ਤਿੰਨ ਮਹੀਨੇ ਤੋਂ ਧਰਨੇ ਤੇ ਬੈਠੀਆਂ ਔਰਤਾਂ ਨੂੰ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਸਮਰਥਨ ਸ਼ਿਵਾਲਿਕ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਮਾਜਰਾ ਨੂੰ ਬੰਦ ਕਰਵਾਉਣ ਸਬੰਧੀ ਪੰਜਾਬ ਮੋਰਚਾ ਵੱਲੋਂ ਆਰ ਪਾਰ ਦੀ ਲੜਾਈ ਦਾ ਐਲਾਨ
Publish Date: Wed, 26 Aug 2026 07:06 PM (IST)
Updated Date: Wed, 26 Aug 2026 07:07 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਭਰਤਗੜ੍ਹ ਦੇ ਨਜ਼ਦੀਕੀ ਸਰਹੱਦੀ ਪਿੰਡ ਮਾਜਰਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਖੋਲੇ ਗਏ ਸ਼ਿਵਾਲਿਕ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਨੂੰ ਬੰਦ ਕਰਵਾਉਣ ਲਈ ਪਿਛਲੇ ਤਿੰਨ ਮਹੀਨੇ ਤੋਂ ਧਰਨੇ ਤੇ ਬੈਠੀਆਂ ਪਿੰਡ ਦੀਆਂ ਔਰਤਾਂ ਅਤੇ ਸਥਾਨਕ ਲੋਕਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ ਪੰਜਾਬ ਮੋਰਚਾ, ਨਿਹੰਗ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ ਵੱਲੋਂ ਸਮਰਥਨ ਦਿੱਤਾ ਗਿਆ ਹੈ ਅਤੇ ਐਲਾਨ ਕੀਤਾ ਹੈ ਕਿ ਹੁਣ ਲੜਾਈ ਆਰ ਪਾਰ ਦੀ ਹੋਵੇਗੀ। ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਦੀ ਅਗਵਾਈ ਵਿੱਚ ਅੱਜ ਸ਼ਿਵਾਲਿਕ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦੇ ਨਜ਼ਦੀਕ ਧਰਨੇ ਤੇ ਪਹੁੰਚ ਕੇ ਸਥਾਨਕ ਨਿਵਾਸੀਆਂ ਦੇ ਦੁਖੜੇ ਸੁਣੇ ਅਤੇ ਗੇਟ ਤੱਕ ਰੋਸ ਪ੍ਰਦਰਸ਼ਨ ਕਰਦੇ ਹੋਏ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਧਰਨੇ ਵਿੱਚ ਪਹੁੰਚੇ ਵੱਖ-ਵੱਖ ਆਗੂਆਂ ਵੱਲੋਂ ਆਪਣੇ ਵਿਚਾਰ ਰੱਖੇ ਗਏ। ਪੰਜਾਬ ਮੋਰਚਾ ਵੱਲੋਂ ਐਲਾਨ ਕੀਤਾ ਹੈ ਕਿ ਹਿਮਾਚਲ ਸਰਕਾਰ ਪ੍ਰਸ਼ਾਸਨ ਅਤੇ ਪਲਾਂਟ ਦੇ ਪ੍ਰਬੰਧਕਾਂ ਨੇ ਸੱਤ ਦਿਨਾਂ ਵਿੱਚ ਇਸ ਦਾ ਬਦਲਵਾਂ ਢੁਕਵਾਂ ਪ੍ਰਦੂਸ਼ਣ ਰਹਿਤ ਹਲ ਨਾ ਕੱਢਿਆ ਤਾਂ ਸਥਾਨਕ ਲੋਕਾਂ ਦੀ ਹਮਾਇਤ ਕਰਦੇ ਹੋਏ ਆਰ ਪਾਰ ਦੀ ਲੜਾਈ ਲੜੀ ਜਾਵੇਗੀ। ਦੱਸਣ ਯੋਗ ਹੈ ਕਿ 2006 ਤੋਂ ਚੱਲ ਰਹੇ ਇਸ ਪਲਾਂਟ ਵਿੱਚ ਪੂਰੇ ਹਿਮਾਚਲ ਦੀ ਇੰਡਸਟਰੀ ਦਾ ਵੇਸਟ ਕਚਰਾ ਹਿਮਾਚਲ ਦੇ ਹਸਪਤਾਲਾਂ ਦਾ ਕਚਰਾ ਇਕੱਠਾ ਕਰਕੇ ਉਸ ਦਾ ਸਥਾਈ ਹੱਲ ਕੱਢਿਆ ਜਾਂਦਾ ਪਰ ਪ੍ਰਬੰਧਕਾਂ ਵੱਲੋਂ ਬਰਸਾਤੀ ਨਾਲਿਆਂ ਵਿੱਚ ਕੈਮੀਕਲ ਭਰਿਆ ਪਾਣੀ ਛੱਡਿਆ ਜਾ ਰਿਹਾ ਜੋ ਸਰਸਾ ਨਦੀ ਵਿੱਚੋਂ ਹੁੰਦਾ ਹੋਇਆ ਸਤਲੁਜ ਦਰਿਆ ਵਿੱਚ ਮਿਲ ਰਿਹਾ ਹੈ ਜਿਸ ਨਾਲ ਪੰਜਾਬ ਦੇ ਲਗਭਗ 100 ਕਿਲੋਮੀਟਰ ਦੇ ਇਲਾਕੇ ਦੂਸ਼ਿਤ ਹੋ ਰਹੇ ਹਨ। ਸਥਾਨਕ ਲੋਕਾਂ ਨੂੰ ਵੀ ਕੈਂਸਰ ਚਮੜੀ ਦੇ ਰੋਗ ਸਮੇਤ ਭਿਅੰਕਰ ਬਿਮਾਰੀਆਂ ਲੱਗ ਰਹੀਆਂ ਹਨ ਅਤੇ ਧਰਨੇ ਵਿੱਚ ਮੌਜੂਦ ਸਥਾਨਕ ਲੋਕਾਂ ਵੱਲੋਂ ਮਰੀਜ਼ਾਂ ਨੂੰ ਬੁਲਾ ਕੇ ਉਹਨਾਂ ਦੇ ਦੁੱਖ ਦੱਸੇ ਗਏ। ਇਸ ਪਲਾਟ ਅੰਦਰ ਸਾਢੇ ਚਾਰ ਲੱਖ ਮੀਟਰਿਕ ਟਨ ਕਚਰੇ ਦਾ ਢੇਰ ਲੱਗਿਆ ਹੋਇਆ ਹੈ ਜਿਸ ਨਾਲ ਮੱਖੀ ਮੱਛਰ ਅਤੇ ਜ਼ਹਰੀਲੇ ਕੀੜੇ ਪਣਪ ਰਹੇ ਹਨ। ਇਸ ਨਾਲ ਵਾਤਾਵਰਨ ਫਸਲਾਂ ਜਵਾਨੀ ਅਤੇ ਪਾਣੀ ਵਿਚਲੇ ਜੀਵਾਂ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਇਸ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਖੁਸ਼ਵਿੰਦਰ ਸਿੰਘ ਕਾਕਾ ਜੰਡਪੁਰ, ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਨਿਹੰਗ ਜਥੇਬੰਦੀਆਂ ਤੋਂ ਮਹਾਕਾਲ ਅੱਛਰ ਸਿੰਘ, ਐਡਵੋਕੇਟ ਦਿਨੇਸ਼ ਮੋਗਾ, ਪੱਤਰਕਾਰ ਭਗਵੰਤ ਸਿੰਘ ਮਟੌਰ ਨੇ ਪਹੁੰਚ ਕੇ ਸਥਾਨਕ ਲੋਕਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਅਤੇ ਇਹ ਲੜਾਈ ਕਾਨੂੰਨੀ ਤੌਰ ਤੇ ਲੜਨ ਲਈ ਐਡਵੋਕੇਟ ਦਿਨੇਸ਼ ਮੋਗਾ ਨੂੰ ਨਿਯੁਕਤ ਕੀਤਾ ਗਿਆ। ਧਰਨੇ ਤੇ ਬੈਠੇ ਸਥਾਨਕ ਲੋਕਾਂ ਦੀ ਹਿਮਾਇਤ ਲਈ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸਥਾਨਕ ਲੋਕਾਂ ਨੂੰ ਇਸ ਲੜਾਈ ਵਿੱਚ ਲੜਨ ਲਈ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਚੱਡਾ ਨੇ ਦੱਸਿਆ ਕਿ ਪਿਛਲੇ ਕੱਲ ਹੀ ਉਹਨਾਂ ਦੀ ਟੀਮ ਵੱਲੋਂ ਬੱਦੀ ਦੇ ਨਜ਼ਦੀਕੀ ਬਲਦ ਨਦੀ ਅਤੇ ਮਾਨਪੁਰ ਦੇ ਨਜ਼ਦੀਕੀ ਖੱਡ ਦਾ ਦੌਰਾ ਕੀਤਾ ਜਿੱਥੇ ਪਾਇਆ ਗਿਆ ਕਿ ਫੈਕਟਰੀਆਂ ਵੱਲੋਂ ਕੈਮੀਕਲ ਯੁਕਤ ਸਟੋਰ ਸਰਸਾ ਨਦੀ ਦੇ ਵਿਚਕਾਰ ਬਣਾਏ ਹੋਏ ਹਨ ਅਤੇ ਇਸ ਸਬੰਧੀ ਡੀਸੀ ਕਾਲਕਾ ਅਤੇ ਡੀਸੀ ਪੰਚਕੁਲਾ ਨਾਲ ਇਹ ਡੰਪ ਬੰਦ ਕਰਵਾਉਣ ਸਬੰਧੀ ਗੱਲਬਾਤ ਹੋਈ ਅਤੇ ਇੱਕ ਦੋ ਦਿਨਾਂ ਵਿੱਚ ਇਹ ਡੰਪ ਬੰਦ ਕੀਤੇ ਜਾਣਗੇ। ਸਥਾਨਕ ਧਰਨਾਕਾਰੀਆਂ ਨੂੰ ਵੀ ਉਹਨਾਂ ਭਰੋਸਾ ਦਿੱਤਾ ਹੈ ਕਿ ਉਹ ਹਰ ਲੜਾਈ ਵਿੱਚ ਉਹਨਾਂ ਦੇ ਨਾਲ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਪ੍ਰਸ਼ਾਸਨ ਅਤੇ ਸਥਾਨਕ ਸਰਕਾਰਾਂ ਵੱਲੋਂ ਗੋਲਮੋਲ ਗੱਲਾਂ ਨਾਲ ਟਾਲਿਆ ਜਾ ਰਿਹਾ ਹੈ ਪਰ ਪੁਖਤਾ ਹੱਲ ਨਹੀਂ ਕੱਢਿਆ ਜਾ ਰਿਹਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੈਮੀਕਲ ਯੁਕਤ ਪਾਣੀ ਖੱਡਾਂ ਅਤੇ ਧਰਤੀ ਵਿੱਚ ਛੱਡਿਆ ਜਾ ਰਿਹਾ ਹੈ ਜਿਸ ਨਾਲ ਇਲਾਕੇ ਵਿੱਚ ਪੀਣ ਵਾਲਾ ਪਾਣੀ ਵੀ ਦੂਸ਼ਿਤ ਹੋ ਚੁੱਕਾ ਹੈ ਫਸਲਾਂ ਨੂੰ ਲਗਾਉਣ ਵਾਲੇ ਪਾਣੀ ਵਿੱਚ ਕੈਮੀਕਲ ਖਤਰਨਾਕ ਮਾਤਰਾ ਵਿੱਚ ਪਾਏ ਗਏ ਹਨ ਜਿਸ ਨਾਲ ਸਥਾਨਕ ਨਿਵਾਸੀ ਭਿਆਨਕ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ ਉਹਨਾਂ ਦੱਸਿਆ ਕਿ ਪਿੰਡ ਵਿੱਚ ਕਈ ਲੋਕ ਚਮੜੀ ਕੈਂਸਰ ਦੀਆਂ ਬਿਮਾਰੀਆਂ ਸਮੇਤ ਇੱਕ ਵਿਅਕਤੀ ਦੇ ਕੀੜੇ ਵੀ ਪਏ ਹੋਏ ਹਨ। ਧਰਨਾਕਾਰੀਆਂ ਵੱਲੋਂ ਪਲਾਂਟ ਦੇ ਗੇਟ ਤੱਕ ਨਾਅਰਬਾਜ਼ੀ ਕੀਤੀ ਗਈ ਅਤੇ ਸਥਾਨਕ ਸਰਕਾਰ ਨੂੰ ਤੁਰੰਤ ਦਖਲ ਦੇ ਕੇ ਇਹ ਡੰਪ ਬੰਦ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਗੌਰਵ ਰਾਣਾ, ਭਗਵੰਤ ਸਿੰਘ ਮਟੌਰ, ਮਹਾਕਾਲ ਅੱਛਰ ਸਿੰਘ, ਐਡਵੋਕੇਟ ਦਿਨੇਸ਼ ਮੋਗਾ, ਖੁਸ਼ਵਿੰਦਰ ਸਿੰਘ ਕਾਕਾ ਬ੍ਰਿਜ ਲਾਲ ਨੱਡਾ ਸਮੇਤ ਸਥਾਨਕ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ।