ਡਾ. ਅੰਬੇਡਕਰ ਦੀ ਪ੍ਰਤੀਮਾ ਨਾਲ ਛੇੜਛਾੜ ਦੀ ਨਿੰਦਾ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਡਾ. ਅੰਬੇਡਕਰ ਦੀ ਪ੍ਰਤੀਮਾ ਨਾਲ ਛੇੜਛਾੜ ਦੀ ਨਿੰਦਾ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ
Publish Date: Sat, 12 Sep 2026 05:14 PM (IST)
Updated Date: Sat, 12 Sep 2026 05:17 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਆਨੰਦਪੁਰ ਸਾਹਿਬ : ਲੁਧਿਆਣਾ ਵਿਖੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਕੀਤੀ ਗਈ ਛੇੜਛਾੜ ਤੇ ਬੇਅਦਬੀ ਦੀ ਘਟਨਾ ਦੀ ਸ੍ਰੀ ਆਨੰਦਪੁਰ ਸਾਹਿਬ ਦੇ ਨਾਗਰਿਕਾਂ ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ। ਇਸ ਸਬੰਧੀ ਨਾਗਰਿਕਾਂ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਮ ਮੰਗ ਪੱਤਰ ਐੱਸਡੀਐੱਮ ਸ੍ਰੀ ਆਨੰਦਪੁਰ ਸਾਹਿਬ ਰਾਹੀਂ ਭੇਜ ਕੇ ਦੋਸ਼ੀਆਂ ਵਿਰੁੱਧ ਸਖ਼ਤ ਤੇ ਮਿਸਾਲੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਮੰਗ ਪੱਤਰ ਵਿਚ ਕਿਹਾ ਗਿਆ ਕਿ ਡਾ. ਭੀਮ ਰਾਓ ਅੰਬੇਡਕਰ ਸਿਰਫ਼ ਦਲਿਤ ਤੇ ਪੱਛੜੇ ਵਰਗਾਂ ਲਈ ਹੀ ਨਹੀਂ, ਸਗੋਂ ਸਮੁੱਚੇ ਭਾਰਤ ਵਾਸੀਆਂ ਲਈ ਸਮਾਨਤਾ, ਨਿਆਂ ਤੇ ਸੰਵਿਧਾਨਕ ਅਧਿਕਾਰਾਂ ਦੇ ਪ੍ਰਤੀਕ ਹਨ। ਉਨ੍ਹਾਂ ਨੇ ਭਾਰਤੀ ਸੰਵਿਧਾਨ ਰਾਹੀਂ ਹਰ ਨਾਗਰਿਕ ਨੂੰ ਬਰਾਬਰੀ, ਆਜ਼ਾਦੀ ਤੇ ਨਿਆਂ ਦੇ ਅਧਿਕਾਰ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਲਈ ਉਨ੍ਹਾਂ ਦੇ ਬੁੱਤ ਨਾਲ ਵਾਪਰੀ ਘਟਨਾ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ। ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਦੀ ਤੁਰੰਤ ਪਛਾਣ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮਾਮਲੇ ਦੀ ਨਿਰਪੱਖ ਤੇ ਪਾਰਦਰਸ਼ੀ ਜਾਂਚ ਕਰਵਾਈ ਜਾਵੇ। ਇਸ ਤੋਂ ਇਲਾਵਾ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿਚ ਡਾ. ਅੰਬੇਡਕਰ ਦੇ ਬੁੱਤਾਂ ਤੇ ਹੋਰ ਮਹਾਨ ਸ਼ਖ਼ਸੀਅਤਾਂ ਦੇ ਸਮਾਰਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ ਗਈ। ਨਾਗਰਿਕਾਂ ਨੇ ਇਹ ਵੀ ਮੰਗ ਕੀਤੀ ਕਿ ਅਜਿਹੀਆਂ ਥਾਵਾਂ ’ਤੇ ਸੀਸੀਟੀਵੀ ਕੈਮਰਿਆਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਭਵਿੱਖ ’ਚ ਸ਼ਰਾਰਤੀ ਅਨਸਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਨਾ ਦੇ ਸਕਣ। ਮੰਗ ਪੱਤਰ ’ਚ ਕਿਹਾ ਗਿਆ ਕਿ ਕਿਸੇ ਵੀ ਦੋਸ਼ੀ ਨੂੰ ਬਿਨਾਂ ਕਿਸੇ ਪੱਖਪਾਤ ਦੇ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿੱਤੀ ਜਾਵੇ। ਨਾਗਰਿਕਾਂ ਨੇ ਸ਼ਾਂਤੀਪੂਰਨ ਅਤੇ ਸੰਵਿਧਾਨਕ ਢੰਗ ਨਾਲ ਇਨਸਾਫ਼ ਦੀ ਮੰਗ ਕਰਦਿਆਂ ਸਰਕਾਰ ਤੋਂ ਤੁਰੰਤ ਪ੍ਰਭਾਵਸ਼ਾਲੀ ਕਾਰਵਾਈ ਦੀ ਉਮੀਦ ਪ੍ਰਗਟਾਈ। ਇਸ ਮੌਕੇ ਕਾਂਗਰਸੀ ਆਗੂ ਮੋਹਨ ਸਿੰਘ ਭਸੀਨ , ਸੁਖਦੇਵ ਸਿੰਘ ਥਾਣੇਦਾਰ, ਪ੍ਰੇਮ ਸਿੰਘ ਬਸੋਵਾਲ, ਨੌਜਵਾਨ ਭਾਜਪਾ ਆਗੂ ਬਲਰਾਮ ਪਰਸ਼ਰ, ਦਲੀਪ ਹੰਸ, ਯੂਨੀਅਨ ਪ੍ਰਧਾਨ ਸੁਨੀਲ ਅਡਵਾਲ, ਮੱਖਣ ਸਿੰਘ ਭਸੀਨ , ਰਤਨ ਧਨੇੜਾ, ਜਗਰੂਪ ਸਿੰਘ, ਨਿਰਮਲ ਸਿੰਘ ਸੁਮਨ, ਕੁਲਦੀਪ ਸਿੰਘ ਬੰਗਾ, ਅਕਾਲੀ ਆਗੂ ਜਥੇਦਾਰ ਰਾਮ ਸਿੰਘ, ਮਨਜਿੰਦਰ ਸਿੰਘ ਬਰਾੜ , ਕੁਲਦੀਪ ਸਿੰਘ, ਐਡਵੋਕੇਟ ਵਿਸ਼ਾਲ ਸੈਣੀ, ਸੋਹਣ ਸਿੰਘ ਬੰਗਾ ਆਦਿ ਹਾਜ਼ਰ ਸਨ।