ਲੰਮੇ ਸਮੇਂ ਤੋਂ ਬੰਦ ਪਏ ਪਲਾਸਟਿਕ ਵੈਸਟ ਮੈਨੇਜਮੈਂਟ ਪਲਾਂਟ ਨੂੰ ਮੁੜ ਚਲਾਇਆ ਲੰਮੇ ਸਮੇਂ ਤੋਂ ਬੰਦ ਪਏ ਪਲਾਸਟਿਕ ਵੈਸਟ ਮੈਨੇਜਮੈਂਟ ਪਲਾਂਟ ਨੂੰ ਮੁੜ ਚਲਾਇਆ
Publish Date: Mon, 07 Sep 2026 05:50 PM (IST)
Updated Date: Mon, 07 Sep 2026 05:52 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਖੇਤੀ ਵਿਰਾਸਤ ਪੰਜਾਬ ਤੇ ਗ੍ਰਾਮ ਪੰਚਾਇਤ ਅਗੰਮਪੁਰ ਵੱਲੋਂ ਲੰਮੇ ਸਮੇਂ ਤੋਂ ਬੰਦ ਪਏ 160 ਪਿੰਡਾਂ ਲਈ ਬਣਾਏ ਗਏ ਪਲਾਸਟਿਕ ਵੈਸਟ ਮੈਨੇਜਮੈਂਟ ਪਲਾਂਟ ਨੂੰ ਮੁੜ ਚਾਲੂ ਕਰ ਦਿੱਤਾ ਗਿਆ। ਐਡਵੋਕੇਟ ਸਤਬੀਰ ਸਿੰਘ ਰਾਣਾ ਤੇ ਖੇਤੀ ਵਿਰਾਸਤ ਪੰਜਾਬ ਦੇ ਨਿਰਦੇਸ਼ਕ ਸੁਰਿੰਦਰ ਸਿੰਘ ਨੇ ਆਪਣੀ ਪੂਰੀ ਟੀਮ ਸਮੇਤ ਪਲਾਂਟ ਨੂੰ ਚਲਾ ਕੇ ਇਸ ਦਾ ਗੈਰ-ਰਸਮੀ ਉਦਘਾਟਨ ਕੀਤਾ। ਖੇਤੀ ਵਿਰਾਸਤ ਪੰਜਾਬ ਤੇ ਗ੍ਰਾਮ ਪੰਚਾਇਤ ਅਗੰਮਪੁਰ ਵੱਲੋਂ ਸ਼ੁਰੂਆਤੀ ਪੜਾਅ ’ਚ ਆਪਣੇ ਸੰਸਾਧਨਾਂ ਰਾਹੀਂ ਅਗੰਮਪੁਰ, ਗਰਾ, ਗਨਾਰੂ ਤੇ ਮਥੁਰਾ ਪਿੰਡਾਂ ਨੂੰ ਇਸ ਪ੍ਰਾਜੈਕਟ ਨਾਲ ਜੋੜਨ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਪਲਾਂਟ ਭਾਰਤ ਸਰਕਾਰ ਦੀ ਗ੍ਰਾਂਟ ਨਾਲ ਪੰਜਾਬ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡ ਅਗੰਮਪੁਰ ਦੀ ਜ਼ਮੀਨ ’ਚ ਸਥਾਪਿਤ ਕੀਤਾ ਗਿਆ ਸੀ ਪਰ ਲੰਮੇ ਸਮੇਂ ਤੋਂ ਬੰਦ ਪਿਆ ਹੋਣ ਕਾਰਨ ਇਸ ਦਾ ਲਾਭ ਪਿੰਡਾਂ ਨੂੰ ਨਹੀਂ ਮਿਲ ਰਿਹਾ ਸੀ। ਪਲਾਂਟ ਵਿਚ ਵੱਖ-ਵੱਖ ਪਿੰਡਾਂ ਤੋਂ ਇਕੱਠਾ ਕੀਤਾ ਗਿਆ ਪਲਾਸਟਿਕ ਤੇ ਗਿੱਲਾ ਕੂੜਾ ਲਿਆਂਦਾ ਜਾਵੇਗਾ। ਇੱਥੇ ਕੂੜੇ ਨੂੰ ਵੱਖ-ਵੱਖ ਕਰਕੇ ਪਲਾਸਟਿਕ ਨੂੰ ਮਸ਼ੀਨ ਰਾਹੀਂ ਛੋਟੇ-ਛੋਟੇ ਬੰਡਲਾਂ ’ਚ ਤਿਆਰ ਕੀਤਾ ਜਾਵੇਗਾ, ਜਿਸ ਤੋਂ ਬਾਅਦ ਇਸ ਨੂੰ ਰੀਸਾਈਕਲਿੰਗ ਲਈ ਪਟਿਆਲਾ ਭੇਜਿਆ ਜਾਵੇਗਾ। ਇਸੇ ਤਰ੍ਹਾਂ ਗਿੱਲੇ ਕੂੜੇ ਤੋਂ ਜੈਵਿਕ ਖਾਦ ਤਿਆਰ ਕੀਤੀ ਜਾਵੇਗੀ। ਇਸ ਮੌਕੇ ਐਡਵੋਕੇਟ ਸਤਬੀਰ ਸਿੰਘ ਰਾਣਾ ਨੇ ਕਿਹਾ ਕਿ ਇਸ ਕਾਰਜ ਨੂੰ ਸਫਲ ਬਣਾਉਣ ਲਈ ਸਾਰੇ ਪਿੰਡਾਂ ਨਾਲ ਸੰਪਰਕ ਕੀਤਾ ਜਾਵੇਗਾ ਤੇ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਗਾ ਕੇ ਉਨ੍ਹਾਂ ਨੂੰ ਪਲਾਂਟ ਨਾਲ ਜੋੜਿਆ ਜਾਵੇਗਾ। ਖੇਤੀ ਵਿਰਾਸਤ ਪੰਜਾਬ ਦੇ ਨਿਰਦੇਸ਼ਕ ਸੁਰਿੰਦਰ ਸਿੰਘ ਨੇ ਕਿਹਾ ਕਿ ਪਿੰਡਾਂ ਵਿਚ ਕੂੜਾ-ਕਰਕਟ ਕਈ ਥਾਵਾਂ ’ਤੇ ਖਿੱਲਰਿਆ ਪਿਆ ਹੈ। ਹੌਲੀ-ਹੌਲੀ ਸਾਰੇ ਪਿੰਡਾਂ ਦਾ ਕੂੜਾ ਇਸ ਪਲਾਂਟ ਵਿਚ ਲਿਆ ਕੇ ਇਸ ਦਾ ਪੱਕਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਪਲਾਸਟਿਕ ਪ੍ਰਦੂਸ਼ਣ ਨੂੰ ਵਾਤਾਵਰਣ ਤੇ ਲੋਕਾਂ ਦੀ ਸਿਹਤ ਲਈ ਗੰਭੀਰ ਚੁਣੌਤੀ ਦੱਸਿਆ। ਇਸ ਮੌਕੇ ਪਿੰਡ ਮਾਹੀਵਾਲ ਤੋਂ ਜਰਨੈਲ ਸਿੰਘ, ਪਿੰਡ ਮਹੰਦਾਲੀ ਤੋਂ ਅਜੈ ਮਹੰਦਾਲੀ, ਕਰਮਜੀਤ ਕਹਿਵਾਲ ਅਤੇ ਠਾਕੁਰ ਰਾਣਾ ਅਗੰਮਪੁਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।