ਰਾਸ਼ਟਰੀ ਖੇਡ ਦਿਵਸ ਮੌਕੇ ਹਾਕੀ ਖਿਡਾਰੀਆਂ ਨੂੰ ਦਿੱਤੀ ਰਿਫਰੈਸ਼ਮੈਂਟ ਰਾਸ਼ਟਰੀ ਖੇਡ ਦਿਵਸ ਮੌਕੇ ਹਾਕੀ ਖਿਡਾਰੀਆਂ ਨੂੰ ਦਿੱਤੀ ਰਿਫਰੈਸ਼ਮੈਂਟ
Publish Date: Sat, 29 Aug 2026 05:34 PM (IST)
Updated Date: Sat, 29 Aug 2026 05:37 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਰਾਸ਼ਟਰੀ ਖੇਡ ਦਿਵਸ ਮੌਕੇ ਅੱਜ ਹਾਕੀ ਦੇ ਮਹਾਨ ਖਿਡਾਰੀ ਅਤੇ ‘ਹਾਕੀ ਦੇ ਜਾਦੂਗਰ’ ਵਜੋਂ ਜਾਣੇ ਜਾਂਦੇ ਮੇਜਰ ਧਿਆਨ ਚੰਦ ਦੇ ਜਨਮਦਿਨ ਨੂੰ ਯਾਦ ਕਰਦਿਆਂ ਸਥਾਨਕ ਰੇਲਵੇ ਸਟੇਸ਼ਨ ਵਿਖੇ ਹਾਕੀ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਇਸ ਮੌਕੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਦਿਆਂ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਹਾਕੀ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਪ੍ਰਦੀਪ ਕੁਮਾਰ, ਤਲੋਚਨ ਸਿੰਘ ਅਤੇ ਅਮਰ ਸੋਢੀ ਨੇ ਕਿਹਾ ਕਿ ਮੇਜਰ ਧਿਆਨ ਚੰਦ ਨੇ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਨਾਲ ਭਾਰਤ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਖੇਡ ਦਿਵਸ ਸਿਰਫ਼ ਇੱਕ ਮਹਾਨ ਖਿਡਾਰੀ ਨੂੰ ਯਾਦ ਕਰਨ ਦਾ ਦਿਨ ਨਹੀਂ, ਸਗੋਂ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਅੰਦਰ ਖੇਡ ਭਾਵਨਾ ਪੈਦਾ ਕਰਨ ਦਾ ਵੀ ਮੌਕਾ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਮੰਡਲ ਪ੍ਰਧਾਨ ਰਤਨ ਕੁਮਾਰ ਧਨੇੜਾ ਵੱਲੋਂ ਵਿਸ਼ੇਸ਼ ਤੌਰ ’ਤੇ ਹਾਕੀ ਖਿਡਾਰੀਆਂ ਲਈ ਰਿਫਰੈਸ਼ਮੈਂਟ ਭੇਜੀ ਗਈ ਹੈ। ਰਤਨ ਕੁਮਾਰ ਧਨੇੜਾ ਨੇ ਸੁਨੇਹਾ ਦਿੰਦੇਆ ਕਿਹਾ ਕਿ ਅੱਜ ਲੋੜ ਹੈ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ, ਕਿਉਂਕਿ ਇਹੀ ਸਾਡੇ ਦੇਸ਼ ਦਾ ਭਵਿੱਖ ਹਨ। ਜੇਕਰ ਖਿਡਾਰੀਆਂ ਨੂੰ ਚੰਗੀਆਂ ਸਹੂਲਤਾਂ, ਸਹੀ ਮਾਰਗਦਰਸ਼ਨ ਅਤੇ ਉਤਸ਼ਾਹ ਮਿਲੇ ਤਾਂ ਇਨ੍ਹਾਂ ਵਿੱਚੋਂ ਹੀ ਭਵਿੱਖ ਦੇ ਮੇਜਰ ਧਿਆਨ ਚੰਦ ਪੈਦਾ ਹੋ ਸਕਦੇ ਹਨ। ਭਾਜਪਾ ਆਗੂਆਂ ਨੇ ਹਾਕੀ ਖਿਡਾਰੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਪੂਰਾ ਦੇਸ਼ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਖਿਡਾਰੀਆਂ ਨੂੰ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਪੂਰੇ ਜਜ਼ਬੇ ਨਾਲ ਖੇਡਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰ ਖਿਡਾਰੀ ਦਾ ਟੀਚਾ ਦੇਸ਼ ਲਈ ਖੇਡਦਿਆਂ ਭਾਰਤ ਦਾ ਨਾਮ ਉੱਚਾ ਕਰਨਾ ਹੋਣਾ ਚਾਹੀਦਾ ਹੈ। ਇਸ ਮੌਕੇ ਹਾਕੀ ਕੋਚ ਕਮਲਪ੍ਰੀਤ ਸਿੰਘ ਮੱਟੂ, ਸਤਵਿੰਦਰ ਸਿੰਘ ਲਾਡੀ, ਭਾਰਤ ਹੁਸੈਨ, ਸੰਜੁ ਕੁਮਾਰ, ਸ਼ਾਂਤਨੂ, ਵਰਿੰਦਰ ਸਿੰਘ, ਜੋਬਨ, ਨਿਤਿਨ ਸਮੇਤ ਹੋਰ ਖਿਡਾਰੀ ਅਤੇ ਪਤਵੰਤੇ ਹਾਜ਼ਰ ਸਨ।