ਜਿੰਦਵੜੀ ਮੋੜ ਵਿਖੇ ਪਿਕਅੱਪ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਜਿੰਦਵੜੀ ਮੋੜ ਵਿਖੇ ਪਿਕਅੱਪ ਗੱਡੀ ਚੋਰੀ ਕਰਨ ਦੀ ਕੋਸ਼ਿਸ਼
Publish Date: Fri, 11 Sep 2026 05:50 PM (IST)
Updated Date: Fri, 11 Sep 2026 05:52 PM (IST)
ਪਿਕਅੱਪ ਗੱਡੀ ਚੋਰੀ ਕਰਨ ਦੀ ਕੋਸ਼ਿਸ਼, ਸੀਸੀਟੀਵੀ ’ਚ ਕੈਦ ਹੋਈ ਘਟਨਾ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਇਲਾਕੇ ਵਿੱਚ ਚੋਰੀ ਦੀਆਂ ਵਧਦੀਆਂ ਘਟਨਾਵਾਂ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਹਨ। ਬੀਤੀ ਰਾਤ ਜੰਦਵੜੀ ਮੋੜ ਵਿਖੇ ਤਿੰਨ ਅਣਪਛਾਤੇ ਚੋਰਾਂ ਵੱਲੋਂ ਇੱਕ ਟੈਂਟ ਹਾਊਸ ਦੇ ਬਾਹਰ ਖੜ੍ਹੀ ਪਿਕਅੱਪ ਗੱਡੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਗੱਡੀ ਦਾ ਸਟੇਅਰਿੰਗ ਲੌਕ ਹੋਣ ਕਾਰਨ ਚੋਰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਸਕੇ, ਪਰ ਉਹ ਗੱਡੀ ਵਿੱਚ ਪਈ 6500 ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਘਟਨਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਹਿਤੇਸ਼ ਨੱਢਾ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ 2:35 ਤੋਂ 2:40 ਵਜੇ ਦੇ ਦਰਮਿਆਨ ਵਾਪਰੀ। ਜੰਦਵੜੀ ਮੋੜ ਤੇ ਟੈਂਟ ਦਾ ਕੰਮ ਕਰਦੇ ਲੱਕੀ ਦੀ ਪਿਕਅੱਪ ਗੱਡੀ ਦੁਕਾਨ ਦੇ ਬਾਹਰ ਖੜ੍ਹੀ ਸੀ। ਸੀਸੀਟੀਵੀ ਫੁਟੇਜ ਅਨੁਸਾਰ, ਇੱਕ ਹੋਰ ਪਿਕਅੱਪ ਗੱਡੀ ਵਿੱਚ ਸਵਾਰ ਹੋ ਕੇ ਤਿੰਨ ਨੌਜਵਾਨ ਚੋਰ ਉੱਥੇ ਆਏ, ਜਿਨ੍ਹਾਂ ਨੇ ਆਪਣੇ ਮੂੰਹ ਲਪੇਟੇ ਹੋਏ ਸਨ। ਦੱਸਿਆ ਗਿਆ ਹੈ ਕਿ ਚੋਰਾਂ ਨੇ ਪਹਿਲਾਂ ਖੜ੍ਹੀ ਗੱਡੀ ਦੀ ਤਾਕੀ (ਦਰਵਾਜ਼ਾ) ਦੇ ਨੱਟ-ਬੋਲਟ ਖੋਲ੍ਹ ਕੇ ਉਸਨੂੰ ਵੱਖ ਕਰ ਲਿਆ ਅਤੇ ਆਪਣੀ ਗੱਡੀ ਵਿੱਚ ਰੱਖ ਲਿਆ। ਪਰ ਕੁਝ ਹੀ ਦੇਰ ਬਾਅਦ ਉਨ੍ਹਾਂ ਨੇ ਉਹ ਤਾਕੀ ਵਾਪਸ ਉੱਥੇ ਹੀ ਸੁੱਟ ਦਿੱਤੀ। ਗੱਡੀ ਦਾ ਸਟੇਅਰਿੰਗ ਲੌਕ ਹੋਣ ਕਰਕੇ ਉਹ ਗੱਡੀ ਸਟਾਰਟ ਕਰਕੇ ਭਜਾਉਣ ਵਿੱਚ ਨਾਕਾਮ ਰਹੇ। ਜਾਂਦੇ ਹੋਏ ਉਹ ਗੱਡੀ ਦੇ ਅੰਦਰ ਪਏ 6500 ਰੁਪਏ ਕੱਢ ਕੇ ਲੈ ਗਏ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਚੋਰ ਆਨੰਦਪੁਰ ਸਾਹਿਬ ਵਾਲੇ ਪਾਸਿਓਂ ਆਏ ਸਨ ਅਤੇ ਵਾਪਸ ਵੀ ਉਸੇ ਤਰਫ਼ ਹੀ ਫਰਾਰ ਹੋ ਗਏ।