- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਕੀਰਤਪੁਰ ਸਾਹਿਬ ਦੇ ਦੋ ਸਰਕਾਰੀ ਸਕੂਲਾਂ ਵਿੱਚ ਚੋਰੀ

ਮਿਡ-ਡੇ ਮੀਲ ਤਿਆਰ ਕਰਨ ਵਾਲਾ ਸਮਾਨ ਚੋਰੀ ਕਰਕੇ ਚੋਰ ਫਰਾਰ, ਪੁਲਿਸ ਵੱਲੋਂ ਜਾਂਚ ਸ਼ੁਰੂ
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ,
ਸ੍ਰੀ ਕੀਰਤਪੁਰ ਸਾਹਿਬ: ਨਗਰ ਪੰਚਾਇਤ ਕੀਰਤਪੁਰ ਸਾਹਿਬ ਅਧੀਨ ਆਉਂਦੇ ਜਿਊਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਵੱਲੋਂ ਦੋਵੇਂ ਸਕੂਲਾਂ ਦੀਆਂ ਰਸੋਈਆਂ ਦੇ ਤਾਲੇ ਅਤੇ ਕੁੰਡੇ ਤੋੜ ਕੇ ਮਿਡ-ਡੇ ਮੀਲ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਸਮਾਨ ਚੋਰੀ ਕਰ ਲਿਆ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਰਕਾਰੀ ਪ੍ਰਾਇਮਰੀ ਸਕੂਲ ਜਿਊਵਾਲ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ 3 ਸਤੰਬਰ ਨੂੰ ਸ਼ਾਮ ਕਰੀਬ 5 ਵਜੇ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਦਾ ਸਟਾਫ਼ ਛੁੱਟੀ ਤੋਂ ਬਾਅਦ ਚਲਾ ਗਿਆ ਸੀ। ਇਸ ਤੋਂ ਬਾਅਦ 4 ਸਤੰਬਰ ਨੂੰ ਜਨਮ ਅਸ਼ਟਮੀ ਦੀ ਸਰਕਾਰੀ ਛੁੱਟੀ ਸੀ। 5 ਸਤੰਬਰ ਦੀ ਸਵੇਰ ਜਦੋਂ ਸਫਾਈ ਸੇਵਕਾ ਕੁਲਦੀਪ ਕੌਰ ਸਕੂਲ ਵਿੱਚ ਸਫਾਈ ਕਰਨ ਲਈ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਸਕੂਲ ਦੀ ਰਸੋਈ ਦਾ ਤਾਲਾ ਅਤੇ ਕੁੰਡਾ ਵੱਢਿਆ ਹੋਇਆ ਸੀ। ਇਸ ਦੀ ਸੂਚਨਾ ਸਕੂਲ ਦੀਆਂ ਕੁੱਕਾਂ ਅਤੇ ਇੰਚਾਰਜ ਨੂੰ ਦਿੱਤੀ ਗਈ। ਮੌਕੇ ’ਤੇ ਪਹੁੰਚ ਕੇ ਜਾਂਚ ਕਰਨ ’ਤੇ ਪਤਾ ਲੱਗਾ ਕਿ ਰਸੋਈ ਵਿੱਚੋਂ ਭਰਿਆ ਹੋਇਆ ਗੈਸ ਸਿਲੰਡਰ, ਗੈਸ ਭੱਠੀ, ਦੋ ਵੱਡੇ ਪਤੀਲੇ ਅਤੇ 12 ਲੀਟਰ ਦਾ ਪ੍ਰੈਸ਼ਰ ਕੁੱਕਰ ਚੋਰੀ ਹੋ ਚੁੱਕੇ ਸਨ। ਇਸੇ ਤਰ੍ਹਾਂ ਸਰਕਾਰੀ ਮਿਡਲ ਸਕੂਲ ਜਿਊਵਾਲ ਦੀ ਇੰਚਾਰਜ ਸੰਦੀਪ ਕੌਰ ਨੇ ਦੱਸਿਆ ਕਿ 3 ਸਤੰਬਰ ਨੂੰ ਦੁਪਹਿਰ ਛੁੱਟੀ ਤੋਂ ਬਾਅਦ ਸਕੂਲ ਨੂੰ ਤਾਲੇ ਲਗਾ ਕੇ ਘਰ ਚਲੇ ਗਏ ਸਨ। 5 ਸਤੰਬਰ ਦੀ ਸਵੇਰ ਸਕੂਲ ਪਹੁੰਚਣ ’ਤੇ ਰਸੋਈ ਦਾ ਕੁੰਡਾ ਵੱਢਿਆ ਹੋਇਆ ਮਿਲਿਆ। ਜਾਂਚ ਕਰਨ ’ਤੇ ਰਸੋਈ ਵਿੱਚੋਂ ਇੱਕ ਕੜਾਹੀ ਅਤੇ 10 ਲੀਟਰ ਦਾ ਪ੍ਰੈਸ਼ਰ ਕੁੱਕਰ ਗਾਇਬ ਮਿਲਿਆ। ਜ਼ਿਕਰ ਯੋਗ ਹੈ ਕਿ ਸਰਕਾਰੀ ਮਿਡਲ ਸਕੂਲ ਵਿੱਚ ਇਸ ਤੋਂ ਪਹਿਲਾਂ ਵੀ ਇੱਕ ਦੋ ਵਾਰ ਚੋਰੀ ਹੋਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ, ਪਰ ਉਹਨਾਂ ਚੋਰੀਆਂ ਦੇ ਪਿੱਛੇ ਕੌਣ ਸੀ ਇਸਦਾ ਵੀ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ।
ਦੋਵੇਂ ਸਕੂਲਾਂ ਵੱਲੋਂ ਇਸ ਸਬੰਧੀ ਥਾਣਾ ਕੀਰਤਪੁਰ ਸਾਹਿਬ ਵਿਖੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਥਾਣਾ ਮੁੱਖੀ ਰਾਹੁਲ ਸ਼ਰਮਾ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।