10.50 ਗ੍ਰਾਮ ਚਿੱਟੇ ਸਣੇ ਤਿੰਨ ਕਾਬੂ, ਜਾਂਚ ਦੋਰਾਨ ਮੁੱਖ ਸਪਲਾਇਰ ਵੀ ਫੜਿਆ ਨਾਕਾਬੰਦੀ ਦੌਰਾਨ ਕੈਂਚੀ ਮੋੜ ਨਜ਼ਦੀਕ 10.50 ਗ੍ਰਾਮ ਚਿੱਟੇ ਸਮੇਤ ਤਿੰਨ ਕਾਬੂ
Publish Date: Fri, 11 Sep 2026 05:18 PM (IST)
Updated Date: Fri, 11 Sep 2026 05:19 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸੂਬਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਨੂੰ ਹੋਰ ਸਫ਼ਲਤਾ ਪ੍ਰਾਪਤ ਹੋਈ ਹੈ। ਸਵਾਰਘਾਟ ਪੁਲਿਸ ਤੇ ਬਿਲਾਸਪੁਰ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਕਰਦਿਆਂ ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ਤੋਂ 10.50 ਗ੍ਰਾਮ ਚਿੱਟਾ/ਹੈਰੋਇਨ ਬਰਾਮਦ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਏ ਬੈਕਵਰਡ ਲਿੰਕ ਦੇ ਆਧਾਰ ’ਤੇ ਪੁਲਿਸ ਨੇ ਪੰਜਾਬ ਵਾਸੀ ਕਥਿਤ ਮੁੱਖ ਸਪਲਾਇਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਹੁਣ ਤੱਕ ਕੁੱਲ ਚਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ, 7 ਸਤੰਬਰ 2026 ਨੂੰ ਬਿਲਾਸਪੁਰ ਪੁਲਿਸ ਦੀ ਸਪੈਸ਼ਲ ਡਿਟੈਕਸ਼ਨ ਟੀਮ ਨੇ ਸਵਾਰਘਾਟ ਖੇਤਰ ਦੇ ਕੈਂਚੀ ਮੋੜ ’ਤੇ ਨਾਕਾਬੰਦੀ ਦੌਰਾਨ ਇਕ ਕਾਰ ਨੂੰ ਚੈਕਿੰਗ ਲਈ ਰੋਕਿਆ। ਕਾਰ ’ਚ ਸਵਾਰ ਪ੍ਰੇਮ ਲਾਲ ਉਮਰ 31 ਸਾਲ, ਲਲਿਤ ਕੁਮਾਰ ਉਮਰ 41 ਸਾਲ ਤੇ ਚਮਨ ਲਾਲ 30 ਸਾਲ, ਸਾਰੇ ਵਾਸੀ ਸਕਰੋਹਾ, ਤਹਿਸੀਲ ਤੇ ਥਾਣਾ ਬਲ੍ਹ, ਜ਼ਿਲ੍ਹਾ ਮੰਡੀ, ਦੇ ਕਬਜ਼ੇ ’ਚੋਂ 10.50 ਗ੍ਰਾਮ ਹੈਰੋਇਨ/ਚਿੱਟਾ ਬਰਾਮਦ ਕੀਤਾ ਗਿਆ। ਇਸ ਸਬੰਧੀ ਥਾਣਾ ਸਵਾਰਘਾਟ ’ਚ ਮੁਕੱਦਮਾ ਨੰਬਰ 67/2026, ਮਿਤੀ 07-09-2026, ਧਾਰਾ 21, 29 ਐੱਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਵੱਲੋਂ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਤੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਪੁਲਿਸ ਨੇ ਦੋਸ਼ੀਆਂ ਦੇ ਮੋਬਾਈਲ ਫੋਨ, ਬੈਂਕ ਖਾਤਿਆਂ ਤੇ ਹੋਰ ਡਿਜੀਟਲ ਸਬੂਤਾਂ ਦਾ ਵਿਸ਼ਲੇਸ਼ਣ ਕੀਤਾ। ਜਾਂਚ ਦੌਰਾਨ ਪੰਜਾਬ ਵਾਸੀ ਮਲਵਿੰਦਰ ਸਿੰਘ ਉਮਰ 31 ਸਾਲ, ਪੁੱਤਰ ਜਸਵਿੰਦਰ ਸਿੰਘ, ਵਾਸੀ ਸੁੱਧਾ ਮਾਜਰਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਪੰਜਾਬ, ਦੀ ਕਥਿਤ ਤੌਰ ’ਤੇ ਚਿੱਟੇ ਦੇ ਮੁੱਖ ਸਪਲਾਇਰ ਵਜੋਂ ਸ਼ਮੂਲੀਅਤ ਸਾਹਮਣੇ ਆਈ। ਸਬੂਤਾਂ ਦੇ ਆਧਾਰ ’ਤੇ ਸਵਾਰਘਾਟ ਪੁਲਿਸ ਟੀਮ ਨੇ ਪੰਜਾਬ ’ਚ ਦਬਿਸ਼ ਦੇ ਕੇ ਮਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ, ਮਲਵਿੰਦਰ ਸਿੰਘ ਪੁਲਿਸ ਦੀ ਨਿਗਰਾਨੀ ਤੋਂ ਬਚਣ ਲਈ ਹੋਰ ਲੋਕਾਂ ਦੇ ਬੈਂਕ ਖਾਤਿਆਂ ਦੀ ਵਰਤੋਂ ਕਰਦਾ ਸੀ। ਚਿੱਟੇ ਦੀ ਵਿਕਰੀ ਤੋਂ ਪ੍ਰਾਪਤ ਰਕਮ ਪਹਿਲਾਂ ਆਪਣੇ ਸਾਥੀਆਂ ਦੇ ਖਾਤਿਆਂ ’ਚ ਜਮ੍ਹਾਂ ਕਰਵਾਉਣ ਤੇ ਉਸ ਤੋਂ ਬਾਅਦ ਉਨ੍ਹਾਂ ਖਾਤਿਆਂ ਤੋਂ ਆਪਣੇ ਖਾਤੇ ’ਚ ਟਰਾਂਸਫਰ ਕਰਵਾਉਣ ਦੀ ਗੱਲ ਜਾਂਚ ’ਚ ਸਾਹਮਣੇ ਆਈ ਹੈ। ਪੁਲਿਸ ਇਸ ਵਿੱਤੀ ਲੈਣ-ਦੇਣ ਦੀ ਵੀ ਜਾਂਚ ਕਰ ਰਹੀ ਹੈ। ਪੁਲਿਸ ਦੇ ਅਨੁਸਾਰ, ਮਲਵਿੰਦਰ ਸਿੰਘ ਖ਼ਿਲਾਫ਼ ਪੰਜਾਬ ’ਚ ਪਹਿਲਾਂ ਤੋਂ ਐੱਨ.ਡੀ.ਪੀ.ਐੱਸ ਐਕਟ ਤਹਿਤ ਦੋ ਮਾਮਲੇ ਦਰਜ ਹਨ। ਇਨ੍ਹਾਂ ਵਿਚ ਥਾਣਾ ਸਦਰ ਰੂਪਨਗਰ ਵਿਚ ਦਰਜ ਮੁਕੱਦਮਾ ਨੰਬਰ 57/2025, ਧਾਰਾ 21, 29, 27-61-85 ਐੱਨ.ਡੀ.ਪੀ.ਐੱਸ ਐਕਟ ਤਹਿਤ 100 ਗ੍ਰਾਮ ਚਿੱਟਾ ਬਰਾਮਦ ਹੋਇਆ ਸੀ। ਇਸੇ ਤਰ੍ਹਾਂ ਥਾਣਾ ਬਡਾਲੀ ਆਲਾ ਸਿੰਘ ’ਚ ਦਰਜ ਮੁਕੱਦਮਾ ਨੰਬਰ 49/2022, ਧਾਰਾ 21, 61-85 ਐੱਨ.ਡੀ.ਪੀ.ਐੱਸ, ਐਕਟ ਤਹਿਤ 4 ਗ੍ਰਾਮ ਚਿੱਟਾ ਬਰਾਮਦ ਹੋਇਆ ਸੀ। ਬਿਲਾਸਪੁਰ ਪੁਲਿਸ ਦੇ ਅਨੁਸਾਰ, ਐੱਨ.ਡੀ.ਪੀ.ਐੱਸ ਮਾਮਲਿਆਂ ’ਚ ਬੈਕਵਰਡ ਲਿੰਕ ਦੀ ਜਾਂਚ ਰਾਹੀਂ ਨਸ਼ੇ ਦੀ ਖੇਪ ਦੇ ਸਰੋਤ ਤੇ ਪੂਰੇ ਸਪਲਾਈ ਨੈੱਟਵਰਕ ਦੀ ਪਛਾਣ ਕਰਕੇ ਉਸ ਨੂੰ ਤੋੜਨ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਮਾਮਲੇ ’ਚ ਅਗਲੇਰੀ ਜਾਂਚ ਜਾਰੀ ਹੈ।