ਟਿੱਬਾ ਟੱਪਰੀਆਂ ਤੇ ਗੜਬਾਗਾ ਦੀਆਂ ਵਿਕਾਸ ਲੋੜਾਂ ਪਹਿਲ ਦੇ ਆਧਾਰ ’ਤੇ ਹੋਣਗੀਆਂ ਹੱਲ : ਦਿਨੇਸ਼ ਚੱਢਾ ਟਿੱਬਾ ਟੱਪਰੀਆਂ ’ਤੇ ਗੜਬਾਗਾ ਦੀਆਂ ਵਿਕਾਸ ਲੋੜਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ : ਦਿਨੇਸ਼ ਚੱਢਾ
Publish Date: Mon, 14 Sep 2026 04:50 PM (IST)
Updated Date: Mon, 14 Sep 2026 04:53 PM (IST)
ਲੋਕ ਮਿਲਣੀ ਦੌਰਾਨ ਟਿੱਬਾ ਟੱਪਰੀਆਂ ਨੂੰ 5 ਲੱਖ ਅਤੇ ਗੜਬਾਗਾ ਨੂੰ 3 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਭੇਟ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਹਲਕਾ ਰੋਪੜ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਪਿੰਡ ਟਿੱਬਾ ਟੱਪਰੀਆਂ ਅਤੇ ਗੜਬਾਗਾ ਵਿਖੇ ਲੋਕ ਮਿਲਣੀ ਕਰਕੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਅਤੇ ਵਿਕਾਸ ਸਬੰਧੀ ਲੋੜਾਂ ਬਾਰੇ ਜਾਣਕਾਰੀ ਲਈ ਗਈ। ਇਸ ਮੌਕੇ ਵਿਧਾਇਕ ਨੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਦਿਆਂ ਉਨ੍ਹਾਂ ਦੀਆਂ ਮੰਗਾਂ ਸੁਣੀਆਂ ਅਤੇ ਸਬੰਧਿਤ ਮਸਲਿਆਂ ਦੇ ਹੱਲ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਵਿਧਾਇਕ ਦਿਨੇਸ਼ ਚੱਢਾ ਵੱਲੋਂ ਪਿੰਡ ਟਿੱਬਾ ਟੱਪਰੀਆਂ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਅਤੇ ਪਿੰਡ ਗੜਬਾਗਾ ਦੀ ਪੰਚਾਇਤ ਨੂੰ 3 ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਦੇ ਚੈੱਕ ਸੌਂਪੇ ਗਏ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਪਿੰਡਾਂ ਦੀਆਂ ਜ਼ਰੂਰੀ ਅਤੇ ਤਰਜੀਹੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਕਾਸ ਕਾਰਜਾਂ ਲਈ ਵਰਤੀ ਜਾਵੇਗੀ। ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਲੋੜ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਦਰ ’ਤੇ ਜਾ ਕੇ ਸੁਣਨਾ ਲੋਕ ਪ੍ਰਤੀਨਿਧ ਵਜੋਂ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਪਿੰਡਾਂ ਵਿੱਚ ਗਲੀਆਂ-ਨਾਲੀਆਂ, ਸੜਕਾਂ, ਸਫਾਈ, ਪਾਣੀ, ਰੌਸ਼ਨੀ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਿਤ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਕਾਸ ਲਈ ਜਾਰੀ ਹੋਣ ਵਾਲੀ ਹਰ ਗ੍ਰਾਂਟ ਦੀ ਸੁਚੱਜੀ ਅਤੇ ਪਾਰਦਰਸ਼ੀ ਵਰਤੋਂ ਹੋਣੀ ਚਾਹੀਦੀ ਹੈ, ਤਾਂ ਜੋ ਸਰਕਾਰੀ ਫੰਡਾਂ ਦਾ ਵੱਧ ਤੋਂ ਵੱਧ ਲਾਭ ਪਿੰਡ ਵਾਸੀਆਂ ਤੱਕ ਪਹੁੰਚ ਸਕੇ। ਉਨ੍ਹਾਂ ਪੰਚਾਇਤੀ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਗ੍ਰਾਂਟ ਦੀ ਵਰਤੋਂ ਲੋਕਾਂ ਦੀਆਂ ਅਹਿਮ ਜ਼ਰੂਰਤਾਂ ਅਨੁਸਾਰ ਕੀਤੀ ਜਾਵੇ ਅਤੇ ਵਿਕਾਸ ਕਾਰਜਾਂ ਵਿੱਚ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਸਰਕਾਰ ਅਤੇ ਪੰਚਾਇਤਾਂ ਦੇ ਨਾਲ-ਨਾਲ ਲੋਕਾਂ ਦੀ ਭਾਗੀਦਾਰੀ ਵੀ ਅਹਿਮ ਹੈ। ਵਿਧਾਇਕ ਨੇ ਕਿਹਾ ਕਿ ਟਿੱਬਾ ਟੱਪਰੀਆਂ ਅਤੇ ਗੜਬਾਗਾ ਸਮੇਤ ਹਲਕੇ ਦੇ ਸਮੂਹ ਪਿੰਡਾਂ ਦੀਆਂ ਜਾਇਜ਼ ਮੰਗਾਂ ਨੂੰ ਪੜਾਅਵਾਰ ਢੰਗ ਨਾਲ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਣ ਲਈ ਅਜਿਹੀਆਂ ਲੋਕ ਮਿਲਣੀਆਂ ਦਾ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ।