ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਨੰਦ ਲਾਲ ਸਕੂਲ ਵਿਖੇ ਕੀਤੀ ਅਰਦਾਸ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਨੰਦ ਲਾਲ ਸਕੂਲ ਵਿਖੇ ਕੀਤੀ ਅਰਦਾਸ
Publish Date: Sat, 29 Aug 2026 04:11 PM (IST)
Updated Date: Sat, 29 Aug 2026 04:13 PM (IST)
ਪੰਜਾਬੀ ਜਾਗਰਣ ਟੀਮ, ਸ਼੍ਰੀ ਅਨੰਦਪੁਰ ਸਾਹਿਬ : ਬੰਦੀ ਸਿੰਘਾਂ ਦੀ ਰਿਹਾਈ, ਪੰਥਕ ਏਕਤਾ, ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਸਮਾਗਮ ਭਾਈ ਨੰਦ ਲਾਲ ਪਬਲਿਕ ਸਕੂਲ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮੂਹ ਸਟਾਫ਼ ਨੇ ਸ਼ਰਧਾ ਸਹਿਤ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਪਾਠ ਦੀ ਸਮਾਪਤੀ ਉਪਰੰਤ ਅਰਦਾਸ ਕੀਤੀ ਗਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਹੁਕਮਨਾਮਾ ਲਿਆ ਗਿਆ। ਅਰਦਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ, ਸਿੱਖ ਪੰਥ ਦੀ ਏਕਤਾ, ਸਿੱਖ ਕੌਮ ਦੀ ਚੜ੍ਹਦੀ ਕਲਾ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਅਤੇ ਸਰਬੱਤ ਦੇ ਭਲੇ ਲਈ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ ਗਈ। ਇਸ ਮੌਕੇ ਬੰਦੀ ਸਿੰਘਾਂ ਦੇ ਮਸਲੇ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਇਹ ਮਸਲਾ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਡੂੰਘੇ ਤੌਰ ’ਤੇ ਜੁੜਿਆ ਹੋਇਆ ਹੈ। ਜਿਹੜੇ ਸਿੰਘ ਆਪਣੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ, ਉਨ੍ਹਾਂ ਦੀ ਰਿਹਾਈ ਲਈ ਪੰਥਕ ਪੱਧਰ ’ਤੇ ਲਗਾਤਾਰ ਆਵਾਜ਼ ਉਠਦੀ ਰਹੀ ਹੈ। ਇਸ ਮਸਲੇ ਦੇ ਹੱਲ ਲਈ ਸ਼ਾਂਤੀਪੂਰਨ, ਲੋਕਤੰਤਰਿਕ ਅਤੇ ਸੰਵਿਧਾਨਕ ਢੰਗ ਨਾਲ ਯਤਨ ਜਾਰੀ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਧਾਰਮਿਕ ਗਤੀਵਿਧੀਆਂ ਨਾਲ ਜੋੜਨ ਦੇ ਨਾਲ-ਨਾਲ ਸਿੱਖ ਇਤਿਹਾਸ, ਗੁਰਬਾਣੀ, ਸਿੱਖੀ ਦੇ ਮਹਾਨ ਸਿਧਾਂਤਾਂ, ਕੁਰਬਾਨੀਆਂ ਅਤੇ ਪੰਥਕ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਨਾ ਵੀ ਸੀ। ਵਿਦਿਆਰਥੀਆਂ ਨੂੰ ਸੱਚ, ਨਿਆਂ, ਨਿਮਰਤਾ, ਸੇਵਾ ਅਤੇ ਸਰਬੱਤ ਦੇ ਭਲੇ ਦੇ ਸਿਧਾਂਤਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਇਹ ਸਮੁੱਚਾ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਕੱਤਰ ਵਿਦਿਆ ਸੁਖਮਿੰਦਰ ਸਿੰਘ ਅਤੇ ਅਸਿਸਟੈਂਟ ਡਾਇਰੈਕਟਰ ਬੀਬੀ ਸਤਵੰਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਸਤਨਾਮ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖੀ ਦੇ ਮਹਾਨ ਵਿਰਸੇ, ਗੁਰਬਾਣੀ, ਸਿੱਖ ਇਤਿਹਾਸ ਅਤੇ ਸੇਵਾ ਦੀ ਭਾਵਨਾ ਨਾਲ ਜੋੜਨ ਲਈ ਭਵਿੱਖ ਵਿੱਚ ਵੀ ਅਜਿਹੇ ਧਾਰਮਿਕ ਅਤੇ ਇਤਿਹਾਸਕ ਸਮਾਗਮ ਕਰਵਾਏ ਜਾਂਦੇ ਰਹਿਣਗੇ। ਅੰਤ ਵਿੱਚ ਸਮੂਹ ਸੰਗਤ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ, ਪੰਥਕ ਏਕਤਾ, ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਸਾਂਝੀ ਅਰਦਾਸ ਕੀਤੀ ਗਈ।