ਅੱਜ ਸਰਕਾਰੀ ਹਾਈ ਸਮਾਰਟ ਸਕੂਲ ਜਿੰਦਵੜੀ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ ਲੋਕ ਮਿਲਣੀ : ਹਰਜੋਤ ਬੈਂਸ ਅੱਜ ਸਰਕਾਰੀ ਹਾਈ ਸਮਾਰਟ ਸਕੂਲ ਜਿੰਦਵੜੀ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ ਲੋਕ ਮਿਲਣੀ: ਹਰਜੋਤ ਬੈਂਸ
Publish Date: Mon, 14 Sep 2026 04:40 PM (IST)
Updated Date: Mon, 14 Sep 2026 04:41 PM (IST)
ਪੰਜਾਬੀ ਜਾਗਰਣ ਟੀਮ, ਨੰਗਲ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਸਰਕਾਰੀ ਹਾਈ ਸਮਾਰਟ ਸਕੂਲ ਜਿੰਦਵੜੀ ਵਿਖੇ ਲੋਕ ਮਿਲਣੀ ਕੀਤੀ ਜਾਵੇਗੀ। ਇਹ ਜਾਣਕਾਰੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਿੰਦਵੜੀ ਸਕੂਲ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ਼ਾਮ 3 ਵਜੇ ਇਲਾਕੇ ਦੇ ਲੋਕਾਂ ਦੇ ਰੂਬਰੂ ਹੋਣਗੇ ਅਤੇ ਉਨ੍ਹਾਂ ਨਾਲ ਸਿੱਧਾ ਸੰਵਾਦ ਕਰਨਗੇ। ਉਨ੍ਹਾਂ ਨੇ ਕਿਹਾ ਕਿ ਜਿੰਦਵੜੀ ਸ੍ਰੀ ਅਨੰਦਪੁਰ ਸਾਹਿਬ ਹਲਕੇ ਦਾ ਕੇਂਦਰੀ ਪਿੰਡ ਹੈ, ਜਿੱਥੇ ਲੋਕ ਮਿਲਣੀ ਰਾਹੀਂ ਮੁੱਖ ਮੰਤਰੀ ਸਿੱਧੇ ਤੌਰ ’ਤੇ ਆਮ ਲੋਕਾਂ ਦੀਆਂ ਗੱਲਾਂ ਸੁਣਨਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕਰਨਗੇ। ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਮਿਲਣੀ ਆਮ ਲੋਕਾਂ ਅਤੇ ਸਰਕਾਰ ਦਰਮਿਆਨ ਸਿੱਧੇ ਸੰਵਾਦ ਦਾ ਮਹੱਤਵਪੂਰਨ ਮੌਕਾ ਹੈ। ਉਨ੍ਹਾਂ ਨੰਗਲ ਸ਼ਹਿਰ ਦੇ ਵਸਨੀਕਾਂ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਇਸ ਲੋਕ ਮਿਲਣੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕ ਆਪਣੇ ਇਲਾਕੇ ਨਾਲ ਸਬੰਧਤ ਮੁੱਦੇ ਅਤੇ ਸਮੱਸਿਆਵਾਂ ਮੁੱਖ ਮੰਤਰੀ ਦੇ ਧਿਆਨ ਵਿੱਚ ਸਿੱਧੇ ਤੌਰ ’ਤੇ ਲਿਆ ਸਕਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਜਿੰਦਵੜੀ ਦੇ ਕੇਂਦਰੀ ਸਥਾਨ ’ਤੇ ਹੋਣ ਵਾਲੀ ਇਸ ਲੋਕ ਮਿਲਣੀ ਵਿੱਚ ਨੰਗਲ ਤੋਂ ਇਲਾਵਾ ਢੇਰ, ਦੜੋਲੀ, ਨੰਗਲੀ, ਭਨੂਪਲੀ, ਢਾਹੇ, ਬੇਲਾ, ਥਲੂਹ, ਦੜੋਲੀ ਅੱਪਰ ਅਤੇ ਦੜੋਲੀ ਲੋਅਰ ਸਮੇਤ ਆਸ-ਪਾਸ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਸ਼ਾਮਲ ਹੋਣ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਮਿਲਣੀ ਦੌਰਾਨ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਆਵਾਜਾਈ, ਬੈਠਣ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦੇ ਢੁਕਵੇਂ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਕਰਨਗੇ। ਉਨ੍ਹਾਂ ਨੰਗਲ ਅਤੇ ਸਮੁੱਚੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਅੱਜ ਸ਼ਾਮ 3 ਵਜੇ ਸਰਕਾਰੀ ਹਾਈ ਸਮਾਰਟ ਸਕੂਲ ਜਿੰਦਵੜੀ ਵਿਖੇ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਲੋਕ ਮਿਲਣੀ ਲੋਕਾਂ ਦੀਆਂ ਸਮੱਸਿਆਵਾਂ ਅਤੇ ਸੁਝਾਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਅਹਿਮ ਮੰਚ ਸਾਬਤ ਹੋਵੇਗੀ।