ਸਾਢੇ ਤਿੰਨ ਸਾਲਾਂ ਤੋਂ ਖੇਡਣ ਨੂੰ ਤਰਸ ਰਿਹਾ ਕੀਰਤਪੁਰ ਸਾਹਿਬ ਦਾ ਇਕਲੌਤਾ ਖੇਡ ਮੈਦਾਨ ਸਾਢੇ ਤਿੰਨ ਸਾਲਾਂ ਤੋਂ ਖੇਡਣ ਨੂੰ ਤਰਸ ਰਿਹਾ ਕੀਰਤਪੁਰ ਸਾਹਿਬ ਦਾ ਇਕਲੌਤਾ ਖੇਡ ਮੈਦਾਨ
Publish Date: Mon, 07 Sep 2026 05:59 PM (IST)
Updated Date: Mon, 07 Sep 2026 06:01 PM (IST)
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਕੀਰਤਪੁਰ ਸਾਹਿਬ ਸਕੂਲ ਆਫ ਐਮੀਨੈਂਸ ਦੇ ਪਿਛਲੇ ਪਾਸੇ ਬਣ ਰਹੇ ਖੇਡ ਮੈਦਾਨ ਦੀ ਮੌਜੂਦਾ ਹਾਲਤ ਨੂੰ ਲੈ ਕੇ ਸ਼ਹਿਰ ਦੇ ਨੌਜਵਾਨ ਖਿਡਾਰੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵੱਡੀ ਗਿਣਤੀ ਵਿਚ ਨੌਜਵਾਨ ਖਿਡਾਰੀਆਂ ਨੇ ਮੈਦਾਨ ਦੀ ਬਦਹਾਲੀ ਨੂੰ ਲੈ ਕੇ ਮੌਜੂਦਾ ਸਰਕਾਰ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਇਹ ਮੈਦਾਨ ਖੇਡਣ ਯੋਗ ਨਹੀਂ ਰਿਹਾ। ਖਿਡਾਰੀਆਂ ਨੇ ਮੰਗ ਕੀਤੀ ਕਿ ਸਥਾਨਕ ਖਿਡਾਰੀਆਂ ਨਾਲ ਸਲਾਹ-ਮਸ਼ਵਰਾ ਕਰਕੇ ਮੈਦਾਨ ਨੂੰ ਹਰ ਖੇਡ ਦੇ ਅਨੁਕੂਲ ਬਣਾਇਆ ਜਾਵੇ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਹਿਮਾਂਸ਼ੂ ਟੰਡਨ ਵੀ ਨੌਜਵਾਨਾਂ ਨਾਲ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਹ ਮੈਦਾਨ ਉਨ੍ਹਾਂ ਦੇ ਬਚਪਨ ਤੋਂ ਹੀ ਕੀਰਤਪੁਰ ਸਾਹਿਬ ਦੇ ਬੱਚਿਆਂ ਤੇ ਨੌਜਵਾਨਾਂ ਲਈ ਖੇਡਾਂ ਦਾ ਮੁੱਖ ਕੇਂਦਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰੀਬ ਚਾਰ ਸਾਲ ਹੋਣ ਦੇ ਬਾਵਜੂਦ ਸ਼ਹਿਰ ਦੇ ਇਕਲੌਤੇ ਮੈਦਾਨ ਦੀ ਹਾਲਤ ਨਹੀਂ ਸੁਧਾਰੀ ਗਈ। ਉਨ੍ਹਾਂ ਸਰਕਾਰ ’ਤੇ ਤੰਜ ਕੱਸਦਿਆਂ ਕਿਹਾ ਕਿ ਜੇਕਰ ਮੈਦਾਨ ’ਚ ਫੁੱਟਬਾਲ ਲਈ ਪੋਲ ਲਗਾਉਣੇ ਹੀ ਸਨ ਤਾਂ ਉਨ੍ਹਾਂ ਨੂੰ ਸਾਈਡਾਂ ’ਤੇ ਲਗਾਇਆ ਜਾ ਸਕਦਾ ਸੀ, ਅਜਿਹੇ ਵਿਚ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਬੱਚੇ ਹੁਣ ਕਿੱਥੇ ਖੇਡਣ? ਉਨ੍ਹਾਂ ਮੰਗ ਕੀਤੀ ਕਿ ਮੈਦਾਨ ਨੂੰ ਜਲਦ ਤੋਂ ਜਲਦ ਖੇਡਣਯੋਗ ਬਣਾਇਆ ਜਾਵੇ ਤੇ ਇੱਥੇ ਘਾਹ ਸਮੇਤ ਲੋੜੀਂਦੀਆਂ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਇਸ ਮੌਕੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਐੱਮਸੀ ਰਜਨੀਸ਼ ਜੋਸ਼ੀ ਨੇ ਕਿਹਾ ਕਿ ਮੈਦਾਨ ਦੀ ਮੌਜੂਦਾ ਹਾਲਤ ਵੇਖ ਕੇ ਸਾਫ਼ ਪਤਾ ਲੱਗਦਾ ਹੈ ਕਿ ਇੱਥੇ ਵਿਕਾਸ ਦੀ ਬਜਾਏ ਸਿਰਫ਼ ਦਿਖਾਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਇਸ ਮੈਦਾਨ ਵਿੱਚ ਕ੍ਰਿਕਟ, ਕਬੱਡੀ ਤੇ ਵਾਲੀਬਾਲ ਦੇ ਟੂਰਨਾਮੈਂਟ ਕਰਵਾਏ ਜਾਂਦੇ ਸਨ ਪਰ ਮੌਜੂਦਾ ਹਾਲਾਤਾਂ ਕਾਰਨ ਖੇਡ ਗਤੀਵਿਧੀਆਂ ਲਗਭਗ ਬੰਦ ਹੋ ਚੁੱਕੀਆਂ ਹਨ। ਇਸ ਮੌਕੇ ਕ੍ਰਿਕਟ ਖਿਡਾਰੀ ਤਜਿੰਦਰ ਕੁਮਾਰ ਗੋਲੂ ਤੇ ਸਾਥੀਆਂ ਨੇ ਕਿਹਾ ਕਿ ਪਹਿਲਾਂ ਕੀਰਤਪੁਰ ਸਾਹਿਬ ਦੇ ਮੈਦਾਨ ’ਚ ਕ੍ਰਿਕਟ, ਕਬੱਡੀ ਤੇ ਵਾਲੀਬਾਲ ਦੇ ਟੂਰਨਾਮੈਂਟ ਹੁੰਦੇ ਸਨ ਤੇ ਦੂਰ-ਦੂਰ ਤੋਂ ਟੀਮਾਂ ਇੱਥੇ ਖੇਡਣ ਲਈ ਆਉਂਦੀਆਂ ਸਨ। ਚੰਗਰ ਇਲਾਕੇ, ਸ੍ਰੀ ਅਨੰਦਪੁਰ ਸਾਹਿਬ, ਨੂਰਪੁਰ ਬੇਦੀ ਤੇ ਹੋਰ ਇਲਾਕਿਆਂ ਤੋਂ ਟੀਮਾਂ ਕੀਰਤਪੁਰ ਸਾਹਿਬ ਆਉਂਦੀਆਂ ਸਨ ਪਰ ਪਿਛਲੇ ਕਰੀਬ ਸਾਢੇ ਤਿੰਨ ਸਾਲਾਂ ਤੋਂ ਮੈਦਾਨ ਦੀ ਮਾੜੀ ਹਾਲਤ ਕਾਰਨ ਕੋਈ ਵੱਡਾ ਟੂਰਨਾਮੈਂਟ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਮੈਦਾਨ ਬਣਾਉਣ ਸਮੇਂ ਸਥਾਨਕ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਦੀ ਰਾਏ ਨੂੰ ਤਰਜੀਹ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਖੇਡ ਮੈਦਾਨ ਤਿਆਰ ਕੀਤਾ ਜਾਣਾ ਸੀ ਤਾਂ ਕੀਰਤਪੁਰ ਸਾਹਿਬ ਦੇ ਸਥਾਨਕ ਖਿਡਾਰੀਆਂ ਨਾਲ ਵੀ ਸਲਾਹ-ਮਸ਼ਵਰਾ ਕੀਤਾ ਜਾਣਾ ਚਾਹੀਦਾ ਸੀ, ਕਿਉਂਕਿ ਉਹ ਸਾਲਾਂ ਤੋਂ ਇਸ ਮੈਦਾਨ ਦੀ ਵਰਤੋਂ ਕਰਦੇ ਆ ਰਹੇ ਹਨ। ਇਸ ਮੌਕੇ ਮੁਕੇਸ਼ ਟੰਡਨ, ਅਮਨ, ਪ੍ਰਣਵ, ਰਮਨ, ਅਸ਼ਵਿਨ, ਪੰਕਜ, ਜਤਿਨ, ਮੋਹਿਤ, ਨਿਤਿਨ ਕਪਲ , ਬਲਵਿੰਦਰ ਸਿੰਘ, ਭੁਪਿੰਦਰ, ਮੰਗੂ, ਮੋਂਟੀ, ਨਿਤਿਨ, ਸਾਹਿਲ, ਪੰਕਜ, ਚੀਨੂ, ਸਮਨ, ਰਾਜਾ, ਲਵਲੀ, ਹਰਸ਼ਿਤ ਜੋਸ਼ੀ, ਅਭਿਸ਼ੇਕ ਧਵਨ, ਮਨਿੰਦਰ ਪਾਲ, ਮਨਿੰਦਰ ਸਿੰਘ ਸਾਹਿਬ,ਬਾਬੂ, ਮਨੀਸ਼, ਅਨਿਲ, ਸੁਨੀਲ, ਮਨੀ, ਕਾਲਾ, ਸੰਨੀ, ਸਮੀਰ, ਕਰਨ ਟੰਡਨ, ਵਰਿੰਦਰ ਵੀਰ ਸਿੰਘ, ਗੋਲਡੀ ਤੇ ਬਿੰਦੀ ਰਾਣਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।