ਬਿਲ ਪਾਸ, ਨੋਟੀਫਿਕੇਸ਼ਨ ਅਟਕਿਆ, ਆਊਟਸੋਰਸ ਮੁਲਾਜ਼ਮਾਂ ਨੇ ਵਿੱਢਿਆ ਸੰਘਰਸ਼ ਬਿਲ ਪਾਸ ਹੋਇਆ, ਨੋਟੀਫਿਕੇਸ਼ਨ ਅਟਕਿਆ
Publish Date: Thu, 27 Aug 2026 04:31 PM (IST)
Updated Date: Thu, 27 Aug 2026 04:34 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਵਾਟਰ ਸਪਲਾਈ, ਸੀਵਰੇਜ ਬੋਰਡ ਅਤੇ ਜਲ ਸਪਲਾਈ ’ਤੇ ਸੈਨੀਟੇਸ਼ਨ ਵਿਭਾਗਾਂ ਦੇ ਆਊਟਸੋਰਸ ਮੁਲਾਜ਼ਮਾਂ ਦੀ ਸਾਂਝੀ ਮੀਟਿੰਗ ਨਜ਼ਦੀਕੀ ਪਿੰਡ ਕੋਟਲਾ ਪਾਵਰ ਹਾਊਸ ਵਿਖੇ ਹੋਈ। ਮੀਟਿੰਗ ਦੌਰਾਨ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਸਰਕਾਰ ਵੱਲੋਂ ਪਾਸ ਕੀਤੇ ਗਏ ਪੰਜਾਬ ਸਟੇਟ ਆਊਟਸੋਰਸ ਪਰਸੋਨਲ (ਟਰਾਂਜਿਸਨ ਟੂ ਕੰਟਰੈਕਚੂਅਲ ਅੰਗੇਜਮੈਂਟ) ਬਿਲ-2026 ਨੂੰ ਲਾਗੂ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਸੀਵਰੇਜ ਬੋਰਡ ਯੂਨੀਅਨ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਅਤੇ ਜਲ ਸਪਲਾਈ ਯੂਨੀਅਨ ਦੇ ਮੁਲਾਜ਼ਮ ਆਗੂ ਕਪਿਲ ਮਹਿੰਦਲੀ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਵੱਲੋਂ ਬਿਲ ਸਰਵਸੰਮਤੀ ਨਾਲ ਪਾਸ ਕੀਤੇ ਜਾਣ ਤੋਂ ਬਾਅਦ ਆਊਟਸੋਰਸ ਮੁਲਾਜ਼ਮਾਂ ਵਿੱਚ ਆਪਣੇ ਭਵਿੱਖ ਨੂੰ ਲੈ ਕੇ ਆਸ ਜਾਗੀ ਸੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਉਮੀਦ ਸੀ ਕਿ ਸਰਕਾਰ ਉਨ੍ਹਾਂ ਨੂੰ ਵਿਭਾਗਾਂ ਵਿੱਚ ਮਰਜ ਕਰਕੇ ਗੁਜ਼ਾਰੇਯੋਗ ਤਨਖਾਹ ਅਤੇ ਬਣਦੇ ਭੱਤੇ ਮੁਹੱਈਆ ਕਰਵਾਏਗੀ, ਪਰ ਅਜੇ ਤੱਕ ਬਿਲ ਦਾ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਉਨ੍ਹਾਂ ਵਿੱਚ ਨਿਰਾਸ਼ਾ ਵਧ ਰਹੀ ਹੈ। ਸ਼ੇਰ ਸਿੰਘ ਖੰਨਾ ਨੇ ਮੰਗ ਕੀਤੀ ਕਿ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਸਮੂਹ ਆਊਟਸੋਰਸ ਮੁਲਾਜ਼ਮਾਂ ਨੂੰ ਬਿਲ ਵਿੱਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸਫ਼ਾਈ ਸੇਵਕਾਂ ਦੀ ਤਰਜ਼ ’ਤੇ ਸੀਵਰੇਜ ਬੋਰਡ ਦੇ ਆਊਟਸੋਰਸ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ ਕਰਕੇ ਗੁਜ਼ਾਰੇਯੋਗ ਤਨਖਾਹ ਦਿੱਤੀ ਜਾਵੇ। ਕਪਿਲ ਮਹਿੰਦਲੀ ਨੇ ਕਿਹਾ ਕਿ ਇਨਲਿਸਟਮੈਂਟ ਕੈਟਾਗਰੀ ਦੇ ਮੁਲਾਜ਼ਮਾਂ ਨੂੰ ਵੀ ਬਿਲ ਵਿੱਚ ਸ਼ਾਮਲ ਕੀਤਾ ਜਾਵੇ, ਤਾਂ ਜੋ ਕੈਟਾਗਰੀ ਦੇ ਆਧਾਰ ’ਤੇ ਕਿਸੇ ਨਾਲ ਵਿਤਕਰਾ ਨਾ ਹੋਵੇ। ਆਗੂਆਂ ਨੇ ਐਲਾਨ ਕੀਤਾ ਕਿ ਮੰਗਾਂ ਦੀ ਪੂਰਤੀ ਲਈ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੈਂਕੜੇ ਆਊਟਸੋਰਸ ਮੁਲਾਜ਼ਮ ਕੰਮ ਬੰਦ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਗੰਭੀਰਪੁਰ ਵਿਖੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਲਗਾਤਾਰ ਦਿਨ-ਰਾਤ ਦਾ ਮੋਰਚਾ ਲਗਾਉਣਗੇ। ਉਨ੍ਹਾਂ ਕਿਹਾ ਕਿ ਨੰਗਲ, ਨੂਰਪੁਰ ਬੇਦੀ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਇਸ ਸੰਘਰਸ਼ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਗੋਲਡੀ ਰਾਣਾ, ਗੁਰਮੁਖ ਕਲੌਤਾ, ਜੱਸੀ ਕੀਰਤਪੁਰ, ਇੰਦਰ ਰਾਣਾ, ਗਗਨਦੀਪ ਸਿੰਘ ਸੁਨਾਮ, ਗੁਰਵਿੰਦਰ ਸਿੰਘ ਲਹਿਰਾਗਾਗਾ, ਯਾਦਵਿੰਦਰ ਸਿੰਘ ਯਾਦੀ ਚੀਮਾਂ ਮੰਡੀ, ਪ੍ਰਦੀਪ ਸਿੰਘ ਭੀਖੀ ਮਾਨਸਾ ਸਮੇਤ ਵੱਖ-ਵੱਖ ਯੂਨੀਅਨਾਂ ਦੇ ਆਗੂ ਅਤੇ ਵਰਕਰ ਹਾਜ਼ਰ ਸਨ। ਆਗੂਆਂ ਨੇ ਵੱਖ-ਵੱਖ ਮੁਲਾਜ਼ਮ, ਮਜ਼ਦੂਰ, ਕਿਸਾਨ ਜਥੇਬੰਦੀਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਮੋਰਚੇ ਦੀ ਹਮਾਇਤ ਕਰਨ ਦੀ ਅਪੀਲ ਕੀਤੀ।