ਮੋਟਰਸਾਈਕਲ ਤੇ ਛੋਟੇ ਹਾਥੀ ਦੀ ਟੱਕਰ ’ਚ ਲਾਈਨਮੈਨ ਦੀ ਮੌਤ ਮੋਟਰਸਾਈਕਲ ਅਤੇ ਛੋਟੇ ਹਾਥੀ ਦੀ ਟੱਕਰ ਵਿੱਚ ਲਾਇਨਮੈਨ ਦੀ ਮੌਤ
Publish Date: Thu, 10 Sep 2026 05:10 PM (IST)
Updated Date: Thu, 10 Sep 2026 05:10 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਰੂਪਨਗਰ ਮੁੱਖ ਮਾਰਗ ’ਤੇ ਅਬਿਆਣਾ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਪੰਜਾਬ ਪਾਵਰਕਾਮ ਦੇ ਲਾਈਨਮੈਨ ਦੀ ਮੌਤ ਹੋ ਗਈ ਹੈ। ਇਹ ਹਾਦਸਾ ਇੱਕ ਛੋਟੇ ਹਾਥੀ ਅਤੇ ਮੋਟਰਸਾਈਕਲ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਵਾਪਰਿਆ। ਹਾਦਸੇ ਤੋਂ ਬਾਅਦ ਛੋਟਾ ਹਾਥੀ ਵੀ ਪਲਟ ਗਿਆ, ਜਦਕਿ ਉਸ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧੀ ਤਫਤੀਸ਼ੀ ਅਧਿਕਾਰੀ ਏਐੱਸਆਈ ਬੂਟਾ ਸਿੰਘ ਪੁਲਿਸ ਚੌਂਕੀ ਹਰੀਪੁਰ ਨੇ ਦੱਸਿਆ ਕਿ ਪੰਜਾਬ ਪਾਵਰਕਾਮ ਵਿੱਚ ਲਾਈਨਮੈਨ ਵਜੋਂ ਤਾਇਨਾਤ ਹਰਦੀਪ ਸਿੰਘ ਆਪਣੀ ਡਿਊਟੀ ’ਤੇ ਰੂਪਨਗਰ ਜਾ ਰਿਹਾ ਸੀ। ਜਦੋਂ ਉਹ ਅਬਿਆਣਾ ਲਾਗੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਛੋਟੇ ਹਾਥੀ ਨੰਬਰ ਐੱਚਪੀ-72-ਡੀ-5798 ਨਾਲ ਉਸ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ। ਪੁਲਿਸ ਅਧਿਕਾਰੀ ਅਨੁਸਾਰ ਟੱਕਰ ਇੰਨੀ ਜ਼ੋਰਦਾਰ ਸੀ ਕਿ ਮੋਟਰਸਾਈਕਲ ਸਵਾਰ ਹਰਦੀਪ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਪਰੰਤੂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹਾਦਸੇ ਦੌਰਾਨ ਛੋਟਾ ਹਾਥੀ ਵੀ ਸੜਕ ’ਤੇ ਪਲਟ ਗਿਆ। ਘਟਨਾ ਤੋਂ ਬਾਅਦ ਛੋਟੇ ਹਾਥੀ ਦਾ ਚਾਲਕ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਉੱਥੋਂ ਫਰਾਰ ਹੋ ਗਿਆ ਜਦ ਕਿ ਛੋਟੇ ਹਾਥੀ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਪੁਲਿਸ ਵੱਲੋਂ ਫਰਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਤਫਤੀਸ਼ੀ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਛੋਟਾ ਹਾਥੀ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।