ਗੰਦੇ ਪਾਣੀ ਦੀ ਮਾਰ ਹੇਠ ਆਈ ਪਾਪੂਲਰ ਦੀ ਫਸਲ ਗੰਦੇ ਪਾਣੀ ਦੀ ਮਾਰ ਹੇਠ ਆਈ ਪਾਪੂਲਰ ਦੀ ਫਸਲ
Publish Date: Mon, 14 Sep 2026 05:53 PM (IST)
Updated Date: Mon, 14 Sep 2026 05:56 PM (IST)
ਗੰਦੇ ਪਾਣੀ ਦੀ ਮਾਰ ਹੇਠ ਆਈ ਪਾਪੂਲਰ ਦੀ ਫ਼ਸਲ, ਇਕ ਕਿੱਲੇ ਦੀ ਖੇਤੀ ਹੋਈ ਬਰਬਾਦ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਨੂਰਪੁਰਬੇਦੀ ਤੋਂ ਜੱਟਪੁਰ ਨੂੰ ਜਾਂਦੇ ਮਾਰਗ ’ਤੇ ਨੂਰਪੁਰਬੇਦੀ ਦੀ ਹੱਦ ’ਚ ਪੈਂਦੇ ਰਾਧਾ ਸੁਆਮੀ ਸਤਿਸੰਗ ਘਰ ਦੇ ਨਾਲ ਲੱਗਦੀ ਖੇਤੀਬਾੜੀ ਵਾਲੀ ਜ਼ਮੀਨ ’ਚ ਲਗਾਤਾਰ ਗੰਦਾ ਅਤੇ ਬਰਸਾਤੀ ਪਾਣੀ ਖੜ੍ਹਾ ਹੋਣ ਕਾਰਨ ਕਰੀਬ ਇਕ ਕਿੱਲੇ ’ਚ ਖੜ੍ਹੀ ਪਾਪੂਲਰ ਦੀ ਫ਼ਸਲ ਬਰਬਾਦ ਹੋ ਗਈ ਹੈ। ਪਾਣੀ ਦੀ ਨਿਕਾਸੀ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਾਰਨ ਬਾਕੀ ਖੇਤਰ ’ਚ ਖੜ੍ਹੀ ਪਾਪੂਲਰ ਦੀ ਫ਼ਸਲ ’ਤੇ ਵੀ ਨੁਕਸਾਨ ਦਾ ਖਤਰਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਪਾਣੀ ਸਤਿਸੰਗ ਘਰ ਦੀ ਲੰਬੀ ਦੀਵਾਰ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ, ਜਿਸ ਕਾਰਨ ਦੀਵਾਰ ਦੇ ਨੁਕਸਾਨੇ ਜਾਣ ਜਾਂ ਡਿੱਗਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਜ਼ਮੀਨ ਦੇ ਮਾਲਕ ਪੰਡਿਤ ਬਲਵੀਰ ਚੰਦ ਬੀਰੂ ਤੇ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਰਾਧਾ ਸੁਆਮੀ ਸਤਿਸੰਗ ਘਰ ਦੇ ਨਾਲ ਉਨ੍ਹਾਂ ਦੀ ਕਰੀਬ ਚਾਰ ਕਿੱਲੇ ਖੇਤੀਯੋਗ ਜ਼ਮੀਨ ਹੈ। ਉਨ੍ਹਾਂ ਵੱਲੋਂ ਕਰੀਬ ਦੋ ਸਾਲ ਪਹਿਲਾਂ ਇਸ ਜ਼ਮੀਨ ’ਚ ਪਾਪੂਲਰ ਦੇ ਬੂਟੇ ਲਗਾਏ ਗਏ ਸਨ। ਇਨ੍ਹਾਂ ’ਚੋਂ ਕਰੀਬ 300 ਬੂਟੇ ਹੁਣ ਦੋ ਸਾਲ ਦੀ ਮਿਆਦ ਪੂਰੀ ਕਰਕੇ ਕਾਫੀ ਹੱਦ ਤੱਕ ਤਿਆਰ ਹੋ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਜੱਟਪੁਰ ਪਿੰਡ ਦੇ ਘਰਾਂ ਦਾ ਗੰਦਾ ਤੇ ਬਰਸਾਤੀ ਪਾਣੀ ਲਗਾਤਾਰ ਉਨ੍ਹਾਂ ਦੇ ਖੇਤਾਂ ਵੱਲ ਆ ਰਿਹਾ ਹੈ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਰੀਬ ਇਕ ਕਿੱਲੇ ਵਿੱਚ ਖੜ੍ਹੀ ਪਾਪੂਲਰ ਦੀ ਫ਼ਸਲ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਬਰਬਾਦ ਹੋ ਚੁੱਕੀ ਹੈ। ਇਸ ਤੋਂ ਇਲਾਵਾ ਬਾਕੀ ਜ਼ਮੀਨ ’ਚ ਖੜ੍ਹੇ ਪਾਪੂਲਰ ਦੇ ਬੂਟੇ ਵੀ ਨੁਕਸਾਨ ਦੀ ਕਗਾਰ ’ਤੇ ਹਨ। ਜ਼ਮੀਨ ਮਾਲਕਾਂ ਨੇ ਦੱਸਿਆ ਉਨ੍ਹਾਂ ਵੱਲੋਂ ਇਸ ਸਮੱਸਿਆ ਸਬੰਧੀ ਕਈ ਵਾਰ ਜੱਟਪੁਰ ਗ੍ਰਾਮ ਪੰਚਾਇਤ ਨੂੰ ਜਾਣੂ ਕਰਵਾਇਆ ਗਿਆ ਪਰ ਅਜੇ ਤੱਕ ਪਾਣੀ ਦੀ ਨਿਕਾਸੀ ਲਈ ਕੋਈ ਠੋਸ ਪ੍ਰਬੰਧ ਨਹੀਂ ਹੋ ਸਕਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੱਟਪੁਰ ਪੰਚਾਇਤ ਨੂੰ ਹਦਾਇਤਾਂ ਜਾਰੀ ਕਰਕੇ ਪਿੰਡ ਦੇ ਗੰਦੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਟੋਭੇ ਜਾਂ ਹੋਰ ਢੁਕਵਾਂ ਪ੍ਰਬੰਧ ਕਰਵਾਇਆ ਜਾਵੇ, ਤਾਂ ਜੋ ਬਾਕੀ ਰਹਿੰਦੀ ਪਾਪੂਲਰ ਦੀ ਫ਼ਸਲ ਅਤੇ ਸਤਿਸੰਗ ਘਰ ਦੀ ਦੀਵਾਰ ਨੂੰ ਹੋਣ ਵਾਲੇ ਸੰਭਾਵਿਤ ਨੁਕਸਾਨ ਤੋਂ ਬਚਾਇਆ ਜਾ ਸਕੇ। --------------- ਬਾਕਸ- ਪੰਚਾਇਤ ਨੇ ਵਿਭਾਗ ਨੂੰ ਜਾਣੂ ਕਰਵਾਇਆ ਇਸ ਸਬੰਧੀ ਜਦੋਂ ਜੱਟਪੁਰ ਦੀ ਮਹਿਲਾ ਸਰਪੰਚ ਜਸਪਾਲ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੱਥੇ ਪਾਣੀ ਦੀ ਸਮੱਸਿਆ ਪਿਛਲੇ ਕਈ ਸਾਲਾਂ ਤੋਂ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜਿਸ ਰਸਤੇ ਰਾਹੀਂ ਪਾਣੀ ਅੱਗੇ ਨਿਕਾਸ ਹੋਣਾ ਸੀ, ਮੁੱਖ ਮਾਰਗ ’ਤੇ ਦੁਕਾਨਾਂ ਦੀ ਉਸਾਰੀ ਹੋਣ ਕਾਰਨ ਉੱਥੇ ਮੌਜੂਦ ਪੁਲੀਆਂ ਬੰਦ ਹੋ ਗਈਆਂ ਹਨ। ਇਸ ਕਾਰਨ ਪਾਣੀ ਦੀ ਨਿਕਾਸੀ ਰੁਕਣ ਨਾਲ ਇਹ ਖੇਤਾਂ ਵਿੱਚ ਦਾਖਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਸਬੰਧਤ ਵਿਭਾਗ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਜਲਦ ਹੀ ਪਾਣੀ ਦੀ ਨਿਕਾਸੀ ਦਾ ਢੁਕਵਾਂ ਹੱਲ ਕੱਢਣ ਦਾ ਵਿਸ਼ਵਾਸ ਦਿਵਾਇਆ ਗਿਆ ਹੈ।