2027 ਦੀਆਂ ਚੋਣਾਂ ਦੀਆਂ ਤਿਆਰੀਆਂ ਤੇ ਸੰਗਠਨ ਦੀ ਮਜ਼ਬੂਤੀ ’ਤੇ ਕੀਤਾ ਮੰਥਨ ਜਨਸੰਘ ਦੇ ਸੰਸਥਾਪਕ ਯੱਗ ਦੱਤ ਸ਼ਰਮਾ ਦੇ ਘਰ ਤਖ਼ਤਗੜ੍ਹ ਵਿਖੇ ਭਾਜਪਾ ਆਗੂਆਂ ’ਤੇ ਵਰਕਰਾਂ ਦੀ ਅਹਿਮ ਮੀਟਿੰਗ
Publish Date: Mon, 14 Sep 2026 05:34 PM (IST)
Updated Date: Mon, 14 Sep 2026 05:35 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਜਨ ਸੰਘ ਦੇ ਸੰਸਥਾਪਕ ਸਵਰਗੀਆ ਯੱਗ ਦੱਤ ਸ਼ਰਮਾ ਅਤੇ ਸੀਨੀਅਰ ਭਾਜਪਾ ਆਗੂ ਪ੍ਰੇਮ ਦੱਤ ਸ਼ਰਮਾ ਦੇ ਨਿਵਾਸ ਸਥਾਨ ’ਤੇ ਭਾਜਪਾ ਦੇ ਸੀਨੀਅਰ ਆਗੂਆਂ, ਸਾਬਕਾ ਅਹੁਦੇਦਾਰਾਂ ਅਤੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਪਹੁੰਚੇ ਪਾਰਟੀ ਵਰਕਰਾਂ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ, ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ, ਪੁਰਾਣੇ ਵਰਕਰਾਂ ਨੂੰ ਮੁੜ ਸਰਗਰਮ ਕਰਨ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰੇਮ ਦੱਤ ਸ਼ਰਮਾ ਭਾਰਤੀ ਜਨਸੰਘ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ, ਅੰਮ੍ਰਿਤਸਰ ’ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਓਡੀਸ਼ਾ ਦੇ ਸਾਬਕਾ ਰਾਜਪਾਲ ਰਹੇ ਸਵਰਗੀ ਪੰਡਿਤ ਯੱਗ ਦੱਤ ਸ਼ਰਮਾ ਦੇ ਸਪੁੱਤਰ ਹਨ। ਮੀਟਿੰਗ ਵਿੱਚ ਭਾਜਪਾ ਪੰਜਾਬ ਦੇ ਉਪ ਪ੍ਰਧਾਨ ਰਣਜੀਤ ਸਿੰਘ ਗਿੱਲ, ਉਪ ਪ੍ਰਧਾਨ ਸੁਭਾਸ਼ ਸ਼ਰਮਾ, ਨੰਗਲ ਤੋਂ ਸਾਬਕਾ ਵਿਧਾਇਕ ਉਮੀਦਵਾਰ ਡਾ. ਪਰਮਿੰਦਰ ਸ਼ਰਮਾ, ਰੂਪਨਗਰ ਦੇ ਸਾਬਕਾ ਪ੍ਰਧਾਨ ’ਤੇ ਪੰਜਾਬ ਭਾਜਪਾ ਦੇ ਸਕੱਤਰ ਵਿਜੇ ਪੁਰੀ, ਭਾਜਪਾ ਆਗੂ ਇਸ਼ੂਪਾਲ ਚੌਧਰੀ, ਸਾਬਕਾ ਨਗਰ ਨਿਗਮ ਪ੍ਰਧਾਨ ਰੂਪਨਗਰ ਇੰਦਰਸੇਨ ਚਟਵਾਲ, ਐੱਮਸੀ ਵਾਰਡ ਨੰਬਰ 11 ਰੂਪਨਗਰ ਹਰਮਿੰਦਰ ਪਾਲ ਅਹਲੂਵਾਲੀਆ, ਸਾਬਕਾ ਆਈਆਰਐੱਸ ਸਵਰਨ ਸਿੰਘ ਸੈਂਪਲਾ, ਚਮਕੌਰ ਸਾਹਿਬ, ਸਾਬਕਾ ਮੰਡਲ ਪ੍ਰਧਾਨ ਨੰਗਲ ਪ੍ਰਿੰਸ, ਬੀਰੰਦਰ ਵਿਕੀ ਅਤੇ ਰਾਜ ਕੁਮਾਰ ਸਮੇਤ ਨੰਗਲ, ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਨੂਰਪੁਰਬੇਦੀ, ਚਮਕੌਰ ਸਾਹਿਬ ਤੇ ਰੋਪੜ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਕਈ ਸੀਨੀਅਰ ਆਗੂ ’ਤੇ ਵਰਕਰ ਹਾਜ਼ਰ ਸਨ। ਮੀਟਿੰਗ ਦੌਰਾਨ ਖਾਸ ਤੌਰ ’ਤੇ ਉਨ੍ਹਾਂ ਪਾਰਟੀ ਵਰਕਰਾਂ ਨੂੰ ਮੁੜ ਸੰਗਠਨ ਨਾਲ ਜੋੜਨ ’ਤੇ ਜ਼ੋਰ ਦਿੱਤਾ ਗਿਆ, ਜੋ ਲੰਬੇ ਸਮੇਂ ਤੋਂ ਸਰਗਰਮ ਸਿਆਸਤ ਤੋਂ ਦੂਰ ਰਹੇ ਹਨ। ਆਗੂਆਂ ਨੇ ਕਿਹਾ ਕਿ ਪੁਰਾਣੇ ਅਤੇ ਤਜਰਬੇਕਾਰ ਵਰਕਰ ਕਿਸੇ ਵੀ ਸੰਗਠਨ ਦੀ ਮਜ਼ਬੂਤ ਨੀਂਹ ਹੁੰਦੇ ਹਨ। ਇਸ ਲਈ ਸਾਰੇ ਸਮਰਪਿਤ ਵਰਕਰਾਂ ਨੂੰ ਨਾਲ ਲੈ ਕੇ ਬੂਥ ਪੱਧਰ ਤੱਕ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।