ਦਕਸ਼ ਧੀਮਾਨ ਦੀ ਨੀਟ ਪ੍ਰੀਖਿਆ ਪਾਸ ਕਰਨ ’ਤੇ ਹਰਜੋਤ ਬੈਂਸ ਨੇ ਘਰ ਪਹੁੰਚ ਕੇ ਦਿਤੀ ਵਧਾਈ ਦਕਸ਼ ਧੀਮਾਨ ਦੀ ਨੀਟ ਪ੍ਰੀਖਿਆ ਪਾਸ ਕਰਨ ਹਰਜੋਤ ਬੈਂਸ ਨੇ ਘਰ ਪਹੁੰਚ ਕੇ ਦਿਤੀ ਵਧਾਈ
Publish Date: Wed, 09 Sep 2026 04:16 PM (IST)
Updated Date: Wed, 09 Sep 2026 04:16 PM (IST)
ਮਿਹਨਤ ਤੇ ਲਗਨ ਨਾਲ ਦਕਸ਼ ਧੀਮਾਨ ਨੇ ਹਾਸਲ ਕੀਤਾ ਮੈਡੀਕਲ ਖੇਤਰ ’ਚ ਦਾਖਲੇ ਦਾ ਸੁਪਨਾ : ਸਿੱਖਿਆ ਮੰਤਰੀ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਨੰਗਲ ਦੇ ਡੀਏਵੀ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਮੁਕੰਮਲ ਕਰਨ ਵਾਲੇ ਹੋਣਹਾਰ ਵਿਦਿਆਰਥੀ ਦਕਸ਼ ਧੀਮਾਨ ਨੇ ਆਪਣੀ ਮਿਹਨਤ, ਲਗਨ ਤੇ ਦ੍ਰਿੜ੍ਹ ਇਰਾਦੇ ਨਾਲ ਮੈਡੀਕਲ ਖੇਤਰ ਵਿੱਚ ਅੱਗੇ ਵਧਣ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਪੁੱਟਿਆ ਹੈ। ਦਕਸ਼ ਧੀਮਾਨ ਨੇ ਨੀਟ ਦੀ ਪ੍ਰੀਖਿਆ ’ਚ ਸਫਲਤਾ ਹਾਸਲ ਕਰਨ ਉਪਰੰਤ ਫਰੀਦਕੋਟ ਮੈਡੀਕਲ ਕਾਲਜ ’ਚ ਦਾਖਲਾ ਪ੍ਰਾਪਤ ਕੀਤਾ ਹੈ। ਇਸ ਉਪਲੱਬਧੀ ਨਾਲ ਉਸਦੇ ਪਰਿਵਾਰ ਦੇ ਨਾਲ-ਨਾਲ ਨੰਗਲ ਸ਼ਹਿਰ ਤੇ ਉਸਦੇ ਸਕੂਲ ਦਾ ਨਾਮ ਵੀ ਰੌਸ਼ਨ ਹੋਇਆ ਹੈ। ਇਸ ਮੌਕੇ ਸਿੱਖਿਆ ਮੰਤਰੀ ਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਦਕਸ਼ ਧੀਮਾਨ ਦੇ ਘਰ ਪਹੁੰਚ ਕੇ ਉਸਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ। ਉਨ੍ਹਾਂ ਦਕਸ਼ ਦਾ ਮੂੰਹ ਮਿੱਠਾ ਕਰਵਾਇਆ ਤੇ ਉਸਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮਿਹਨਤੀ ਤੇ ਹੋਣਹਾਰ ਵਿਦਿਆਰਥੀਆਂ ਦੀ ਸਫਲਤਾ ਸਮਾਜ ਲਈ ਹਮੇਸ਼ਾ ਮਾਣ ਵਾਲੀ ਗੱਲ ਹੁੰਦੀ ਹੈ ਅਤੇ ਅਜਿਹੇ ਨੌਜਵਾਨ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣਦੇ ਹਨ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਦੇ ਦੌਰ ਵਿੱਚ ਵਿਦਿਆਰਥੀਆਂ ਲਈ ਕਿਸੇ ਵੀ ਖੇਤਰ ਵਿੱਚ ਸਫਲਤਾ ਹਾਸਲ ਕਰਨ ਲਈ ਸਖ਼ਤ ਮਿਹਨਤ ਦੇ ਨਾਲ-ਨਾਲ ਨਿਰੰਤਰਤਾ ਅਤੇ ਆਪਣੇ ਟੀਚੇ ਪ੍ਰਤੀ ਸਮਰਪਣ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦਕਸ਼ ਧੀਮਾਨ ਨੇ ਆਪਣੀ ਮਿਹਨਤ ਨਾਲ ਇਹ ਸਾਬਤ ਕੀਤਾ ਹੈ ਕਿ ਜੇਕਰ ਵਿਦਿਆਰਥੀ ਪੂਰੀ ਲਗਨ ਨਾਲ ਆਪਣੇ ਟੀਚੇ ਵੱਲ ਅੱਗੇ ਵਧੇ ਤਾਂ ਕੋਈ ਵੀ ਮੰਜ਼ਿਲ ਹਾਸਲ ਕਰਨਾ ਮੁਸ਼ਕਲ ਨਹੀਂ। ਉਨ੍ਹਾਂ ਦਕਸ਼ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਦਕਸ਼ ਧੀਮਾਨ ਦੀ ਇਸ ਪ੍ਰਾਪਤੀ ਨਾਲ ਉਸਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਮੈਡੀਕਲ ਕਾਲਜ ਵਿੱਚ ਦਾਖਲਾ ਮਿਲਣਾ ਉਸਦੀ ਲੰਬੇ ਸਮੇਂ ਦੀ ਮਿਹਨਤ ਅਤੇ ਤਿਆਰੀ ਦਾ ਨਤੀਜਾ ਹੈ। ਪਰਿਵਾਰ ਵੱਲੋਂ ਵੀ ਉਸਦੀ ਇਸ ਉਪਲੱਬਧੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਘਰ ਪਹੁੰਚ ਕੇ ਵਿਦਿਆਰਥੀ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਦਕਸ਼ ਧੀਮਾਨ ਨੇ ਵੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਘਰ ਪਹੁੰਚ ਕੇ ਵਧਾਈ ਦੇਣ ਨਾਲ ਉਸਦਾ ਹੌਸਲਾ ਹੋਰ ਵਧਿਆ ਹੈ। ਉਸਨੇ ਕਿਹਾ ਕਿ ਉਹ ਮੈਡੀਕਲ ਖੇਤਰ ਵਿੱਚ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਪੜ੍ਹਾਈ ਕਰਕੇ ਆਪਣੇ ਪਰਿਵਾਰ, ਅਧਿਆਪਕਾਂ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਦੀ ਕੋਸ਼ਿਸ਼ ਕਰੇਗਾ। ਦਕਸ਼ ਦੀ ਇਸ ਸਫਲਤਾ ਨੂੰ ਨੰਗਲ ਦੇ ਵਿਦਿਆਰਥੀਆਂ ਲਈ ਇੱਕ ਪ੍ਰੇਰਣਾਦਾਇਕ ਉਪਲੱਬਧੀ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਰਾਜ ਕੁਮਾਰ ਧੀਮਾਨ, ਸਾਕਸ਼ੀ ਧੀਮਾਨ, ਸੰਧਿਆ ਦੇਵੀ ਧੀਮਾਨ, ਨਗਰ ਕੌਂਸਲ ਨੰਗਲ ਦੇ ਚੇਅਰਮੈਨ ਕਿਰਨ ਗੁਪਤਾ, ਐਡਵੋਕੇਟ ਨਿਸ਼ਾਂਤ ਗੁਪਤਾ, ਐਡਵੋਕੇਟ ਸੰਜੀਵ ਕੁਮਾਰ, ਇਮਰਾਨ ਖਾਨ, ਪੂਜਾ ਦੇਵੀ, ਮਾਨਿਕਾ, ਹਰਵਿੰਦਰ ਸਿੰਘ, ਲੱਕੀ, ਵਿੱਕੀ ਮਹਿਤਾ, ਸੁਨੀਤਾ, ਰਾਜ ਰਾਣੀ ਹਾਜ਼ਰ ਸਨ।