- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਈਨਿੰਗ ਵਿਭਾਗ ਦੇ ਨਾਕੇ ਕਾਰਨ ਮੁੱਖ ਮਾਰਗ ’ਤੇ ਭਿਆਨਕ ਸੜਕ ਹਾਦਸਾ ਤਿੰਨ ਗੰਭੀਰ ਜਖਮੀ

ਹਾਦਸੇ ਕਾਰਨ ਭੜਕੇ ਲੋਕਾਂ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਦੀ ਗੱਡੀ ਪਲਟਾਈ
ਪੰਜਾਬੀ ਜਾਗਰਣ ਟੀਮ, ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਰੂਪਨਗਰ ਮੁੱਖ ਮਾਰਗ ’ਤੇ ਪਿੰਡ ਹਜ਼ਾਰਾਂ ਅਤੇ ਝੱਖੀਆਂ ਬੇਲੀਆਂ ਹੱਦਬਸਤ ਨਜ਼ਦੀਕ ਮਾਈਨਿੰਗ ਵਿਭਾਗ ਵੱਲੋਂ ਲਗਾਏ ਨਾਕੇ ਕਾਰਨ ਇਕ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ, ਜਿਸ ਵਿਚ ਕਾਰ ਸਵਾਰ ਇਕ ਪਰਿਵਾਰ ਦੇ ਤਿੰਨ ਲੋਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਰੂਪਨਗਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਬੀਤੀ ਸ਼ਾਮ ਕਰੀਬ 6 ਵਜੇ ਮੁੱਖ ਮਾਰਗ ’ਤੇ ਪਿੰਡ ਹਜ਼ਾਰਾਂ ਨਜ਼ਦੀਕ ਇਕ ਕਾਰ ਕਿਸੇ ਵਾਹਨ ਦੀ ਫੇਟ ਵੱਜਣ ਕਾਰਨ ਨਾਕੇ ’ਤੇ ਖੜ੍ਹੇ ਟਿੱਪਰ ਦੇ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕੀ ਹਾਦਸਾਗ੍ਰਸਤ ਕਾਰ ਚਕਨਾਚੂਰ ਹੋ ਗਈ। ਕਾਰ ਵਿਚ ਬੈਠੇ ਇਕ ਪਰਿਵਾਰ ਦੇ ਤਿੰਨ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਰੂਪਨਗਰ ਦੇ ਪ੍ਰਾਈਵੇਟ ਹੱਡੀਆਂ ਦੇ ਮਾਹਰ ਡਾਕਟਰ ਸੁਰਜੀਤ ਸਿੰਘ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੌਕੇ ’ਤੇ ਇਕੱਤਰ ਹੋਏ ਲੋਕ ਸੜਕ ਵਿਚਕਾਰ ਲੱਗੇ ਮਾਈਨਿੰਗ ਵਿਭਾਗ ਦੇ ਨਾਕੇ ਤੋਂ ਭੜਕ ਗਏ। ਗੁੱਸੇ ਵਿਚ ਲੋਕਾਂ ਵੱਲੋਂ ਮਾਈਨਿੰਗ ਵਿਭਾਗ ਦੀ ਖੜ੍ਹੀ ਬਲੈਰੋ ਕਾਰ ਨੰਬਰ ਪੀਬੀ 16 ਐੱਫ਼ 8744 ਨੂੰ ਸੜਕ ਕਿਨਾਰੇ ਖ਼ਤਾਨਾਂ ਵਿਚ ਪਲਟਾ ਦਿੱਤਾ। ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਮਾਈਨਿੰਗ ਵਿਭਾਗ ਦੇ ਅਧਿਕਾਰੀ ਮੌਕੇ ਤੋਂ ਇਧਰ-ਉਧਰ ਹੋ ਗਏ। ਸਥਾਨਕ ਲੋਕਾਂ ਨੇ ਇਲਜ਼ਾਮ ਲਾਇਆ ਹੈ ਕਿ ਮੁੱਖ ਮਾਰਗ ’ਤੇ ਸੜਕੀ ਆਵਾਜਾਈ ਬਹੁਤ ਚਲਦੀ ਹੈ ਅਤੇ ਵਾਹਨ ਤੇਜ਼ ਰਫਤਾਰ ਨਾਲ ਆਉਂਦੇ ਹਨ, ਇਸ ਜਗ੍ਹਾ ਤੇ ਸ਼ਾਮ ਸਮੇਂ ਮਾਈਨਿੰਗ ਵਿਭਾਗ ਵੱਲੋਂ ਨਾਕਾਬੰਦੀ ਕਰਕੇ ਟਿੱਪਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ। ਨਾਕੇਬੰਦੀ ਨੂੰ ਦੇਖ ਕੇ ਅਕਸਰ ਹੀ ਵਾਹਨ ਚਾਲਕ ਘਬਰਾ ਜਾਂਦੇ ਹਨ ਤੇ ਹਾਦਸਾ ਵਾਪਰ ਜਾਂਦਾ ਹੈ।
ਮੌਕੇ ’ਤੇ ਸਥਾਨਕ ਲੋਕਾਂ ਵੱਲੋਂ ਥਾਣਾ ਸ੍ਰੀ ਕੀਰਤਪੁਰ ਸਾਹਿਬ ਪੁਲਿਸ ਨੂੰ ਸੂਚਿਤ ਕੀਤਾ ਗਿਆ ਜੋ ਮੌਕੇ ’ਤੇ ਪਹੁੰਚ ਗਏ ਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀਆਂ ਵੱਲੋਂ ਹਾਦਸਾਗ੍ਰਸਤ ਕਾਰ ਨੂੰ ਸਾਈਡ ’ਤੇ ਕਰਵਾ ਕੇ ਸੜਕੀ ਆਵਾਜਾਈ ਨੂੰ ਸੰਚਾਰ ਰੂਪ ਨਾਲ ਚਾਲੂ ਕਰਵਾਇਆ। ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਜ਼ਖ਼ਮੀਆਂ ਨੂੰ ਪ੍ਰਾਈਵੇਟ ਵਾਹਨਾਂ ਰਾਹੀਂ ਰੂਪਨਗਰ ਇਲਾਜ ਲਈ ਭੇਜ ਦਿੱਤਾ ਗਿਆ ਸੀ। ਇਸ ਸਬੰਧੀ ਪੁਲੀਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਸਬੰਧੀ ਸੂਚਨਾ ਪ੍ਰਾਪਤ ਹੋਣ ’ਤੇ ਮੌਕੇ ’ਤੇ ਪਹੁੰਚੇ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਤੇ ਲਗਭਗ 20 ਅਣਪਛਾਤੇ ਵਿਅਕਤੀਆਂ ਤੇ ਮੁਕਦਮਾ ਨੰਬਰ 141 ਮਿਤੀ 13 ਸਤੰਬਰ 2026 ਨੂੰ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਦਰਜ ਕੀਤਾ ਗਿਆ ਹੈ।