ਨਾਕੇਬੰਦੀ ਦੌਰਾਨ ਬੱਸ ’ਚੋਂ ਚਿੱਟੇ ਸਮੇਤ ਦੋ ਕਾਬੂ, ਮਾਮਲਾ ਦਰਜ ਬੱਸ ਵਿਚੋਂ ਨਾਕੇਬੰਦੀ ਦੌਰਾਨ ਚਿੱਟੇ ਸਮੇਤ ਦੋ ਨੌਜਵਾਨ ਕਾਬੂ ਮਾਮਲਾ ਦਰਜ
Publish Date: Sat, 29 Aug 2026 04:54 PM (IST)
Updated Date: Sat, 29 Aug 2026 04:58 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਪੰਜਾਬ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਇਲਾਕੇ ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ’ਤੇ ਕੈਂਚੀ ਮੋੜ ਨਜ਼ਦੀਕ ਨਾਕਾਬੰਦੀ ਦੌਰਾਨ ਪੁਲਿਸ ਨੇ ਚਿੱਟੇ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਸੂਬਾ ਸਰਕਾਰ ਵੱਲੋਂ ਚਲਾਈ ਗਈ ਨਸ਼ਿਆਂ ਖਿਲਾਫ ਮੁਹਿੰਮ ਦੇ ਤਹਿਤ ਬਿਲਾਸਪੁਰ ਦੀ ਸਪੈਸ਼ਲ ਡਿਟੈਕਸ਼ਨ ਟੀਮ ਵੱਲੋਂ ਨਾਕਾਬੰਦੀ ਕਰਕੇ ਸ਼ੱਕੀ ਪੁਰਸ਼ਾਂ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਸਰਹੱਦੀ ਇਲਾਕੇ ਵਿੱਚ ਪੰਜਾਬ ਵੱਲੋਂ ਆ ਰਹੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਇਸ ਦੌਰਾਨ ਸ੍ਰੀ ਕੀਰਤਪੁਰ ਸਾਹਿਬ ਤੋਂ ਮੰਡੀ ਸਾਈਡ ਜਾ ਰਹੀ ਇੱਕ ਪ੍ਰਾਈਵੇਟ ਵੈਲਵੋ ਬੱਸ ਨੂੰ ਪੁਲਿਸ ਟੀਮ ਨੇ ਤਲਾਸ਼ੀ ਲਈ ਰੋਕਿਆ। ਜਦੋਂ ਪੁਲਿਸ ਟੀਮ ਬੱਸ ਦੀ ਤਲਾਸ਼ੀ ਲੈ ਰਹੀ ਸੀ ਤਾਂ ਸਵਾਰੀਆਂ ਦੇ ਨਾਲ ਸੀਟ ’ਤੇ ਬੈਠੇ ਦੋ ਸ਼ੱਕੀ ਨੌਜਵਾਨ ਦਿਖਾਈ ਦਿੱਤੇ ਉਨ੍ਹਾਂ ਦੋਵੇਂ ਨੌਜਵਾਨਾਂ ਦੇ ਵਿਵਹਾਰ ’ਤੇ ਪੁਲਿਸ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਲਾਸ਼ੀ ਦੌਰਾਨ ਉਕਤ ਨੌਜਵਾਨਾਂ ਪਾਸੋਂ 53.67 ਗ੍ਰਾਮ ਚਿੱਟਾ ਬਰਾਮਦ ਹੋਇਆ। ਚਿੱਟਾ ਬਰਾਮਦ ਹੋਣ ’ਤੇ ਪੁਲਿਸ ਟੀਮ ਨੇ ਤੁਰੰਤ ਦੋਵੇਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਦਾ ਨਾਮ ਪਤਾ ਪੁੱਛਿਆ ਤਾਂ ਉਨ੍ਹਾਂ ਆਪਣਾ ਨਾਮ ਜਗਜੀਤ ਸਿੰਘ ਉਮਰ 21 ਸਾਲ ਪੁੱਤਰ ਜਸਵੰਤ ਸਿੰਘ ਨਿਵਾਸੀ ਤਹਿਸੀਲ ਅਤੇ ਜਿਲ੍ਹਾਂ ਤਰਨਤਾਰਨ ਪੰਜਾਬ ਅਤੇ ਸੁਖਵਿੰਦਰ ਸਿੰਘ ਉਮਰ 48 ਸਾਲ ਪੁੱਤਰ ਵਿਰਸਾ ਸਿੰਘ ਨਿਵਾਸੀ ਤਹਿਸੀਲ ਅਤੇ ਜਿਲ੍ਹਾਂ ਤਰਨਤਾਰਨ ਦੱਸਿਆ। ਪੁਲਿਸ ਟੀਮ ਨੇ ਦੋਵੇਂ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ’ਤੇ ਥਾਣਾ ਸਵਾਰ ਘਾਟ ਵਿਖੇ ਐਨ,ਡੀ,ਪੀ,ਐਸ ਦੀ ਧਾਰਾ 21 ਅਤੇ 29 ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਟੀਮ ਵੱਲੋਂ ਦੋਵੇਂ ਉਕਤ ਨੌਜਵਾਨਾਂ ਨੂੰ ਮਾਣਯੋਗ ਅਦਾਲਤ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ ਅਤੇ ਰਿਮਾਂਡ ਦੌਰਾਨ ਕਥਿਤ ਦੋਸ਼ੀਆਂ ਦੇ ਅਗਲੇ ਪਿਛਲੇ ਲਿੰਕ ਖੰਗਾਲੇ ਜਾ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਪੁਲਿਸ ਟੀਮ ਵੱਲੋਂ ਕਈ ਚਿੱਟੇ ਹੇਰੋਇਨ ਦੇ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪੁਲਿਸ ਵੱਲੋਂ ਕਈ ਸਪਲਾਈ ਚਾਈਨਾ ਤੋੜੀਆਂ ਜਾ ਰਹੀਆਂ ਹਨ। ਨਸ਼ੇ ਖਿਲਾਫ ਸੂਬਾ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਕਈ ਨਸ਼ੇ ਦੇ ਸੌਦਾਗਰਾਂ ਨੂੰ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਹੈ। ਨਸ਼ੇ ਦੇ ਸੌਦਾਗਰਾਂ ਵੱਲੋਂ ਨਵੇਂ ਨਵੇਂ ਤਰੀਕੇ ਲੱਭ ਕੇ ਨਸ਼ਾ ਸਪਲਾਈ ਕੀਤਾ ਜਾ ਰਿਹਾ ਹੈ, ਪਰ ਪੁਲਿਸ ਇਨ੍ਹਾਂ ਦੇ ਮਨਸੂਬਿਆਂ ’ਤੇ ਪਾਣੀ ਫਿਰ ਰਹੀ ਹੈ ਅਤੇ ਨਸ਼ੇ ਦੇ ਮੁਲਜ਼ਮਾਂ ਨੂੰ ਫੜਨ ਵਿੱਚ ਕਾਮਯਾਬ ਰਹੀ ਹੈ। ਪੁਲਿਸ ਮੁਤਾਬਕ ਨਸ਼ੇ ਖਿਲਾਫ ਅਜਿਹੀ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ।