕ ਇਸ ਦੌਰਾਨ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਗਈ ਤੇ 31 ਦਸੰਬਰ 2023 ਨੂੰ ਸ਼ੁਕਰਾਨਾ ਸਮਾਗਮ ਵੀ ਕਰਵਾਇਆ ਗਿਆ। ਇਹ ਅਸਥਾਨ ਸਿੱਖ ਕੌਮ ਦੀ ਮਹਾਨ ਵਿਰਾਸਤ ਹੈ। ਫੈਡਰੇਸ਼ਨ ਵੱਲੋਂ ਇਸ ਇਤਿਹਾਸਕ ਸਥਾਨ ਦੀ ਸਾਂਭ-ਸੰਭਾਲ ਤੇ ਸਿੱਖ ਵਿਰਾਸਤ ਵਜੋਂ ਇਸ ਦੀ ਪਛਾਣ ਨੂੰ ਉਜਾਗਰ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। 13 ਨਵੰਬਰ ਨੂੰ ਹੋਣ ਵਾਲੇ ਸਮਾਗਮ ਦੌਰਾਨ ਸਵੇਰੇ 10 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਉਪਰੰਤ ਕਥਾ-ਕੀਰਤਨ ਤੇ ਢਾਡੀ ਦਰਬਾਰ ਕਰਵਾਇਆ ਜਾਵੇਗਾ। ਇਸ ਸਮੇਂ ਬੁਲਾਰਿਆਂ ਵੱਲੋਂ ਵਿਚਾਰ ਵੀ ਸਾਂਝੇ ਕੀਤੇ ਜਾਣਗੇ ਤੇ ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਫੈਡਰੇਸ਼ਨ ਵੱਲੋਂ ਸੰਗਤਾਂ ਨੂੰ ਸਮਾਗਮ ’ਚ ਸ਼ਾਮਲ ਹੋਣ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਇਸ ਵਿਰਾਸਤੀ ਸਥਾਨ ਦੀ ਸਾਂਭ-ਸੰਭਾਲ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ।