ਲੋਕ ਮਿਲਣੀਆਂ ਰਾਹੀਂ ਵਿਕਾਸ ਨੂੰ ਮਿਲ ਰਹੀ ਨਵੀਂ ਰਫ਼ਤਾਰ ਲੋਕ ਮਿਲਣੀਆਂ ਰਾਹੀਂ ਵਿਕਾਸ ਨੂੰ ਮਿਲ ਰਹੀ ਨਵੀਂ ਰਫ਼ਤਾਰ
Publish Date: Thu, 10 Sep 2026 04:10 PM (IST)
Updated Date: Thu, 10 Sep 2026 04:10 PM (IST)
ਵਿਧਾਇਕ ਦਿਨੇਸ਼ ਚੱਢਾ ਵੱਲੋਂ 45 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਭੇਟ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਲੋਕਾਂ ਦੇ ਦਰਮਿਆਨ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਮੌਕੇ ’ਤੇ ਹੀ ਉਨ੍ਹਾਂ ਦੇ ਹੱਲ ਲਈ ਯਤਨ ਕਰਨ ਦੀ ਪਿਰਤ ਨੂੰ ਅੱਗੇ ਵਧਾਉਂਦਿਆਂ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਕੀਤੀਆਂ ਜਾ ਰਹੀਆਂ ਲੋਕ ਮਿਲਣੀਆਂ ਲਗਾਤਾਰ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ। ਇਨ੍ਹਾਂ ਲੋਕ ਮਿਲਣੀਆਂ ਦੌਰਾਨ ਜਿੱਥੇ ਲੋਕਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਸੁਣਿਆ ਜਾ ਰਿਹਾ ਹੈ, ਉੱਥੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਚੈੱਕ ਵੀ ਪ੍ਰਦਾਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਵਿਧਾਇਕ ਦਿਨੇਸ਼ ਚੱਢਾ ਵੱਲੋਂ ਪਿੰਡ ਸਪਾਲਵਾ, ਪਲਾਟਾ, ਹਰੀਪੁਰ, ਸਮੁੰਦੜੀਆਂ, ਭਨੂੰਹਾਂ, ਗੋਚਰ, ਰੈਂਸੜਾ, ਰੋੜੂਆਣਾ ਅਤੇ ਰਾਮਪੁਰ ਕਲਾ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਪੰਜ-ਪੰਜ ਲੱਖ ਰੁਪਏ, ਕੁੱਲ 45 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਭੇਟ ਕੀਤੇ ਗਏ। ਇਨ੍ਹਾਂ ਗ੍ਰਾਂਟਾਂ ਨਾਲ ਪਿੰਡਾਂ ਵਿੱਚ ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜਾਂ ਨੂੰ ਹੋਰ ਰਫ਼ਤਾਰ ਮਿਲਣ ਦੀ ਉਮੀਦ ਹੈ। ਲੋਕ ਮਿਲਣੀਆਂ ਦੀ ਵਿਸ਼ੇਸ਼ਤਾ ਇਹ ਰਹੀ ਕਿ ਇੱਥੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਲੈ ਕੇ ਦਫ਼ਤਰਾਂ ਦੇ ਚੱਕਰ ਕੱਟਣ ਦੀ ਬਜਾਏ ਆਪਣੇ ਹੀ ਪਿੰਡ ਵਿੱਚ ਵਿਧਾਇਕ ਨਾਲ ਸਿੱਧਾ ਸੰਵਾਦ ਕਰਨ ਦਾ ਮੌਕਾ ਮਿਲ ਰਿਹਾ ਹੈ। ਲੋਕਾਂ ਦੇ ਮਸਲੇ ਸੁਣ ਕੇ ਉਨ੍ਹਾਂ ਦੇ ਹੱਲ ਲਈ ਮੌਕੇ ’ਤੇ ਹੀ ਅਧਿਕਾਰੀਆਂ ਨੂੰ ਹਦਾਇਤਾਂ ਦੇਣਾ ਅਤੇ ਪਿੰਡਾਂ ਦੀਆਂ ਵਿਕਾਸ ਲੋੜਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਲਈ ਗ੍ਰਾਂਟਾਂ ਮੁਹੱਈਆ ਕਰਵਾਉਣਾ ਇਨ੍ਹਾਂ ਮਿਲਣੀਆਂ ਨੂੰ ਹੋਰ ਵੀ ਸਾਰਥਕ ਬਣਾ ਰਿਹਾ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਚੁਣਿਆ ਹੋਇਆ ਨੁਮਾਇੰਦਾ ਖੁਦ ਲੋਕਾਂ ਦੇ ਦਰ ’ਤੇ ਪਹੁੰਚ ਕੇ ਉਨ੍ਹਾਂ ਦੀ ਗੱਲ ਸੁਣਦਾ ਹੈ ਤਾਂ ਲੋਕਤੰਤਰ ਦੀ ਅਸਲ ਭਾਵਨਾ ਮਜ਼ਬੂਤ ਹੁੰਦੀ ਹੈ। ਵਿਧਾਇਕ ਦਿਨੇਸ਼ ਚੱਢਾ ਵੱਲੋਂ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦੀ ਪਹਿਲ ਨੇ ਲੋਕਾਂ ਵਿੱਚ ਇਹ ਭਰੋਸਾ ਪੈਦਾ ਕੀਤਾ ਹੈ ਕਿ ਉਨ੍ਹਾਂ ਦੀ ਆਵਾਜ਼ ਨੂੰ ਸੁਣਨ ਵਾਲਾ ਕੋਈ ਹੈ। ਵਿਕਾਸ ਦੀ ਰਾਹ ’ਤੇ ਚੱਲ ਰਹੇ ਪਿੰਡਾਂ ਲਈ ਇਹ ਗ੍ਰਾਂਟਾਂ ਸਿਰਫ਼ ਰਕਮ ਨਹੀਂ, ਸਗੋਂ ਬਿਹਤਰ ਭਵਿੱਖ ਵੱਲ ਵਧਦਾ ਇੱਕ ਹੋਰ ਕਦਮ ਹਨ। ਇਸ ਮੌਕੇ ਵਿਧਾਇਕ ਦਿਨੇਸ਼ ਚੱਡਾ ਨੇ ਕਿਹਾ ਕਿ ਪਿੰਡਾਂ ਦਾ ਵਿਕਾਸ ਸਰਕਾਰ ਦੀ ਮੁੱਖ ਤਰਜੀਹ ਹੈ ਅਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਮਿਲਣੀਆਂ ਦਾ ਮਕਸਦ ਲੋਕਾਂ ਅਤੇ ਸਰਕਾਰ ਵਿਚਕਾਰ ਦੂਰੀ ਘਟਾ ਕੇ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੇ ਦਰ ’ਤੇ ਕਰਨਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਹਲਕੇ ਦੇ ਹਰੇਕ ਪਿੰਡ ਦੇ ਸਰਵਪੱਖੀ ਵਿਕਾਸ ਲਈ ਯਤਨ ਇਸੇ ਤਰ੍ਹਾਂ ਜਾਰੀ ਰਹਿਣਗੇ। ਇਸ ਮੌਕੇ ਬਲਾਕ ਪ੍ਰਧਾਨ ਬਚਿੱਤਰ ਸਿੰਘ, ਜ਼ਿਲ੍ਹਾ ਪਰਿਸ਼ਦ ਮੈਂਬਰ ਜਰਨੈਲ ਲਾਲੀ, ਜ਼ਿਲ੍ਹਾ ਪਰਿਸ਼ਦ ਵਾਈਸ ਚੇਅਰਮੈਨ ਦੇਸ ਰਾਜ ਸੈਣੀ, ਬਲਾਕ ਸੰਮਤੀ ਚੇਅਰਮੈਨ ਸੁਨੀਤਾ ਦੇਵੀ, ਸਰਪੰਚ ਕਿਸ਼ੋਰ ਭਾਟੀਆ, ਸਰਪੰਚ ਸਤੀਸ਼ ਕੁਮਾਰ, ਸਰਪੰਚ ਰਮੇਸ਼ ਕੁਮਾਰ, ਸਰਪੰਚ ਗੁਰਜੀਤ ਗੋਲਡੀ ਕਲਵਾਂ, ਸਰਪੰਚ ਸੁਰਜੀਤ ਸਿੰਘ ਗੋਚਰ, ਜਸਵੀਰ ਸਿੰਘ, ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ, ਕੇਸ਼ਵ ਗੋਚਰ, ਪਰਮਜੀਤ ਸਿੰਘ ਗੋਚਰ, ਬਹਾਦਰ ਸਿੰਘ ਸ਼ੌਂਕੀ, ਮਨਜੀਤ ਸਿੰਘ, ਮਾਸਟਰ ਬਲਵਿੰਦਰ ਸਿੰਘ, ਚਮਨ ਭਾਟੀਆ, ਹਨੀ ਬੂਥਗੜ੍ਹ, ਚੌਧਰੀ ਬਲਬੀਰ ਟੇਢੇਵਾਲ, ਗੁਰਮੀਤ ਸਿੰਘ ਰੈਂਸੜਾ ਅਤੇ ਨੰਬਰਦਾਰ ਮਹਿੰਦਰ ਰਾਮਪੁਰ ਸਮੇਤ ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚ ਅਤੇ ਪਤਵੰਤੇ ਸੱਜਣ ਹਾਜ਼ਰ ਸਨ।