ਕੁੱਲੂ-ਮਨਾਲੀ-ਚੰਡੀਗੜ੍ਹ ਮੁੱਖ ਮਾਰਗ ’ਤੇ ਮੱਸੇਵਾਲ ਵਿਖੇ ਦਰਦਨਾਕ ਹਾਦਸਾ ਕੁੱਲੂ-ਮਨਾਲੀ-ਚੰਡੀਗੜ੍ਹ ਮੁੱਖ ਮਾਰਗ ’ਤੇ ਮੱਸੇਵਾਲ ਵਿਖੇ ਦਰਦਨਾਕ ਹਾਦਸਾ
Publish Date: Fri, 11 Sep 2026 08:08 PM (IST)
Updated Date: Fri, 11 Sep 2026 08:11 PM (IST)
ਸੜਕ ਹਾਦਸੇ ’ਚ ਬਾਈਕ ਰਾਈਡਰ ਦੀ ਮੌਤ ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਕੁੱਲੂ-ਮਨਾਲੀ-ਚੰਡੀਗੜ੍ਹ ਮੁੱਖ ਮਾਰਗ ’ਤੇ ਪੈਂਦੇ ਪਿੰਡ ਮੱਸੇਵਾਲ ਵਿਖੇ ਦੁਪਹਿਰ ਕਰੀਬ ਢਾਈ ਵਜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ ਗੁਜਰਾਤ ਨਾਲ ਸਬੰਧਤ ਇੱਕ ਬਾਈਕ ਰਾਈਡਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ 1033 ਐਂਬੂਲੈਂਸ ਵਿੱਚ ਤਾਇਨਾਤ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਨੂੰ ਮੱਸੇਵਾਲ ਵਿਖੇ ਸੜਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਣ ਉਪਰੰਤ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਬਾਈਕ ਸਵਾਰ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਉਧਰ, ਹਾਦਸੇ ਦੀ ਸੂਚਨਾ ਮਿਲਣ ’ਤੇ ਕੀਰਤਪੁਰ ਸਾਹਿਬ ਪੁਲਿਸ ਵੀ ਮੌਕੇ ’ਤੇ ਪਹੁੰਚੀ ਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾਘਰ ’ਚ ਰਖਵਾਇਆ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਉਤਸਵ ਪਾਂਡਿਆ, ਵਾਸੀ ਗੁਜਰਾਤ ਵਜੋਂ ਦੱਸੀ ਜਾ ਰਹੀ ਹੈ। ਮ੍ਰਿਤਕ ਦੇ ਨਾਲ ਆ ਰਹੇ ਉਸਦੇ ਸਾਥੀਆਂ ਨੇ ਦੱਸਿਆ ਕਿ ਉਹ ਸਾਰੇ ਮਨਾਲੀ ਤੋਂ ਵਾਪਸ ਗੁਜਰਾਤ ਜਾ ਰਹੇ ਸਨ। ਉਨ੍ਹਾਂ ਦਾ ਦੋਸਤ ਉਤਸਵ ਪਾਂਡਿਆ ਉਨ੍ਹਾਂ ਤੋਂ ਕੁਝ ਅੱਗੇ ਬਾਈਕ ’ਤੇ ਜਾ ਰਿਹਾ ਸੀ। ਇਸ ਦੌਰਾਨ ਮੱਸੇਵਾਲ ਵਿਖੇ ਇਹ ਦਰਦਨਾਕ ਹਾਦਸਾ ਵਾਪਰ ਗਿਆ। ਪੁਲਿਸ ਅਧਿਕਾਰੀ ਪਵਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੱਸੇਵਾਲ ਵਿਖੇ ਇੱਕ ਸੜਕ ਹਾਦਸਾ ਵਾਪਰਿਆ ਇਸ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੇ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਅਤੇ ਤਿੰਨੇ ਵਹੀਕਲਾਂ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਦੀ ਕਾਰਵਾਈ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਹਵਾਲੇ ਕੀਤੀ ਜਾਵੇਗੀ।