- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਡਵੋਕੇਟ ਅਸ਼ੋਕ ਚੌਧਰੀ ਸ੍ਰੀ ਆਨੰਦਪੁਰ ਸਾਹਿਬ ਬਾਰ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਬਣੇ

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ,
ਸ੍ਰੀ ਆਨੰਦਪੁਰ ਸਾਹਿਬ: ਸ੍ਰੀ ਆਨੰਦਪੁਰ ਸਾਹਿਬ ਬਾਰ ਐਸ਼ੋਸ਼ੀਏਸ਼ਨ ਦੀ ਵੱਖ-ਵੱਖ ਅਹੁਦਿਆਂ ਲਈ ਚੋਣ ਹੋਈ। ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਅਸ਼ੋਕ ਸਿੰਘ ਚੌਧਰੀ ਨੇ 116 ਵੋਟਾਂ ਹਾਸਲ ਕਰਕੇ ਆਪਣੇ ਵਿਰੋਧੀ ਐਡਵੋਕੇਟ ਰਵਿੰਦਰ ਸਿੰਘ ਰਤਨ ਨੂੰ 16 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਐਡਵੋਕੇਟ ਰਵਿੰਦਰ ਸਿੰਘ ਰਤਨ ਨੂੰ 100 ਵੋਟਾਂ ਮਿਲੀਆਂ। ਇਸਦੇ ਨਾਲ ਹੀ ਬਾਰ ਐਸ਼ੋਸ਼ੀਏਸ਼ਨ ਦੀਆਂ ਕੁੱਲ 224 ਵੋਟਾਂ ਵਿੱਚੋਂ 216 ਵੋਟਾਂ ਪੋਲ ਹੋਈਆਂ।
ਮਹਿਲਾਵਾਂ ਲਈ ਰਾਖਵੇਂ ਮੀਤ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਅਮਨਪ੍ਰੀਤ ਕੌਰ ਨੇ 115 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ, ਜਦਕਿ ਐਡਵੋਕੇਟ ਮੀਨਾ ਕਾਲੀਆ ਨੂੰ 100 ਵੋਟਾਂ ਮਿਲੀਆਂ ਅਤੇ ਇੱਕ ਵੋਟ ਰੱਦ ਹੋਈ। ਇਸ ਤੋਂ ਇਲਾਵਾ ਐਡਵੋਕੇਟ ਹਰਦੀਪ ਸਿੰਘ ਵਾਲੀਆ ਨੂੰ ਮੀਤ ਪ੍ਰਧਾਨ, ਐਡਵੋਕੇਟ ਨਿਖਿਲ ਭਾਰਦਵਾਜ ਨੂੰ ਸਕੱਤਰ, ਐਡਵੋਕੇਟ ਹਰਮਨਜੀਤ ਕੌਰ ਨੂੰ ਜੁਆਇੰਟ ਸਕੱਤਰ ਅਤੇ ਐਡਵੋਕੇਟ ਦਵਿੰਦਰ ਪਾਲ ਸਿੰਘ ਬੱਤਰਾ ਨੂੰ ਕੈਸ਼ੀਅਰ ਸਰਬਸੰਮਤੀ ਨਾਲ ਚੁਣਿਆ ਗਿਆ। ਐਗਜ਼ੀਕਿਊਟਿਵ ਮੈਂਬਰ ਵਜੋਂ ਮਹਿਲਾ ਕੋਟੇ ਵਿੱਚੋਂ ਐਡਵੋਕੇਟ ਪਲਵਿੰਦਰ ਕੌਰ ਅਤੇ ਫਰੈਸ਼ਰ ਕੋਟੇ ਵਿੱਚੋਂ ਪ੍ਰਿੰਸ ਕੁਮਾਰ ਦੀ ਚੋਣ ਹੋਈ।
ਜਿੱਤ ਉਪਰੰਤ ਨਵ-ਨਿਯੁਕਤ ਪ੍ਰਧਾਨ ਅਸ਼ੋਕ ਚੌਧਰੀ ਨੇ ਬਾਰ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਰ ਵਿੱਚ ਪਾਰਕਿੰਗ ਦੀ ਸਮੱਸਿਆ ਦਾ ਹੱਲ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਵਕੀਲਾਂ ਲਈ ਮੈਡੀਕਲ ਸਹੂਲਤਾਂ ਦੀ ਘਾਟ ਨੂੰ ਦੇਖਦਿਆਂ ਐਂਬੂਲੈਂਸ ਦਾ ਪ੍ਰਬੰਧ ਕਰਨ ਲਈ ਵੀ ਯਤਨ ਕੀਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਵਕੀਲ ਭਾਈਚਾਰੇ ਵਿੱਚ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਅਤੇ ਹੋਰ ਕੌਂਸਲਰਾਂ ਵੱਲੋਂ ਵੀ ਨਵੇਂ ਚੁਣੇ ਪ੍ਰਧਾਨ ਐਡਵੋਕੇਟ ਅਸ਼ੋਕ ਚੌਧਰੀ ਨੂੰ ਜਿੱਤ ਦੀ ਮੁਬਾਰਕਬਾਦ ਦਿੱਤੀ ਗਈ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਸਮੂਹ ਵਕੀਲਾਂ ਅਤੇ ਉਮੀਦਵਾਰਾਂ ਦੇ ਸਹਿਯੋਗ ਨਾਲ ਚੋਣ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹੀ।